ਭਾਰਤ ਮਾਲਾ ਪ੍ਰਾਜੈਕਟ: ਉਗਰਾਹਾਂ ਜਥੇਬੰਦੀ ਵੱਲੋਂ ਕਿਸਾਨਾਂ ਨਾਲ ਖੜ੍ਹਨ ਦਾ ਐਲਾਨ
ਲਖਵੀਰ ਸਿੰਘ ਚੀਮਾ
ਟੱਲੇਵਾਲ, 13 ਸਤੰਬਰ
ਕੇਂਦਰ ਸਰਕਾਰ ਵਲੋਂ ਭਾਰਤ ਮਾਲਾ ਪ੍ਰਾਜੈਕਟ ਤਹਿਤ ਕੱਢੇ ਜਾ ਰਹੇ ਵੱਡੇ ਹਾਈਵੇਜ਼ ਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਵਿਰੋਧ ਕੀਤਾ ਹੈ। ਪਿੰਡ ਗਹਿਲ ਵਿਚ ਕਿਸਾਨ ਜੱਥੇਬੰਦੀ ਵਲੋਂ ਜ਼ਮੀਨਾਂ ਨਾ ਦੇਣ ਵਾਲੇ ਕਿਸਾਨਾਂ ਨੂੰ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ। ਜੱਥੇਬੰਦੀ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਨੇ ਕਿਹਾ ਕਿ ਇਹ ਵੱਡੇ ਹਾਈਵੇਜ਼ ਕਾਰਪੋਰੇਟ ਮਾਡਲ ਹੈ ਜਿਸਦਾ ਪੰਜਾਬ ਅਤੇ ਇੱਥੋਂ ਦੇ ਕਿਸਾਨਾਂ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ। ਜਦਕਿ ਇਹ ਹਾਈਵੇ ਉਪਜਾਊ ਖੇਤੀ ਯੋਗ ਜ਼ਮੀਨਾਂ ਖੋਹ ਲਵੇਗਾ। ਉਨ੍ਹਾਂ ਕਿਹਾ ਕਿ ਇਸ ਬਠਿੰਡਾ ਲੁਧਿਆਣਾ ਗ੍ਰੀਨ ਫ਼ੀਲਡ ਹਾਈਵੇ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿੱਚੋਂ ਲੰਘਣਾ ਹੈ ਜਿਸ ਲਈ ਬਹੁਤੇ ਕਿਸਾਨਾਂ ਨੇ ਅਜੇ ਤੱਕ ਨੈਸ਼ਨਲ ਹਾਈਵੇ ਅਥਾਰਿਟੀ ਤੇ ਸਰਕਾਰ ਵਲੋਂ ਦਿੱਤੀ ਜਾ ਰਹੀ ਮੁਆਵਜ਼ਾ ਰਾਸ਼ੀ ਕਬੂਲ ਨਹੀਂ ਕੀਤੀ ਹੈ ਅਤੇ ਕਿਸਾਨ ਆਪਣੀਆਂ ਜ਼ਮੀਨਾਂ ਨਾ ਛੱਡਣ ਲਈ ਸੰਘਰਸ਼ ਕਰ ਰਹੇ ਹਨ। ਕਿਸਾਨ ਜਥੇਬੰਦੀ ਕਿਸਾਨਾਂ ਦਾ ਡੱਟ ਕੇ ਸਾਥ ਦੇਵੇਗੀ। ਕਿਸੇ ਵੀ ਕਿਸਾਨ ਦੀ ਜ਼ਮੀਨ ’ਤੇ ਧੱਕੇ ਨਾਲ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮੌਕੇ ਕੁਲਵੰਤ ਸਿੰਘ ਰੰਧਾਵਾ, ਸੁਖਦੇਵ ਸਿੰਘ, ਗੁਰਮੀਤ ਸਿੰਘ, ਜੀਤਾ ਸਿੰਘ, ਜੱਸਾ ਸਿੰਘ, ਭੋਲਾ ਸਿੰਘ ਅਤੇ ਬਿੰਦਰ ਸਿੰਘ ਵੀ ਹਾਜ਼ਰ ਸਨ।