ਭਵਾਨੀਗੜ੍ਹ ਪੁਲੀਸ ਵੱਲੋਂ ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ 3 ਕਾਬੂ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 24 ਦਸੰਬਰ
ਸਥਾਨਕ ਪੁਲੀਸ ਨੇ ਮੋਟਰਸਾਈਕਲ ਚੋਰੀ ਕਰਕੇ ਮੋਬਾਈਲ ਫੋਨ ਖੋਹਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਚੋਰੀ ਦੇ 5 ਮੋਟਰਸਾਈਕਲਾਂ ਤੇ 3 ਮੋਬਾਈਲਾਂ ਸਮੇਤ ਕਾਬੂ ਕੀਤਾ ਹੈ। ਸਹਾਇਕ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੂੰ ਗਸ਼ਤ ਦੌਰਾਨ ਜਾਣਕਾਰੀ ਮਿਲੀ ਸੀ ਕਿ ਗੁਰਦੀਪ ਸਿੰਘ ਉਰਫ ਬਿੱਟੂ, ਪ੍ਰਦੀਪ ਸਿੰਘ ਉਰਫ ਵਿੱਕੀ ਅਤੇ ਪਰਮਿੰਦਰ ਸਿੰਘ ਉਰਫ ਪਿੰਕਾ (ਸਾਰੇ ਵਾਸੀ ਭਵਾਨੀਗੜ੍ਹ) ਜੋ ਕਥਿਤ ਮੋਟਰਸਾਈਕਲ ਚੋਰੀ ਕਰਨ ਅਤੇ ਰਾਹਗੀਰਾਂ ਤੋਂ ਮੋਬਾਈਲ ਖੋਹਣ ਦੇ ਆਦੀ ਹਨ, ਚੋਰੀ ਦੇ ਮੋਟਰਸਾਈਕਲ ਰਾਹੀਂ ਲੁੱਟੇ ਹੋਏ ਮੋਬਾਈਲ ਸਮੇਤ ਭਵਾਨੀਗੜ੍ਹ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਆਲੋਅਰਖ ਰੋਡ ਉਪਰ ਸੂਏ ਦੇ ਪੁਲ ਉਪਰ ਨਾਕਾਬੰਦੀ ਕਰਕੇ ਜਦੋਂ ਵਾਹਨਾਂ ਦੀ ਚੈਕਿੰਗ ਕੀਤੀ ਤਾਂ ਇਹ ਤਿੰਨੋਂ ਚੋਰੀ ਦੇ ਇਕ ਮੋਟਰਸਾਈਕਲ ਤੇ ਲੁੱਟ-ਖੋਹ ਕੀਤੇ ਤਿੰਨ ਮੋਬਾਈਲਾਂ ਸਮੇਤ ਕਾਬੂ ਆ ਗਏ। ਮੁਲਜ਼ਮਾਂ ਤੋਂ ਪੁੱਛ-ਗਿੱਛ ਦੌਰਾਨ ਇਨ੍ਹਾਂ ਦੀ ਨਿਸ਼ਾਨਦੇਹੀ ਉਪਰ ਪੁਲੀਸ ਨੇ ਚੋਰੀ ਕੀਤੇ ਚਾਰ ਹੋਰ ਮੋਟਰਸਾਈਕਲ ਬਰਾਮਦ ਕੀਤੇ ਹਨ।