ਭਵਾਨੀਗੜ੍ਹ: ਸਰਹਿੰਦ ਚੋਏ ਦੇ ਪਾਣੀ ਕਾਰਨ ਅੱਧੀ ਦਰਜਨ ਪਿੰਡਾਂ ਦਾ ਸੈਂਕੜੇ ਏਕੜ ਝੋਨਾ ਡੁੱਬਿਆ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 13 ਜੁਲਾਈ
ਸਬ ਡਵੀਜ਼ਨ ਭਵਾਨੀਗੜ੍ਹ ਦੇ ਪਿੰਡਾਂ ਵਿੱਚੋਂ ਲੰਘਦੇ ਸਰਹਿੰਦ ਚੋਏ ਵਿੱਚ ਬੀਤੀ ਰਾਤ ਬਹੁਤ ਜ਼ਿਆਦਾ ਪਾਣੀ ਵਧਣ ਕਾਰਨ ਅੱਧੀ ਦਰਜਨ ਪਿੰਡਾਂ ਦਾ ਸੈਂਕੜੇ ਏਕੜ ਝੋਨਾ ਡੁੱਬ ਗਿਆ। ਪਾਣੀ ਦੀ ਲਪੇਟ ਵਿੱਚ ਆਏ ਪਿੰਡ ਮਹਿਸਮਪੁਰ, ਨੰਦਗੜ੍ਹ, ਰਸੂਲਪੁਰ ਛੰਨਾਂ, ਦਿੱਤੂਪੁਰ, ਗਹਿਲਾਂ, ਖੇੜੀ ਚੰਦਵਾਂ ਦੇ ਕਿਸਾਨ ਨਿਹਾਲ ਸਿੰਘ, ਜਸਵੀਰ ਸਿੰਘ ਨੰਬਰਦਾਰ, ਸਰਦਾਰਾ ਖਾਂ, ਬਲਵਿੰਦਰ ਸਿੰਘ, ਮਨਜੀਤ ਸਿੰਘ, ਗੁਰਜੰਟ ਸਿੰਘ, ਜੋਰਾ ਸਿੰਘ, ਮੱਖਣ ਸਿੰਘ, ਗੁਰਚਰਨ ਸਿੰਘ ਅਤੇ ਹਰਮਿੰਦਰ ਸਿੰਘ ਮਹਿਸਮਪੁਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਅਗਾਊਂਂ ਸੁਚੇਤ ਕੀਤਾ ਸੀ ਕਿ ਸਰਹਿੰਦ ਚੋਅ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਪਿੰਡ ਮਹਿਸਮਪੁਰ ਦਾ 100 ਏਕੜ, ਪਿੰਡ ਨੰਦਗੜ੍ਹ ਦੇ 300 ਏਕੜ ਸਮੇਤ ਅੱਧੀ ਦਰਜਨ ਪਿੰਡਾਂ ਦਾ ਸੈਂਕੜੇ ਏਕੜ ਝੋਨਾ ਡੁੱਬ ਗਿਆ ਹੈ। ਇਸੇ ਤਰ੍ਹਾਂ ਪਿੰਡ ਘਰਾਚੋਂ ਦੇ ਕਿਸਾਨਾਂ ਦਾ ਝੋਨਾ ਵੀ ਸਰਹਿੰਦ ਚੋਅ ਦੇ ਪਾਣੀ ਦੀ ਲਪੇਟ ਵਿੱਚ ਆ ਗਿਆ ਹੈ। ਇਸੇ ਦੌਰਾਨ ਅੱਜ ਸ੍ਰੀ ਮੰਗੂ ਰਾਮ ਤਹਿਸੀਲਦਾਰ ਭਵਾਨੀਗੜ੍ਹ ਵੱਲੋਂ ਆਪਣੀ ਮਾਲ ਵਿਭਾਗ ਦੇ ਮੁਲਾਜ਼ਮਾਂ ਸਮੇਤ ਪ੍ਰਭਾਵਤ ਪਿੰਡਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਪੀੜਤ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਫਸਲਾਂ ਦੇ ਨੁਕਸਾਨ ਦੀ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ।