ਭਵਾਨੀਗੜ੍ਹ: ਭਾਕਿਯੂ ਉਗਰਾਹਾਂ ਨੇ ਪਾਵਰਕੌਮ ਦੇ ਐੱਸਡੀਓ ਅਤੇ ਜੇਈ ਨੂੰ ਘੇਰਿਆ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 24 ਅਪਰੈਲ
ਇੱਥੋਂ ਨੇੜਲੇ ਪਿੰਡ ਗਹਿਲਾਂ ਵਿਖੇ ਕਿਸਾਨ ਦੀ ਮੋਟਰ ਦੇ ਟਰਾਂਸਫਰ ਨੂੰ ਬਦਲਣ ਤੋਂ ਕਥਿਤ ਟਾਲਮਟੋਲ ਕਰਨ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਖੇਤ ਵਿੱਚ ਆਏ ਪਾਵਰਕੌਮ ਦੇ ਐੱਸਡੀਓ ਅਤੇ ਜੇਈ ਦਾ ਘਿਰਾਓ ਕੀਤਾ ਗਿਆ।
ਇਸ ਮੌਕੇ ਯੂਨੀਅਨ ਦੇ ਪ੍ਰੈਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ, ਕਰਮ ਚੰਦ ਪੰਨਵਾਂ, ਗੁਰਦੇਵ ਸਿੰਘ ਆਲੋਅਰਖ, ਰਛਪਾਲ ਸਿੰਘ, ਤਰਲੋਕ ਸਿੰਘ, ਮੇਜਰ ਸਿੰਘ, ਸੁਖਦੇਵ ਸਿੰਘ ਅਤੇ ਗੁਰਜੰਟ ਸਿੰਘ ਨੇ ਕਿਹਾ ਕਿ ਪਿੰਡ ਗਹਿਲਾਂ ਦੇ ਕਿਸਾਨ ਜਸਵਿੰਦਰ ਸਿੰਘ ਨੇ ਖੇਤ ਵਾਲੀ ਮੋਟਰ ਦਾ ਪੁਰਾਣਾ ਬੋਰ ਖੜ੍ਹਣ ਕਾਰਨ ਨਵਾਂ ਬੋਰ ਲਗਵਾਇਆ ਹੈ। ਕਿਸਾਨ ਨੇ ਪਾਵਰਕੌਮ ਭਵਾਨੀਗੜ੍ਹ ਦੇ ਦਫ਼ਤਰ ਵਿਖੇ 6 ਮਹੀਨੇ ਪਹਿਲਾਂ ਮੋਟਰ ਦਾ ਟਰਾਂਸਫਰ ਤੇ ਲਾਈਨ ਨੂੰ ਬਦਲ ਕੇ ਨਵੇਂ ਬੋਰ ’ਤੇ ਲਗਾਉਣ ਲਈ ਦਰਖ਼ਾਸਤ ਦਿੱਤੀ ਗਈ ਸੀ ਪਰ ਪਾਵਰਕੌਮ ਦੇ ਅਧਿਕਾਰੀ ਕਿਸਾਨ ਨੂੰ ਟਰਾਂਸਫਰ ਸ਼ਿਫਟ ਕਰਨ ਦੇ ਪੈਸੇ ਭਰਨ ਲਈ ਕਥਿਤ ਤੌਰ ’ਤੇ ਮਜਬੂਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਖੇਤ ਵਿੱਚ ਮੌਕਾ ਦੇਖਣ ਆਏ ਐੱਸਡੀਓ ਅਤੇ ਜੇਈ ਵੱਲੋਂ ਕਿਸਾਨ ਨੂੰ ਖਰਚਾ ਭਰਨ ਲਈ ਕਿਹਾ ਗਿਆ ਤਾਂ ਪ੍ਰੇਸ਼ਾਨ ਹੋਏ ਕਿਸਾਨਾਂ ਵੱਲੋਂ ਅਧਿਕਾਰੀਆਂ ਦਾ ਘਿਰਾਓ ਕੀਤਾ ਗਿਆ ਹੈ। ਇਸ ਮੌਕੇ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਅਖੀਰ ਵਿਚ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਟਰਾਂਸਫਰਮਰ ਬਦਲਣ ਕਰਨ ਲਈ ਦੋ ਦਿਨ ਦੀ ਮੋਹਲਤ ਲੈਣ ਬਾਅਦ ਘਿਰਾਓ ਸਮਾਪਤ ਕੀਤਾ ਗਿਆ।
ਐੱਸਡੀਓ ਮਹਿੰਦਰ ਸਿੰਘ ਨੇ ਦੱਸਿਆ ਕਿ ਮਹਿਕਮੇ ਦੇ ਨਿਯਮ ਅਨੁਸਾਰ ਟਰਾਂਸਫਾਰਮਰ ਜਾਂ ਲਾਈਨ ਨੂੰ ਬਦਲਣ ਲਈ ਖ਼ਰਚਾ ਭਰਨਾ ਪੈਂਦਾ ਹੈ।