ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਟੌਲ ਪਲਾਜ਼ਿਆਂ ’ਤੇ ਦਿਨ ਰਾਤ ਦੇ ਧਰਨੇ ਮੁਅੱਤਲ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 22 ਫਰਵਰੀ
ਸਥਾਨਕ ਨਿਜਰਪੁਰਾ ਟੌਲ ਪਲਾਜ਼ਾ ਵਿਖੇ ਧਰਨਾ ਦੇ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨ ਆਗੂ ਡਾਕਟਰ ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕੱਲ੍ਹ 13 ਜ਼ਿਲ੍ਹਿਆਂ ਦੇ 22 ਟੌਲ ਪਲਾਜ਼ਿਆਂ ’ਤੇ ਦਿਨ ਰਾਤ ਦੇ ਧਰਨਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਵਿਰੁੱਧ ਕਤਲ ਦਾ ਮਾਮਲਾ ਦਰਜ ਕਰੇ। ਕਿਸਾਨ ਆਗੂ ਪੰਡੋਰੀ ਨੇ ਕਿਹਾ ਯੂਨਾਈਟਿਡ ਫਰੰਟ ਦੇ ਫੈਸਲੇ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਖੱਟਰ ਅਤੇ ਉਨ੍ਹਾਂ ਦੇ ਡੀਜੀਪੀ, ਜੋ ਗੋਲੀਬਾਰੀ ਲਈ ਜ਼ਿੰਮੇਵਾਰ ਹਨ, ਦੇ ਵੱਡੇ ਵੱਡੇ ਪੁਤਲੇ ਬਣਾ ਕੇ ਫੂਕੇ ਜਾਣਗੇ। ਉਨ੍ਹਾਂ ਅੱਗੇ ਕਿਹਾ 26 ਫਰਵਰੀ ਨੂੰ ਨੇੜਲੇ ਮੁੱਖ ਰਾਜ ਮਾਰਗਾਂ 'ਤੇ ਕਈ ਮੀਲ ਤੱਕ ਟ੍ਰੈਕਟਰ ਖੜ੍ਹੇ ਕੀਤੇ ਜਾਣਗੇ ਅਤੇ ਡਬਲਿਊਟੀਓ ਦੇ ਪੁਤਲੇ ਢੁਕਵੀਂਆਂ ਥਾਵਾਂ 'ਤੇ ਸਾੜੇ ਜਾਣਗੇ ਅਤੇ 14 ਮਾਰਚ ਨੂੰ ਸਵੇਰੇ 11 ਵਜੇ ਦੇਸ਼ ਭਰ ਤੋਂ ਕਿਸਾਨਾਂ ਦੇ ਵੱਡੇ ਸਮੂਹ ਪੈਦਲ ਦਿੱਲੀ ਦੇ ਰਾਮਲੀਲਾ ਮੈਦਾਨ ਪਹੁੰਚਣਗੇ। ਉਨ੍ਹਾਂ ਦੱਸਿਆ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤਿੰਨ ਟੌਲ ਪਲਾਜ਼ੇ ਢਾਹ ਦਿੱਤੇ ਗਏ ਹਨ ਅਤੇ ਅੱਜ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਧਰਨਾ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮੌਕੇ ਹੋਰ ਕਿਸਾਨ ਵੀ ਹਾਜ਼ਰ ਸਨ।