ਭਵਾਨੀਗੜ੍ਹ: ਗੱਲਾ ਮਜ਼ਦੂਰ ਯੂਨੀਅਨ ਨੇ ਪੰਜਾਬ ਸਰਕਾਰ ਖ਼ਿਲਾਫ਼ ਹੜਤਾਲ ਦੌਰਾਨ ਨਾਅਰੇਬਾਜ਼ੀ ਕੀਤੀ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 7 ਅਕਤੂਬਰ
ਅੱਜ ਇੱਥੇ ਅਨਾਜ ਮੰਡੀ ਵਿਖੇ ਗੱਲਾ ਮਜ਼ਦੂਰ ਯੂਨੀਅਨ ਬਲਾਕ ਭਵਾਨੀਗੜ੍ਹ ਵੱਲੋਂ ਸੂਬਾ ਪੱਧਰੀ ਸੱਦੇ ’ਤੇ ਹੜਤਾਲ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਕਰਨੈਲ ਸਿੰਘ, ਜਨਰਲ ਸਕੱਤਰ ਰਣਜੀਤ ਸਿੰਘ ਅਤੇ ਸਕੱਤਰ ਰਣਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ 2023 ਵਿੱਚ ਗੱਲਾ ਮਜ਼ਦੂਰਾਂ ਦੀ ਮਜ਼ਦੂਰੀ ਵਿਚ 25 ਫੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ 5 ਅਕਤੂਬਰ ਤੱਕ ਮਜ਼ਦੂਰੀ ਵਧਾਉਣ ਦਾ ਸਮਾਂ ਲਿਆ ਸੀ ਪਰ ਮਜ਼ਦੂਰੀ ਵਿਚ ਵਾਧਾ ਨਹੀਂ ਕੀਤਾ ਗਿਆ। ਇਸ ਦੇ ਰੋਸ ਵਜੋਂ ਅੱਜ ਪੰਜਾਬ ਭਰ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸੁਖਬੀਰ ਸਿੰਘ, ਕਰਮਜੀਤ ਸਿੰਘ, ਮੱਖਣ ਸਿੰਘ, ਜਗਦੀਸ਼ ਸਿੰਘ, ਸੁਖਚੈਨ ਕੌਰ, ਅਮਨ ਕੌਰ ਅਤੇ ਗੁਰਦੇਵ ਕੌਰ ਸਮੇਤ ਵੱਡੀ ਗਿਣਤੀ ਵਿੱਚ ਮਜ਼ਦੂਰ ਹਾਜ਼ਰ ਸਨ।