ਭਾਰਤ ਮਾਲਾ ਪ੍ਰਾਜੈਕਟ: ਜ਼ਮੀਨਾਂ ਦੀ ਨਿਸ਼ਾਨਦੇਹੀ ਮੌਕੇ ਕਿਸਾਨਾਂ ਅਤੇ ਪੁਲੀਸ ਦੀ ਝੜਪ
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 21 ਦਸੰਬਰ
ਇੱਥੇ ਅੱਜ ਸਵੇਰੇ 5 ਵਜੇ ਦੇ ਕਰੀਬ ਭਾਰਤ ਮਾਲਾ ਸੜਕ ਪ੍ਰਾਜੈਕਟ ਦੇ ਅਧਿਕਾਰੀ ਵੱਡੀ ਗਿਣਤੀ ਵਿੱਚ ਪੁਲੀਸ ਬਲ ਦੇ ਨਾਲ ਆਏ ਅਤੇ ਜ਼ਮੀਨਾਂ ਦੀ ਨਿਸ਼ਾਨਦੇਹੀ ਸ਼ੁਰੂ ਕਰ ਦਿੱਤੀ। ਇਸ ਦਾ ਪਤਾ ਲੱਗਦਿਆਂ ਹੀ ਕੁਝ ਕਿਸਾਨਾਂ ਨੇ ਨਿਸ਼ਾਨਦੇਹੀ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਦੀ ਪੁਲੀਸ ਨਾਲ ਮਾਮੂਲੀ ਝੜੱਪ ਵੀ ਹੋਈ। ਪੁਲੀਸ ਨੇ ਅੱਧੀ ਦਰਜਨ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿੱਥੇ ਅਧਿਕਾਰੀ ਨਿਸ਼ਾਨਦੇਹੀ ਕਰ ਰਹੇ ਸਨ, ਉੱਧਰ ਕਿਸੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਸੀ। ਇਸ ਦੌਰਾਨ ਸ਼ਹਿਣਾ ਤੋਂ ਨੈਣੇਵਾਲ ਰੋਡ ਪੂਰੀ ਤਰ੍ਹਾਂ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਈ। ਬਾਅਦ ਵਿੱਚ ਸਥਾਨਕ ਪਿੰਡਾਂ ਅਤੇ ਨੇੜਲੇ ਧਾਰਮਿਕ ਅਸਥਾਨਾਂ ਤੋਂ ਇਸ ਸਬੰਧੀ ਹੋਕਾ ਦਿੱਤਾ ਗਿਆ ਤਾਂ ਕੁੱਝ ਘੰਟਿਆਂ ਵਿੱਚ ਕਾਫ਼ੀ ਗਿਣਤੀ ਕਿਸਾਨ ਮੌਕੇ ’ਤੇ ਪਹੁੰਚ ਗਏ।
ਕਿਸਾਨਾਂ ਨੇ ਸਥਾਨਕ ਬਰਨਾਲਾ-ਬਾਜਾਖਾਨਾ ਜੀਟੀ ਰੋਡ ਪੂਰੀ ਤਰ੍ਹਾਂ ਜਾਮ ਕਰ ਦਿੱਤੀ ਅਤੇ ਧਰਨੇ ’ਤੇ ਬੈਠ ਗਏ। ਕਿਸਾਨ ਰਾਮ ਸਿੰਘ ਨੇ ਦੋਸ਼ ਲਾਇਆ ਕਿ ਸਰਕਾਰ ਅਤੇ ਭਾਰਤ ਮਾਲਾ ਸੜਕ ਪ੍ਰਾਜੈਕਟ ਦੇ ਅਧਿਕਾਰੀ ਧੱਕੇ ਨਾਲ ਜ਼ਮੀਨਾਂ ਐਕੁਆਇਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਚੜੂਨੀ, ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱੱਚ ਕਿਸਾਨ ਸ਼ਾਮਲ ਸਨ। ਜ਼ਮੀਨ ’ਤੇ ਕਬਜ਼ਾ ਲੈਣ ਆਏ ਅਧਿਕਾਰੀਆਂ ਨੂੰ ਸਵਾਲ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਜੇ ਜ਼ਮੀਨਾਂ ਦੇ ਪੈਸੇ ਕਿਸਾਨਾਂ ਨੇ ਚੱਕ ਲਏ ਹਨ ਤਾਂ ਉਹ ਚੋਰਾਂ ਵਾਂਗ ਸਵੇਰੇ 4 ਵਜੇ ਕਬਜ਼ਾ ਕਿਉਂ ਲੈਣ ਆਏ ਹਨ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਾਏ। ਇਸ ਦੌਰਾਨ ਪੁਲੀਸ ਨੇ ਪਿੰਡ ਨੈਣੇਵਾਲ ਨੂੰ ਅਤੇ ਪਿੰਡ ਲੀਲੋ ਨੂੰ ਜਾਂਦੇ ਰਸਤੇ ਪੂਰੀ ਤਰ੍ਹਾਂ ਬੰਦ ਕੀਤੇ ਹੋਏ ਸਨ। ਇਸ ਮੌਕੇ ਗੁਰਨਾਮ ਸਿੰਘ ਭੋਤਨਾ, ਦਰਸ਼ਨ ਸਿੰਘ ਚੀਮਾ, ਸੰਦੀਪ ਸਿੰਘ ਚੀਮਾ, ਗੁਰਚਰਨ ਸਿੰਘ ਸ਼ਹਿਣਾ, ਕਾਲਾ ਸਿੰਘ ਤੇ ਮੱਘਰ ਸਿੰਘ ਸ਼ਹਿਣਾ ਹਾਜ਼ਰ ਸਨ।
ਕਿਸਾਨ ਜਥੇਬੰਦੀਆਂ ਵੱਲੋਂ ਕੌਮੀ ਮਾਰਗ ਜਾਮ
ਟੱਲੇਵਾਲ (ਲਖਵੀਰ ਸਿੰਘ ਟੱਲੇਵਾਲ): ਬਰਨਾਲਾ ਪ੍ਰਸ਼ਾਸਨ ਵੱਲੋਂ ਅੱਜ ਦਿਨ ਚੜ੍ਹਨ ਤੋਂ ਪਹਿਲਾਂ ਹੀ ਭਾਰਤਮਾਲਾ ਪ੍ਰਾਜੈਕਟ ਤਹਿਤ ਬਣਾਏ ਜਾ ਰਹੇ ਗਰੀਨ ਫੀਲਡ ਹਾਈਵੇਅ ਲਈ ਧੱਕੇ ਨਾਲ ਜ਼ਮੀਨਾਂ ਦੇ ਕਬਜ਼ੇ ਲੈਣ ਅਤੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਣ ਦੇ ਰੋਸ ਵਜੋਂ ਕਿਸਾਨ ਜਥੇਬੰਦੀਆਂ ਵੱਲੋਂ ਪਿੰਡ ਚੀਮਾ ਨੇੜੇ ਬਰਨਾਲਾ-ਮੋਗਾ ਕੌਮੀ ਮਾਰਗ ਜਾਮ ਕਰ ਕੇ ਧਰਨਾ ਦਿੱਤਾ ਗਿਆ। ਇਸ ਧਰਨਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਡਕੌਂਦਾ (ਧਨੇਰ) ਅਤੇ (ਬੁਰਜ ਗਿੱਲ), ਜ਼ਮੀਨ ਬਚਾਉ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਧੱਕੇਸ਼ਾਹੀ ਦਾ ਕਿਸਾਨ ਜਥੇਬੰਦੀਆਂ ਡਟਵਾਂ ਵਿਰੋਧ ਕਰਨਗੀਆਂ। ਉੱਥੇ ਬਾਅਦ ਦੁਪਹਿਰ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਰਿਹਾਅ ਕਰਨ ਤੋਂ ਬਾਅਦ ਕਿਸਾਨਾਂ ਵੱਲੋਂ ਜਾਮ ਖੋਲ੍ਹਿਆ ਗਿਆ। ਆਗੂਆਂ ਨੇ ਦੱਸਿਆ ਕਿ ਡੀਸੀ ਬਰਨਾਲਾ ਵੱਲੋਂ ਭਲਕੇ 22 ਦਸੰਬਰ ਨੂੰ ਗੱਲਬਾਤ ਲਈ ਸਮਾਂ ਦਿੱਤਾ ਗਿਆ ਹੈ। ਇਸ ਮੌਕੇ ਜਰਨੈਲ ਸਿੰਘ ਬਦਰਾ, ਭਗਤ ਸਿੰਘ ਛੰਨਾ ਬੁੱਕਣ ਸਿੰਘ ਸੈਦੋਵਾਲ, ਬਲੌਰ ਸਿੰਘ, ਗੁਰਚਰਨ ਸਿੰਘ, ਦਰਸ਼ਨ ਸਿੰਘ, ਕੁਲਵੰਤ ਸਿੰਘ ਭਦੌੜ, ਭੋਲਾ ਸਿੰਘ, ਦਰਸ਼ਨ ਸਿੰਘ ਮਹਿਤਾ, ਕਰਮਜੀਤ ਸਿੰਘ ਭਦੌੜ, ਦਰਸ਼ਨ ਸਿੰਘ ਉੱਗੋਕੇ, ਕਮਲਜੀਤ ਕੌਰ, ਲਖਵੀਰ ਕੌਰ, ਬਿੰਦਰ ਪਾਲ ਕੌਰ, ਅਮਰਜੀਤ ਕੌਰ ਬਡਬਰ, ਨਵਦੀਪ ਕੌਰ ਤੇ ਰੁਪਿੰਦਰ ਕੌਰ ਆਦਿ ਆਗੂ ਹਾਜ਼ਰ ਸਨ।