For the best experience, open
https://m.punjabitribuneonline.com
on your mobile browser.
Advertisement

ਭਾਰਤ ਮਾਲਾ ਪ੍ਰਾਜੈਕਟ: ਸੰਧੂ ਕਲਾਂ ’ਚ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ

07:22 AM Dec 18, 2024 IST
ਭਾਰਤ ਮਾਲਾ ਪ੍ਰਾਜੈਕਟ  ਸੰਧੂ ਕਲਾਂ ’ਚ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ
ਪਿੰਡ ਸੰਧੂ ਕਲਾਂ ਵਿੱਚ ਭਾਰਤ ਮਾਲਾ ਸੜਕ ਦੇ ਵਿਰੋਧ ਵਿੱਚ ਬਿਜਲੀ ਦੇ ਟਾਵਰ ’ਤੇ ਚੜ੍ਹੇ ਹੋਏ ਕਿਸਾਨ।
Advertisement

ਰਾਜਿੰਦਰ ਵਰਮਾ
ਭਦੌੜ, 17 ਦਸੰਬਰ
ਭਾਰਤ ਮਾਲਾ ਪ੍ਰਾਜੈਕਟ ਅਧੀਨ ਬਣ ਰਹੀ ਸੜਕ ਦੇ ਵਿਰੋਧ ਵਿੱਚ ਅੱਜ ਪਿੰਡ ਸੰਧੂਕਲਾਂ ਵਿੱਚ ਕਿਸਾਨਾਂ ਨੇ ਬਿਜਲੀ ਦੇ ਟਾਵਰ ’ਤੇ ਚੜ੍ਹ ਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਰ ਕੀਤਾ। ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਅੱਜ ਪਿੰਡ ਸੰਧੂ ਕਲਾਂ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ। ਕਿਸਾਨਾਂ ਵੱਲੋਂ ਪ੍ਰਸ਼ਾਸਨ ’ਤੇ ਧੱਕੇਸਾਹੀ ਦੇ ਦੋਸ਼ ਲਾਏ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪਿੰਡ ਸੰਧੂਕਲਾਂ ਦੇ ਸੁਖਪਾਲ ਸਿੰਘ ਦੇ ਘਰ, ਜਗਤਾਰ ਸਿੰਘ ਦੀ ਜ਼ਮੀਨ ਅਤੇ ਰਾਜ ਸਿੰਘ ਦੀ ਕੋਠੀ ਵਾਲੀ ਥਾਂ ਵਿਚੋਂ ਦੀ ਸੜਕ ਲੰਘ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨਾਲ ਜੋ ਪੈਸਿਆਂ ਦੇ ਲੈਣ-ਦੇਣ ਦਾ ਸਮਝੌਤਾ ਹੋਇਆ ਸੀ, ਉਸ ਸਮਝੌਤੇ ਅਨੁਸਾਰ ਪੂਰੇ ਪੈਸੇ ਨਾ ਮਿਲਣ ਕਾਰਨ ਉਹ ਵਿਰੋਧ ਕਰ ਰਹੇ ਹਨ। ਪੁਲੀਸ ਵੱਲੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲੀਸ ਵੱਲੋਂ ਕਿਸਾਨਾਂ ਨੂੰ ਹਿਰਾਸਤ ਵਿਚ ਲੈਣ ਦੇ ਰੋਸ ਵਜੋਂ ਜੀਵਨ ਸਿੰਘ, ਜਗਤਾਰ ਸਿੰਘ ਤੇ ਸੁਖਪ੍ਰੀਤ ਸਿੰਘ ਹਾਈ ਵੋਲਟੇਜ ਬਿਜਲੀ ਦੇ ਟਾਵਰ ’ਤੇ ਚੜ੍ਹ ਗਏ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਉਨ੍ਹਾਂ ਨੂੰ ਜ਼ਮੀਨਾਂ ਦੇ ਪੂਰੇ ਪੈਸੇ ਨਹੀਂ ਮਿਲਦੇ ਅਤੇ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਪੁਲੀਸ ਵੱਲੋਂ ਛੱਡਿਆ ਨਹੀਂ ਜਾਂਦਾ, ਉਹ ਆਪਣਾ ਵਿਰੋਧ ਜਾਰੀ ਰੱਖਣਗੇ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ, ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ, ਭੋਲਾ ਸਿੰਘ ਗਿੱਲ ਦੀ ਅਗਵਾਈ ਹੇਠ ਪਿੰਡ ਸੰਧੂਕਲਾਂ ਦੇ ਬੱਸ ਅੱਡੇ ’ਤੇ ਧਰਨਾ ਲਗਾ ਦਿੱਤਾ ਗਿਆ। ਧਰਨਾਕਾਰੀ ਕਿਸਾਨਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਗਏ ਹਨ, ਉਸ ਅਨੁਸਾਰ ਕਿਸਾਨਾਂ ਨੂੰ ਜ਼ਮੀਨਾਂ ਅਤੇ ਬੋਰਾਂ ਦੇ ਪੈਸੇ ਦਿੱਤੇ ਜਾਣ। ਕਿਸਾਨਾਂ ਦੇ ਵਿਰੋਧ ਕਾਰਨ ਪੁਲੀਸ ਨੇ ਹਿਰਾਸਤ ਵਿਚ ਲਏ ਕਿਸਾਨਾਂ ਨੂੰ ਛੱਡ ਦਿੱਤਾ। ਇਸ ਮਗਰੋਂ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਟਾਵਰ ’ਤੇ ਚੜ੍ਹੇ ਕਿਸਾਨਾਂ ਨੂੰ ਹੇਠਾਂ ਉਤਾਰਿਆ ਗਿਆ। ਇਸ ਦੌਰਾਨ ਕਿਸਾਨਾਂ ਨੇ ਆਖਿਆ ਕਿ ਜਦੋਂ ਤਕ ਪ੍ਰਸ਼ਾਸਨ ਕਿਸਾਨਾਂ ਨੂੰ ਜ਼ਮੀਨਾਂ ਦਾ ਪੂਰਾ ਮੁਆਵਜ਼ਾ ਨਹੀਂ ਦਿੰਦਾ, ਉਨ੍ਹਾਂ ਚਿਰ ਕਿਸੇ ਵੀ ਕੀਮਤ ’ਤੇ ਸੜਕ ਦਾ ਕੰਮ ਨਹੀਂ ਚੱਲਣ ਦਿੱਤਾ ਜਾਵੇਗਾ।

Advertisement

ਪ੍ਰਸ਼ਾਸਨ ਨੇ ਬਿਜਲੀ ਸਪਲਾਈ ਬੰਦ ਕਰਵਾਈ

ਕਿਸਾਨਾਂ ਦੇ ਬਿਜਲੀ ਲਾਈਨ ਦੇ ਟਾਵਰ ’ਤੇ ਚੜ੍ਹ ਜਾਣ ਕਾਰਨ ਇਸ ਦੌਰਾਨ ਪੁੱਜੇ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਗੁਰਬੀਰ ਸਿੰਘ ਕੋਹਲੀ ਨੇ ਬਿਜਲੀ ਵਿਭਾਗ ਨਾਲ ਤਾਲਮੇਲ ਕਰ ਕੇ 400 ਕੇਵੀ ਟਾਵਰ ਦੀ ਬਿਜਲੀ ਸਪਲਾਈ ਬੰਦ ਕਰਵਾ ਦਿੱਤੀ ਗਈ। ਇਸ ਮਸਲੇ ਦੇ ਹੱਲ ਲਈ ਭਲਕੇ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਕਿਸਾਨਾਂ ਦੀ ਮੀਟਿੰਗ ਤੈਅ ਹੋਈ ਹੈ।

Advertisement

Advertisement
Author Image

Advertisement