ਗਾਂਧੀ ਪਰਿਵਾਰ ਨੂੰ ਚੁਣੌਤੀ ਦੇਣ ਵਾਲਿਆਂ ’ਚ ਭੱਠਲ ਵੀ ਸ਼ਾਮਲ
ਪਾਲ ਸਿੰਘ ਨੌਲੀ
ਜਲੰਧਰ, 23 ਅਗਸਤ
ਕਾਂਗਰਸ ਵਿੱਚ ਕੌਮੀ ਪੱਧਰ ’ਤੇ ਪਾਰਟੀ ਲੀਡਰਸ਼ਿਪ ਨੂੰ ਇੱਕ ਪੱਤਰ ਰਾਹੀਂ ਜਿਹੜੀ ਚੁਣੌਤੀ ਦਿੱਤੀ ਗਈ ਹੈ, ਉਸ ਵਿੱਚ ਪੰਜਾਬ ਤੋਂ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਵੀ ਦਸਤਖ਼ਤ ਹਨ।
ਬੀਬੀ ਰਜਿੰਦਰ ਕੌਰ ਭੱਠਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਗਾਂਧੀ ਪਰਿਵਾਰ ਨੂੰ ਕੋਈ ਚੁਣੌਤੀ ਨਹੀਂ ਦਿੱਤੀ ਗਈ ਸਗੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੁਝਾਅ ਦਿੱਤੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਚਿੱਠੀ ਗਾਂਧੀ ਪਰਿਵਾਰ ਨੂੰ ਕੋਈ ਚੁਣੌਤੀ ਨਹੀਂ ਹੈ। ਸੋਮਵਾਰ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਹੋਣੀ ਹੈ, ਉਸ ਵਿੱਚ ਇਹ ਚਿੱਠੀ ਦੇ ਰੂਪ ਵਿੱਚ ਸੁਝਾਅ ਦਿੱਤੇ ਹਨ। ਉਮੀਦ ਹੈ ਕਿ ਮੀਟਿੰਗ ਵਿੱਚ ਇਹ ਸੁਝਾਅ ਵਿਚਾਰ ਲਏ ਜਾਣਗੇ। ਬੀਬੀ ਭੱਠਲ ਨੇ ਕਿਹਾ ਕਿ ਉਹ ਗਾਂਧੀ ਪਰਿਵਾਰ ਤੋਂ ਪਾਸੇ ਨਹੀਂ ਹਨ, ਸਗੋਂ ਸ੍ਰੀਮਤੀ ਸੋਨੀਆ ਗਾਂਧੀ ਨੇ ਤਾਂ ਬਿਮਾਰ ਹੋਣ ਦੇ ਬਾਵਜੂਦ ਬਹੁਤ ਵਧੀਆ ਕੰਮ ਕੀਤਾ ਹੈ ਪਰ ਇਸ ਸਮੇਂ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਹਾਈ ਕਮਾਂਡ ਵਿਰੁੱਧ ਪੱਤਰ ਲਿਖਣ ਵਾਲਿਆਂ ਨੂੰ ਦਿੱਤੇ ਤਿੱਖੇ ਜਵਾਬ ਬਾਰੇ ਪੁੱਛੇ ਜਾਣ ’ਤੇ ਬੀਬੀ ਭੱਠਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਬੀਬੀ ਭੱਠਲ ਨੇ ਕਿਹਾ ਕਿ ਉਨ੍ਹਾਂ ਕੋਈ ਮੰਗ ਨਹੀਂ ਕੀਤੀ ਮਹਿਜ਼ ਕੁਝ ਸੁਝਾਅ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦਾ ਮਾਮਲਾ ਹੈ ਇਸ ਲਈ ਇਸ ਨੂੰ ਪਾਰਟੀ ਦੇ ਅੰਦਰ ਹੀ ਵਿਚਾਰਿਆ ਜਾਣਾ ਹੈ।