For the best experience, open
https://m.punjabitribuneonline.com
on your mobile browser.
Advertisement

ਆਮ ਆਦਮੀ ਨੂੰ ਪ੍ਰੇਸ਼ਾਨ ਕਰਨ ਵਾਲੇ ਮੁੱਦੇ ਉਭਾਰਨ ਲਈ ਕੀਤੀ ‘ਭਾਰਤ ਜੋੜੋ ਯਾਤਰਾ’: ਰਾਹੁਲ ਗਾਂਧੀ

07:04 AM Mar 18, 2024 IST
ਆਮ ਆਦਮੀ ਨੂੰ ਪ੍ਰੇਸ਼ਾਨ ਕਰਨ ਵਾਲੇ ਮੁੱਦੇ ਉਭਾਰਨ ਲਈ ਕੀਤੀ ‘ਭਾਰਤ ਜੋੜੋ ਯਾਤਰਾ’  ਰਾਹੁਲ ਗਾਂਧੀ
ਭਾਰਤ ਜੋੜੋ ਨਿਆਏ ਯਾਤਰਾ ਦੀ ਸਮਾਪਤੀ ਮੌਕੇ ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ, ਊਧਵ ਠਾਕਰੇ, ਐੱਮ ਕੇ ਸਟਾਲਿਨ ਅਤੇ ਸ਼ਰਦ ਪਵਾਰ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਮੁੰਬਈ, 17 ਮਾਰਚ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਵਧਦੀ ਬੇਰੁਜ਼ਗਾਰੀ, ਮਹਿੰਗਾਈ ਅਤੇ ਸਮਾਜ ਵਿੱਚ ਵਧ ਰਹੀ ਨਫ਼ਰਤ ਵਰਗੇ ਮੁੱਦੇ ਉਭਾਰਨ ਲਈ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕਰਨ ਨੂੰ ਮਜਬੂਰ ਹੋਣਾ ਪਿਆ ਸੀ। ਉਹ ‘ਭਾਰਤ ਜੋੜੋ ਨਿਆਏ ਯਾਤਰਾ’ ਦੀ ਸਮਾਪਤੀ ਤੋਂ ਬਾਅਦ ਇੱਥੇ ਸ਼ਿਵਾਜੀ ਪਾਰਕ ਵਿੱਚ ਵਿਰੋਧੀ ਧਿਰਾਂ ਦੇ ‘ਇੰਡੀਆ’ ਗੱਠਜੋੜ ਦੀ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਗਾਂਧੀ ਨੇ ਕਿਹਾ ਕਿ ਈਵੀਐੱਮਜ਼, ਐਨਫੋਰਸਮੈਂਟ ਡਾਇਰੈਕਟੋਰੇਟ, ਸੀਬੀਆਈ ਅਤੇ ਆਮਦਨ ਕਰ ਵਿਭਾਗ ਤੋਂ ਬਿਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣਾਂ ਨਹੀਂ ਜਿੱਤ ਸਕਣਗੇ। ਉਨ੍ਹਾਂ ਕਿਹਾ, ‘ਮੋਦੀ ਇਕ ਮੁਖੌਟਾ ਹਨ ਜੋ ਕਿ ਇਕ ‘ਸ਼ਕਤੀ’ ਲਈ ਕੰਮ ਕਰਦੇ ਹਨ। ਉਹ ਇਕ ਖੋਖਲੇ ਆਦਮੀ ਹਨ ਜਿਨ੍ਹਾਂ ਕੋਲ 56 ਇੰਚ ਦੀ ਛਾਤੀ ਨਹੀਂ ਹੈ।’’ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਦਾ ਭ੍ਰਿਸ਼ਟਾਚਾਰ ’ਤੇ ਏਕਾਧਿਕਾਰ ਹੈ। ਉਨ੍ਹਾਂ ਸਵਾਲ ਕੀਤਾ, ‘‘ਕੀ ਤੁਸੀਂ ਸੋਚਦੇ ਹੋ ਕਿ ਸ਼ਿਵ ਸੈਨਾ ਤੇ ਐੱਨਸੀਪੀ ਦੇ ਲੋਕਾਂ ਦਾ ਟੁੱਟ ਕੇ ਸੱਤਾਧਾਰੀ ਗੱਠਜੋੜ ਵਿੱਚ ਜਾਣਾ ਉਸ ਤਰ੍ਹਾਂ ਦਾ ਹੈ ਜਿਵੇਂ ਦਾ ਇਹ ਦਿਖਦਾ ਹੈ।’’

Advertisement

ਮੁੰਬਈ ਵਿੱਚ ‘ਭਾਰਤ ਜੋੜੋ ਨਿਆਏ ਯਾਤਰਾ’ ਦੀ ਸਮਾਪਤੀ ਮੌਕੇ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ, ਰਾਸ਼ਟਰੀ ਜਨਤਾ ਦਲ ਦੇ ਨੇਤਾ ਅਖਿਲੇਸ਼ ਯਾਦਵ ਅਤੇ ਵੰਚਿਤ ਬਹੁਜਨ ਅਗਾੜੀ ਨੇਤਾ ਪ੍ਰਕਾਸ਼ ਅੰਬੇਡਕਰ। -ਫੋਟੋ: ਪੀਟੀਆਈ

ਗਾਂਧੀ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਤੋਂ ਇਕ ਆਗੂ ਸੋਨੀਆ ਗਾਂਧੀ ਸਾਹਮਣੇ ਰੋਇਆ ਸੀ। ਉਸ ਨੇ ਕਿਹਾ ਕਿ ਉਹ ਸ਼ਰਮਿੰਦਾ ਹੈ ਕਿ ਉਹ ਇਸ ਤਾਕਤ ਖ਼ਿਲਾਫ਼ ਹੋਰ ਨਹੀਂ ਲੜ ਸਕਦਾ ਅਤੇ ਜੇਲ੍ਹ ਨਹੀਂ ਜਾਣਾ ਚਾਹੁੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਈਵੀਐੱਮਜ਼ ਤੋਂ ਬਿਨਾਂ ਚੋਣਾਂ ਨਹੀਂ ਜਿੱਤ ਸਕਦੇ ਹਨ। ਉਨ੍ਹਾਂ ਕਿਹਾ, ‘‘ਅਸੀਂ ਭਾਰਤ ਦੇ ਚੋਣ ਕਮਿਸ਼ਨ ਨੂੰ ਵੀਵੀਪੈਟ ਦੀ ਗਿਣਤੀ ਕਰਨ ਲਈ ਵੀ ਕਿਹਾ ਸੀ ਪਰ ਸਾਡੀ ਮੰਗ ਮੰਨੀ ਨਹੀਂ ਗਈ।’’ ਇਸ ਦੌਰਾਨ ‘ਇੰਡੀਆ’ ਗੱਠਜੋੜ ਵੱਲੋਂ ਕੀਤੇ ਗਏ ਤਾਕਤ ਦੇ ਪ੍ਰਦਰਸ਼ਨ ਵਿੱਚ ਗੱਠਜੋੜ ਦੀਆਂ ਵੱਖ-ਵੱਖ ਭਾਈਵਾਲ ਪਾਰਟੀਆਂ ਦੇ ਸੀਨੀਅਰ ਆਗੂ ਸ਼ਾਮਲ ਹੋਏ। ਇਨ੍ਹਾਂ ਆਗੂਆਂ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ, ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ, ਪੀਡੀਪੀ ਦੀ ਪ੍ਰਧਾਨ ਮਹਬਿੂਬਾ ਮੁਫ਼ਤੀ, ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ, ਐੱਨਸੀਪੀ ਆਗੂ ਸ਼ਰਦ ਪਵਾਰ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਆਗੂ ਊਧਵ ਠਾਕਰੇ ਆਦਿ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ। ਜੇਲ੍ਹ ਵਿਚ ਬੰਦ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਝਾਰਖੰਡ ਮੁਕਤੀ ਮੋਰਚਾ ਦੇ ਆਗੂ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਉਸ ਦੇ ਪਤੀ ਨੂੰ ਇਕ ਸਾਜ਼ਿਸ਼ ਤਹਿਤ ਜੇਲ੍ਹ ਵਿਚ ਬੰਦ ਕੀਤਾ ਗਿਆ ਹੈ। ਪੀਡੀਪੀ ਆਗੂ ਮਹਬਿੂਬਾ ਮੁਫ਼ਤੀ ਨੇ ਕਿਹਾ ਕਿ ਭਾਜਪਾ ਸਿਰਫ਼ ਸੰਵਿਧਾਨ ਬਦਲਣ ਲਈ ਹੀ 400 ਲੋਕ ਸਭਾ ਸੀਟਾਂ ਜਿੱਤਣ ਦੀ ਕੋਸ਼ਿਸ਼ ਵਿਚ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਰਾਹੁਲ ਗਾਂਧੀ ਦੇ ਨਾਂ ਵਿਚ ‘ਗਾਂਧੀ’ ਸ਼ਬਦ ਆਉਣ ਕਾਰਨ ਉਨ੍ਹਾਂ ਤੋਂ ਡਰਦੇ ਹਨ। ਆਰਜੇਡੀ ਆਗੂ ਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜੱੱਸਵੀ ਯਾਦਵ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਖਿਲਾਫ਼ ਕੋਈ ਨਿੱਜੀ ਲੜਾਈ ਨਹੀਂ ਹੈ, ਸਾਡੀ ਲੜਾਈ ਨਫ਼ਰਤ ਦੀ ਵਿਚਾਰਧਾਰਾ ਖਿਲਾਫ਼ ਹੈ। ਯਾਦਵ ਨੇ ਕਿਹਾ ਕਿ ਈਡੀ ਤੇ ਸੀਬੀਆਈ ਦੀ ਮਦਦ ਨਾਲ ਸਰਕਾਰਾਂ ਦੇ ਤਖ਼ਤੇ ਪਲਟੇ ਜਾ ਰਹੇ ਹਨ। ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ ਨੇ ਕਿਹਾ ਕਿ ਜਦੋਂ ਤੋਂ ਵਿਰੋਧੀ ਧਿਰਾਂ ਨੇ ਆਪਣੇ ਗੱਠਜੋੜ ਦਾ ਨਾਮ ‘ਇੰਡੀਆ’ ਰੱਖਿਆ ਹੈ, ਭਾਜਪਾ ਨੇ ਡਰ ਦੇ ਮਾਰੇ ‘ਇੰਡੀਆ’ ਸ਼ਬਦ ਇਸਤੇਮਾਲ ਕਰਨਾ ਹੀ ਛੱਡ ਦਿੱਤਾ ਹੈ। ਸਟਾਲਿਨ ਨੇ ਕਿਹਾ ਕਿ ਚੋਣ ਬਾਂਡ ਭਾਜਪਾ ਦਾ ‘ਸਫ਼ੇਦ ਕਾਲਰ ਭ੍ਰਿਸ਼ਟਾਚਾਰ’ ਹੈ। ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਕੇਂਦਰ ਵਿਚ ਸੱਚਮੁੱਚ ਧਰਮ-ਨਿਰਪੱਖ ਤੇ ਸੰਮਲਿਤ ਸਰਕਾਰ ਬਣਾਏਗਾ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦੇ ਵਿਅਕਤੀਆਂ ਲਈ ਭਾਰਤ ਨੂੰ ਸੁਰੱਖਿਅਤ ਬਣਾਉਣਾ ਹੋਵੇਗਾ। -ਪੀਟੀਆਈ

‘ਇੰਡੀਆ’ ਗੱਠਜੋੜ ਦੇ ਸੱਤਾ ’ਚ ਆਉਣ ’ਤੇ ਚੋਣ ਕਮਿਸ਼ਨ ਆਜ਼ਾਦ ਹੋ ਜਾਵੇਗਾ: ਅਬਦੁੱਲਾ

ਮੁੰਬਈ (ਮਹਾਰਾਸ਼ਟਰ): ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਂਗਰਸ ਦੇ ਮੁਖੀ ਫਾਰੁੂਖ਼ ਅਬਦੁੱਲਾ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ’ਤੇ ਭਾਰਤੀ ਚੋਣ ਕਮਿਸ਼ਨ ਆਜ਼ਾਦ ਹੋ ਜਾਵੇਗਾ। ਐਤਵਾਰ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ’ਚ ਬੋਲਦਿਆਂ ਨੈਸ਼ਨਲ ਕਾਨਫਰੰਸ ਆਗੂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਨੂੰ ‘ਚੋਰ’ ਕਰਾਰ ਦਿੱਤਾ। ਉਨ੍ਹਾਂ ਵੋਟਰਾਂ ਨੂੰ ਜ਼ੋਰ ਦੇ ਕੇ ਕਿਹਾ, ‘‘ਜਦੋਂ ਤੁਸੀਂ ਆਪਣੀ ਵੋਟ ਪਾਉਂਦੇ ਹੋ ਤਾਂ ਕਾਗਜ਼ ਚੈੱਕ ਕਰੋ ਤੇ ਆਪਣੀ ਵੋਟ ਦੀ ਪੁਸ਼ਟੀ ਕਰੋ... ਜਦੋਂ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣੇਗੀ ਤਾਂ ਇਹ ਮਸ਼ੀਨ ਖਤਮ ਹੋ ਜਾਵੇਗੀ। ਇਸ ਦੇ ਨਾਲ ਹੀ ਚੋਣ ਕਮਿਸ਼ਨ ਆਜ਼ਾਦ ਹੋ ਜਾਵੇਗਾ।’’ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਨੇ ਅੱਜ ਮੁੰਬਈ ਦੇ ਸ਼ਿਵਾਜੀ ਪਾਰਕ ਤੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਨੇ ਵੀ ਸੰਬੋਧਨ ਕੀਤਾ। -ਏਐਨਆਈ

ਮੋਦੀ ਦੀਆਂ ਗਾਰੰਟੀਆਂ ਸਿਰਫ਼ ਅਮੀਰਾਂ ਲਈ: ਖੜਗੇ

ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮੋਦੀ ਦੀਆਂ ਗਾਰੰਟੀਆਂ ਸਿਰਫ਼ ਅਮੀਰਾਂ ਲਈ ਹਨ, ਜਦੋਂਕਿ ਉਨ੍ਹਾਂ ਦੇ ਇੰਡੀਆ ਗੱਠਜੋੜ ਦੀਆਂ ਗਾਰੰਟੀਆਂ ਆਮ ਲੋਕਾਂ ਵਾਸਤੇ ਹਨ। ਸ਼ਿਵ ਸੈਨਾ (ਯੂਬੀਟੀ) ਦੇ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਜਦੋਂ ਲੋਕ ਇਕਮੁੱਠ ਹੋ ਜਾਣਗੇ ਤਾਂ ਤਾਨਾਸ਼ਾਹੀ ਦਾ ਅੰਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਰੋਹ ਅੱਗੇ ਵੱਡੇ ਵੱਡੇ ਤਾਨਾਸ਼ਾਹਾਂ ਦੇ ਕਿਲ੍ਹੇ ਢੱਠ ਜਾਂਦੇ ਹਨ। ਐੱਨਸੀਪੀ ਆਗੂ ਸ਼ਰਦ ਪਵਾਰ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ‘ਭਾਰਤ ਛੱਡੋ’ ਦਾ ਸੱਦਾ ਮੁੰਬਈ ਤੋਂ ਹੀ ਦਿੱਤਾ ਸੀ ਅਤੇ ਇਸੇ ਤਰ੍ਹਾਂ ‘ਇੰਡੀਆ’ ਗੱਠਜੋੜ ਦੇ ਆਗੂ ਵੀ ਇਥੋਂ ਹੀ ਭਾਜਪਾ ਨੂੰ ਸੱਤਾ ਤੋਂ ਉਖਾੜ ਸੁੱਟਣ ਦਾ ਅਹਿਦ ਲੈ ਰਹੇ ਹਨ।

Advertisement
Author Image

Advertisement
Advertisement
×