ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀ ਇਕਾਈ ਕਾਇਮ
ਜਗਰਾਉਂ: ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀ ਇਲਾਕੇ ’ਚ ਪਕੜ ਮਜ਼ਬੂਤ ਕਰਨ ਲਈ ਸਥਾਨਕ ਇਕਾਈ ਦਾ ਗਠਨ ਕੀਤਾ ਗਿਆ। ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਉਚੇਚੇ ਤੌਰ ’ਤੇ ਜਗਰਾਉਂ ਪਹੁੰਚੇ। ਇਸ ਮੌਕੇ ਹੋਈ ਇਕੱਤਰਤਾ ਦੌਰਾਨ ਰਮੇਸ਼ ਕੁਮਾਰ ਉਰਫ ਬੁੱਟਾ ਨੂੰ ਪ੍ਰਧਾਨ, ਸਾਹਿਲ ਮੱਟੂ ਨੂੰ ਮੀਤ ਪ੍ਰਧਾਨ, ਗੁਰਸੇਵਕ ਸਿੰਘ ਲੱਕੀ ਨੂੰ ਬਲਾਕ ਪ੍ਰਧਾਨ, ਗੌਰਵ ਕਪੂਰ ਜਨਰਲ ਸਕੱਤਰ ਤੇ ਮਨਜੀਤ ਸਿੰਘ ਨੂੰ ਸਕੱਤਰ ਚੁਣਿਆ ਗਿਆ। ਇਸ ਸਮੇਂ ਕਿਸਾਨਾਂ ਨੂੰ ਸੂਬਾ ਪ੍ਰਧਾਨ ਰਾਏ ਤੋਂ ਇਲਾਵਾ ਮੀਤ ਪ੍ਰਧਾਨ ਹਰਭਜਨ ਸਿੰਘ ਬਾਜਵਾ, ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਢੱਟ, ਤਜਿੰਦਰ ਬੱਗਾ, ਜਨਰਲ ਸਕੱਤਰ ਹਰਮਨਦੀਪ ਸਿੰਘ ਆਦਿ ਨੇ ਸੰਬੋਧਨ ਕੀਤਾ। ਇਨ੍ਹਾਂ ਆਗੂਆਂ ਨੇ ਆਪਣੀਆਂ ਮੰਗਾਂ ਲਈ ਕਿਸਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਕਿਸਾਨ ਏਕਤਾ ਨੂੰ ਸਮੇਂ ਦੀ ਅਣਸਰਦੀ ਲੋੜ ਦੱਸਦਿਆਂ ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨ ਭਾਵੇਂ ਦੇਸ਼ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਇਕ ਵਾਰ ਰੱਦ ਕਰਵਾ ਦਿੱਤੇ ਹਨ ਪਰ ਇਨ੍ਹਾਂ ਸਮੇਤ ਹੋਰ ਕਿਸਾਨ ਵਿਰੋਧੀ ਕਾਨੂੰਨ ਆ ਰਹੇ ਹਨ। ਇਨ੍ਹਾਂ ਹਾਲਾਤਾਂ ‘ਚ ਕਿਸਾਨਾਂ ਦਾ ਭਵਿੱਖ ਬਿਹਤਰ ਨਹੀਂ ਜਾਪਦਾ। -ਨਿੱਜੀ ਪੱਤਰ ਪ੍ਰੇਰਕ