ਇੰਦਰਜੀਤ ਰਾਓ ’ਤੇ ਭਾਰਤੀ ਜਨਤਾ ਪਾਰਟੀ ਹੋਈ ਦਿਆਲ
* ਲੜਕੀ ਲਈ ਅਟੇਲੀ ਤੇ ਕੋਸਲੀ ਸੀਟ ਰਾਖਵੀਂ ਰੱਖੀ
* ਟਿਕਟ ਨਾ ਮੰਗਣ ’ਤੇ ਵੀ ਚੋਣ ਕਮੇਟੀ ਨੂੰ ਤਰਜੀਹੀ ਹਲਕੇ ਬਾਰੇ ਜਾਣਕਾਰੀ ਦੇਣ ਲਈ ਕਿਹਾ
* ਦੂਜੇ ਪਾਸੇ ਰਾਓ ਦੇ ਸਮਰਥਕਾਂ ਨੂੰ ਕੀਤਾ ਨਜ਼ਰਅੰਦਾਜ਼
ਸੁਮੇਧਾ ਸ਼ਰਮਾ
ਗੁਰੂਗ੍ਰਾਮ, 26 ਅਗਸਤ
ਭਾਜਪਾ ਦੀ ਸੂਬਾ ਚੋਣ ਕਮੇਟੀ ਨੇ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਦੀ ਧੀ ਆਰਤੀ ਰਾਓ ਲਈ ਅਟੇਲੀ ਅਤੇ ਕੋਸਲੀ ਹਲਕੇ ਰਾਖਵੇਂ ਰੱਖੇ ਹਨ। ਚੋਣ ਕਮੇਟੀ ਨੇ ਉਸ ਨੂੰ ਛੇਤੀ ਤੋਂ ਛੇਤੀ ਕੇਂਦਰੀ ਚੋਣ ਕਮੇਟੀ ਨੂੰ ਆਪਣੀ ਤਰਜੀਹ ਦੇਣ ਲਈ ਕਿਹਾ ਹੈ। ਹਰਿਆਣਾ ਤੋਂ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਵਾਲੀ ਪਾਰਟੀ ਨੇ ਆਰਤੀ ਲਈ ਦੋ ਅਹੀਰ ਆਗੂਆਂ ਨੂੰ ਵੀ ਲਾਂਭੇ ਕਰ ਦਿੱਤਾ ਹੈ। ਹਾਲਾਂਕਿ ਪਾਰਟੀ ਨੇ ਰਾਓ ਨੂੰ ਆਪਣੀ ਧੀ ਲਈ ਸੀਟ ਬਾਰੇ ਫੈਸਲਾ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਇੱਕ ਆਜ਼ਾਦ ਆਗੂ ਹੈ। ਟਿਕਟ ਮੰਗਣੀ ਜਾਂ ਨਹੀਂ ਅਤੇ ਕਿੱਥੋਂ ਸਿਆਸੀ ਪਾਰੀ ਦੀ ਸ਼ੁਰੂਆਤ ਕਰਨੀ ਹੈ, ਇਹ ਪੂਰੀ ਤਰ੍ਹਾਂ ਉਸ ਦਾ ਫੈਸਲਾ ਹੈ। ਇਹ ਉਸ ਅਤੇ ਪਾਰਟੀ ਵਿਚਲਾ ਮਸਲਾ ਹੈ। ਸੂਤਰਾਂ ਦਾ ਦਾਅਵਾ ਹੈ ਕਿ ਗੁਰੂਗ੍ਰਾਮ ਵਿੱਚ ਦੋ ਦਿਨਾ ਚੋਣ ਕਮੇਟੀ ਮੀਟਿੰਗ ਵਿੱਚ ਸ਼ਾਮਲ ਹੋਏ ਰਾਓ ਨੇ ਆਪਣੀ ਧੀ ਲਈ ਕਦੇ ਵੀ ਟਿਕਟ ਨਹੀਂ ਮੰਗੀ।
ਜਾਣਕਾਰੀ ਅਨੁਸਾਰ ਇੰਦਰਜੀਤ ਰਾਓ ਦੀ ਧੀ ਆਰਤੀ ਉਸ ਵੇਲੇ 2014 ਤੋਂ ਰਾਜਨੀਤੀ ਵਿੱਚ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਰਾਓ ਨੇ ਕਾਂਗਰਸ ਨਾਲ ਦਹਾਕਿਆਂ ਪੁਰਾਣੇ ਸਬੰਧ ਤੋੜ ਲਏ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਆਰਤੀ ਨੂੰ 2014 ਅਤੇ 2019 ਵਿੱਚ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਦੱਸਣਾ ਬਣਦਾ ਹੈ ਕਿ ਰਾਓ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਦੱਖਣੀ ਹਰਿਆਣਾ ਖਾਸ ਕਰ ਕੇ ਅਹੀਰਵਾਲ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋ ਕੇ ਉੱਭਰਿਆ ਹੈ। ਇਸ ਕਰ ਕੇ ਪਾਰਟੀ ਉਨ੍ਹਾਂ ਨੂੰ ਖੁਸ਼ ਰੱਖਣ ਲਈ ਹਰ ਹੀਲਾ ਵਸੀਲਾ ਵਰਤਣਾ ਚਾਹੁੰਦੀ ਹੈ। ਮਨੋਹਰ ਲਾਲ ਖੱਟਰ ਨੂੰ ਮੋਦੀ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਅਤੇ ਰਾਓ ਨੂੰ ਕੇਂਦਰੀ ਰਾਜ ਮੰਤਰੀ ਵਜੋਂ ਬਰਕਰਾਰ ਰੱਖਣ ਤੋਂ ਬਾਅਦ ਵੀ ਉਨ੍ਹਾਂ ਨੂੰ ਖੁਸ਼ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਹ ਕਿਆਸ ਲੱਗ ਰਹੇ ਹਨ ਕਿ ਕਾਂਗਰਸ ਰਾਓ ਨੂੰ ਵਾਪਸੀ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਭਾਜਪਾ ਰਾਓ ਦੀ ਲੜਕੀ ਆਰਤੀ ਨੂੰ ਮੈਦਾਨ ਵਿਚ ਉਤਾਰਨ ’ਤੇ ਜ਼ੋਰ ਦੇ ਰਹੀ ਹੈ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਰਾਓ ਸਮਰਥਕਾਂ ਨੂੰ ਨਾਰਾਜ਼ ਕੀਤਾ
ਦੂਜੇ ਪਾਸੇ ਇੰਦਰਜੀਤ ਰਾਓ ਦੇ ਸਮਰਥਕਾਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ ਕਿਉਂਕਿ ਉਨ੍ਹਾਂ ਦੇ ਜ਼ਿਆਦਾਤਰ ਬੰਦਿਆਂ ਨੂੰ ਉਮੀਦਵਾਰਾਂ ਦੀ ਸ਼ੁਰੂਆਤੀ ਸੂਚੀ ਵਿਚ ਵੀ ਕੋਈ ਥਾਂ ਨਹੀਂ ਮਿਲੀ। ਰਾਓ ਦੇ ਸਮਰਥਕਾਂ ਨੂੰ ਅਹੀਰਵਾਲ, ਬਾਗੜ ਅਤੇ ਜੀਟੀ ਰੋਡ ਖੇਤਰਾਂ ਵਿੱਚ ਟਿਕਟਾਂ ਦੇਣ ਦੇ ਸ਼ੁਰੂਆਤੀ ਗੇੜ ਵਿਚੋਂ ਹੀ ਬਾਹਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਟਿਕਟ ਦੇ 50 ਦਾਅਵੇਦਾਰਾਂ ਨੇ ਰਾਓ ਨੂੰ ਸ਼ਿਕਾਇਤ ਕੀਤੀ ਹੈ ਕਿ ਕਿਵੇਂ ਜ਼ਿਲ੍ਹਾ ਪ੍ਰਧਾਨਾਂ ਨੂੰ ਉਮੀਦਵਾਰਾਂ ਦੀ ਸੂਚੀ ਸੌਂਪਣ ਦੀ ਜ਼ਿੰਮੇਵਾਰੀ ਦਿੱਤੀ ਗਈ ਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਨੇ ਇਸ ਮਾਮਲੇ ’ਤੇ ਰਾਓ ਨੂੰ ਦਖਲ ਦੇਣ ਦੀ ਅਪੀਲ ਕੀਤੀ।
ਕਾਂਗਰਸ ਹਰ ਕਿਸੇ ਨੂੰ ਮੌਕਾ ਦਿੰੰਦੀ ਪਰ ਭਾਜਪਾ ਦੀ ਟਿਕਟ ਲਈ ਜ਼ਿਲ੍ਹਾ ਪ੍ਰਧਾਨਾਂ ਦੀ ਹੀ ਚੱਲਦੀ: ਟਿਕਟ ਦਾਅਵੇਦਾਰ
ਭਾਜਪਾ ਵੱਲੋਂ ਫਰੀਦਾਬਾਦ ਤੋਂ ਟਿਕਟ ਲੈਣ ਦੇ ਇਕ ਦਾਅਵੇਦਾਰ ਨੇ ਕਿਹਾ ਕਿ ਕਾਂਗਰਸ ਹਰ ਕਿਸੇ ਨੂੰ ਟਿਕਟ ਲਈ ਅਰਜ਼ੀ ਦੇਣ ਦੀ ਆਜ਼ਾਦੀ ਦਿੰਦੀ ਹੈ ਪਰ ਭਾਜਪਾ ਵਿੱਚ ਸਿਰਫ ਜ਼ਿਲ੍ਹਾ ਪ੍ਰਧਾਨਾਂ ਦੀ ਇੱਛਾ ’ਤੇ ਹੀ ਟਿਕਟ ਮਿਲਣਾ ਨਿਰਭਰ ਹੈ। ਉਨ੍ਹਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਇਸ ਖੇਤਰ ਵਿਚ ਮਜ਼ਬੂਤ ਆਧਾਰ ਤੇ ਮੌਜੂਦਗੀ ਹੋਣ ਦੇ ਬਾਵਜੂਦ ਉਨ੍ਹਾਂ ਦੇ ਨਾਂ ਚੋਣ ਕਮੇਟੀ ਤੱਕ ਵੀ ਨਹੀਂ ਪੁੱਜੇ। ਉਹ 2014 ਵਿਚ ਕਾਂਗਰਸ ਤੋਂ ਭਾਜਪਾ ਵਿਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਇਹ ਕਹਿ ਕੇ ਟਿਕਟਾਂ ਨਹੀਂ ਦਿੱਤੀਆਂ ਗਈਆਂ ਕਿ ਉਹ ਬਾਹਰਲੇ ਹਨ।