ਭਵਾਨੀਗੜ੍ਹ: ਭਾਕਿਯੂ ਧਨੇਰ ਨੇ ਕੇਂਦਰ ਤੇ ਪੰਜਾਬ ਸਰਕਾਰਾਂ ਦੇ ਪੁਤਲੇ ਫੂਕੇ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 13 ਮਈ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਵੱਲੋਂ ਅੱਜ ਇਥੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ।
ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਰਣਧੀਰ ਸਿੰਘ ਭੱਟੀਵਾਲ, ਜਨਰਲ ਸਕੱਤਰ ਜਵਾਲਾ ਸਿੰਘ ਘਨੌੜ੍ਹ, ਸੁਖਦੇਵ ਸਿੰਘ, ਅੰਗਰੇਜ਼ ਸਿੰਘ, ਮਹਿੰਦਰ ਸਿੰਘ ਮਾਝੀ, ਕਰਮਜੀਤ ਸਿੰਘ ਬਾਲਦ, ਜੋਗਾ ਸਿੰਘ ਅਤੇ ਭਰਪੂਰ ਸਿੰਘ ਮਾਝੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਹਿਲਾਂ ਦਿੱਲੀ ਕਿਸਾਨ ਮੋਰਚੇ ਦੌਰਾਨ 900 ਕਿਸਾਨ ਸ਼ਹੀਦ ਕੀਤਾ ਗਿਆ ਅਤੇ ਹੁਣ ਖਨੌਰੀ ਬਾਰਡਰ ’ਤੇ ਨੌਜਵਾਨ ਕਿਸਾਨ ਸੁਭਕਰਮ ਸਿੰਘ ਨੂੰ ਸ਼ਹੀਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਨੀਆਂ ਕੁਰਬਾਨੀਆਂ ਤੋਂ ਬਾਅਦ ਮੋਦੀ ਸਰਕਾਰ ਮੰਗਾਂ ਨੂੰ ਮੰਨ ਕੇ ਵੀ ਲਾਗੂ ਕਰਨ ਤੋਂ ਭੱਜ ਗਈ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਹੁਣ ਜਦੋਂ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਆਏ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੁਲੀਸ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।