ਵਿਜੀਲੈਂਸ ਦਫ਼ਤਰ ’ਚ ਪੇਸ਼ ਹੋਇਆ ਭਰਤਇੰਦਰ ਚਾਹਲ
ਖੇਤਰੀ ਪ੍ਰਤੀਨਿਧ
ਪਟਿਆਲਾ, 20 ਨਵੰਬਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੀਡੀਆ ਸਲਾਹਕਾਰ ਰਿਹਾ ਭਰਤਇੰਦਰ ਸਿੰਘ ਚਾਹਲ ਅੱਜ ਇੱਥੇ ਵਿਜੀਲੈਂਸ ਬਿਊਰੋ ਪਟਿਆਲਾ ਦੇ ਦਫ਼ਤਰ ’ਚ ਪੇਸ਼ ਹੋਇਆ। ਅੱਜ ਪਹਿਲਾ ਦਿਨ ਹੋਣ ਕਰਕੇ ਘੰਟੇ ਭਰ ਦੀ ਕਾਗਜ਼ੀ ਕਾਰਵਾਈ ਉਪਰੰਤ ਅਧਿਕਾਰੀਆਂ ਨੇ ਉਸ ਨੂੰ ਵਾਪਸ ਭੇਜਦਿਆਂ ਮੁੜ ਪੇਸ਼ ਹੋਣ ਲਈ ਆਖਿਆ ਜਿਸ ਸਬੰਧੀ ਤਰੀਕ ਉਨ੍ਹਾਂ ਨੂੰ ਅਧਿਕਾਰੀ ਬਾਅਦ ’ਚ ਦੱਸਣਗੇ। ਭਾਵੇਂ ਵਿਜੀਲੈਂਸ ਦੀ ਮੰਗ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚਾਹਲ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕਰ ਦਿੱਤੇ ਸਨ ਪਰ ਹੁਣ ਸੁਪਰੀਮ ਕੋਰਟ ਨੇ ਉਸ ਨੂੰ 12 ਨਵੰਬਰ ਨੂੰ ਸ਼ਰਤਾਂ ਦੇ ਆਧਾਰ ’ਤੇ ਅੰਤ੍ਰਿਮ ਜ਼ਮਾਨਤ ਦਿੱਤੀ ਹੈ। ਇਸ ਦੌਰਾਨ ਉਸ ਨੂੰ ਪੁੱਛ-ਪੜਤਾਲ ਲਈ ਵਿਜੀਲੈਂਸ ਕੋਲ ਪੇਸ਼ ਹੋ ਕੇ ਜਾਂਚ ’ਚ ਸਹਿਯੋਗ ਕਰਨ ਦੀ ਤਾਕੀਦ ਕੀਤੀ ਗਈ ਸੀ ਜਿਸ ਤਹਿਤ ਹੀ ਉਹ ਅੱਜ ਖੁਦ ਵਿਜੀਲੈਂਸ ਦਫ਼ਤਰ ਪੁੱਜਿਆ। ਉਹ ਆਮਦਨੀ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੀਆਂ ਧਾਰਾਵਾਂ ਵਿਜੀਲੈਂਸ ਦੇ ਪਟਿਆਲਾ ਸਥਿਤ ਥਾਣੇ ’ਚ 2 ਅਗਸਤ 2023 ਨੂੰ ਦਰਜ ਹੋਇਆ ਸੀ। ਕੇਸ ਦਰਜ ਕਰਨ ਤੋਂ ਪਹਿਲਾਂ ਵਿਜੀਲੈਂਸ ਦੇ ਡੀਐੱਸਪੀ ਸੱਤਪਾਲ ਸ਼ਰਮਾ ਵੱਲੋਂ ਬਾਕਾਇਦਾ ਜਾਂਚ ਕੀਤੀ ਗਈ ਸੀ। ਜਾਂਚ ਦੌਰਾਨ ਉਸ ਵੱਲੋਂ ਸਾਢੇ ਚਾਰ ਸਾਲਾਂ ’ਚ ਆਮਦਨੀ ਨਾਲੋਂ 24 ਕਰੋੜ ਵੱਧ ਖਰਚ ਕਰਨ ਦੀ ਗੱਲ ਆਖੀ ਗਈ ਸੀ।