ਭਵਾਨੀਗੜ੍ਹ: ਫੌਜੀ ਹੈਲੀਕਾਪਟਰ ਉਤਾਰਨ ਸਮੇਂ ਸਮੋਕਿੰਗ ਲਾਇਟ ਕਾਰਨ ਅੱਗ ਕਾਰਨ 32 ਵਿੱਘੇ ਕਣਕ ਦਾ ਨਾੜ ਸੜਿਆ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 1 ਮਈ
ਇਥੋਂ ਨੇੜਲੇ ਪਿੰਡ ਨਕਟੇ ਵਿਖੇ ਬੀਤੀ ਸ਼ਾਮ ਖੇਤਾਂ ਨੇੜੇ ਚੱਲ ਰਹੀ ਫੌਜ ਦੀ ਟ੍ਰੇਨਿੰਗ ਦੌਰਾਨ ਹੈਲੀਕਾਪਟਰ ਉਤਾਰਨ ਸਮੇਂ ਕਣਕ ਦੇ ਨਾੜ ਨੂੰ ਅੱਗ ਲੱਗ ਗਈ। ਅੱਗ ਦੀ ਇਸ ਘਟਨਾ ਵਿੱਚ 2 ਕਿਸਾਨਾਂ ਦਾ ਕਰੀਬ 32 ਵਿੱਘੇ ਨਾੜ ਸੜ ਗਿਆ। ਪਿੰਡ ਦੇ ਪੰਚ ਬਲਵਿੰਦਰ ਸਿੰਘ ਅਤੇ ਸੇਵਾਮੁਕਤ ਪੁਲੀਸ ਅਧਿਕਾਰੀ ਗੁਲਜ਼ਾਰ ਸਿੰਘ ਨਕਟੇ ਨੇ ਦੱਸਿਆ ਕਿ ਕਈ ਦਿਨਾਂ ਤੋਂ ਉਨ੍ਹਾਂ ਦੇ ਪਿੰਡ ਦੇ ਖੇਤਾਂ ਵਿੱਚ ਹਰ ਸਾਲ ਵਾਂਗ ਫੌਜੀਆਂ ਦਾ ਟ੍ਰੇਨਿੰਗ ਕੈਂਪ ਚੱਲ ਰਿਹਾ ਹੈ। ਟ੍ਰੇਨਿੰਗ ਦੌਰਾਨ ਬੀਤੀ ਸ਼ਾਮ ਖੇਤਾਂ ਵਿੱਚ ਹੈਲੀਕਾਪਟਰ ਉਤਾਰਿਆ ਜਾ ਰਿਹਾ ਸੀ ਤਾਂ ਖੇਤਾਂ ਵਿੱਚ ਖੜੇ ਫੌਜੀ ਜਵਾਨਾਂ ਵੱਲੋਂ ਹੈਲੀਕਾਪਟਰ ਨੂੰ ਉਤਾਰਨ ਲਈ ਲਈ ਸਮੋਕਿੰਗ ਲਾਈਟ ਜਲਾ ਕੇ ਉਤਰਨ ਵਾਲੀ ਥਾਂ ਦਾ ਇਸ਼ਾਰਾ ਕੀਤਾ। ਇਸ ਦੌਰਾਨ ਤੇਜ਼ ਹਵਾ ਕਾਰਨ ਲਾਈਟ 'ਚੋਂ ਨਿਕਲੇ ਚੰਗਿਆੜਿਆਂ ਕਾਰਨ ਖੇਤਾਂ ਵਿਚ ਕਣਕ ਦੇ ਨਾੜ ਨੂੰ ਅੱਗ ਲੱਗ ਗਈ। ਚੜ੍ਹ ਗਈ। ਅੱਗ ਨੂੰ ਦੇਖਦਿਆਂ ਪਾਇਲਟ ਨੇ ਫੁਰਤੀ ਨਾਲ ਹੈਲੀਕਾਪਟਰ ਨੂੰ ਹੇਠਾਂ ਉਤਾਰਨ ਦੀ ਬਜਾਏ ਮੁੜ ਹਵਾ ਵਿੱਚ ਉਡਾ ਦਿੱਤਾ। ਅੱਗ ਬੁਝਾਉਣ ਲਈ ਪਿੰਡ ਦੇ ਲੋਕਾਂ ਨੇ ਆਪਣੇ ਤੌਰ 'ਤੇ ਯਤਨ ਕਰਨੇ ਸ਼ੁਰੂ ਕੀਤੇ। ਇਸੇ ਦੌਰਾਨ ਮੌਕੇ ਤੇ ਪਹੁੰਚ ਕੇ ਅੱਗ ਬੁਝਾਊ ਗੱਡੀ ਨੇ ਅੱਗ 'ਤੇ ਕਾਬੂ ਪਾਇਆ। ਇਸ ਘਟਨਾ ਦੌਰਾਨ ਕਿਸਾਨ ਦਰਸ਼ਨ ਸਿੰਘ ਦਾ 22 ਵਿੱਘੇ ਤੇ ਹਜ਼ਾਰਾ ਸਿੰਘ ਦਾ 10 ਵਿੱਘੇ ਨਾੜ ਸੜ ਕੇ ਸੁਆਹ ਹੋ ਗਿਆ। ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਸਲਾਹਕਾਰ ਵਿਕਰਮ ਸਿੰਘ ਨਕਟੇ ਨੇ ਦੱਸਿਆ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਨੁਕਸਾਨ ਸਬੰਧੀ ਰਿਪੋਰਟ ਬਣਾ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜ ਦਿੱਤੀ ਹੈ। ਭਵਾਨੀਗੜ੍ਹ ਦੇ ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਅੱਗ ’ਤੇ ਜਲਦੀ ਕਾਬੂ ਪਾਉਣ ਕਾਰਨ ਬਚਾਅ ਰਹਿ ਗਿਆ।