ਭਾਰਤ ਬੰਦ: ਸਮੂਹਿਕ ਛੁੱਟੀ ਲੈ ਕੇ ਅੰਦੋਲਨ ਦਾ ਹਿੱਸਾ ਬਣਨਗੇ ਅਧਿਆਪਕ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 14 ਫਰਵਰੀ
ਕੇਂਦਰੀ ਟਰੇਡ ਯੂਨੀਅਨਾਂ, ਮੁਲਾਜ਼ਮ ਫੈਡਰੇਸ਼ਨਾਂ, ਸੰਯੁਕਤ ਕਿਸਾਨ ਮੋਰਚਾ ਅਤੇ ਆਜ਼ਾਦ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਨਿੱਜੀਕਰਨ, ਉਦਾਰੀਕਰਨ ਤੇ ਸੰਸਾਰੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ 16 ਫਰਵਰੀ ਨੂੰ ‘ਭਾਰਤ ਬੰਦ’ ਅਤੇ ‘ਹੜਤਾਲ’ ਦੇ ਸੱਦੇ ਨੂੰ ਸਫਲ ਬਣਾਉਣ ਲਈ ਸਮੂਹ ਰੈਗੂਲਰ ਅਧਿਆਪਕਾਂ ਸਮੇਤ ਕੱਚੇ, ਪਰਖ ਕਾਲ ਅਧੀਨ ਅਤੇ ਕੰਪਿਊਟਰ ਅਧਿਆਪਕਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਭਾਰਤ ਬੰਦ ਵਿੱਚ ਸ਼ਾਮਲ ਹੋਣਗੇ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਮੁਹਾਲੀ ਦਰਸ਼ਨਜੀਤ ਸਿੰਘ ਨੂੰ ਨੋਟਿਸ-ਰੂਪੀ ਮੰਗ ਪੱਤਰ ਦਿੱਤਾ ਗਿਆ।
ਸਾਂਝਾ ਅਧਿਆਪਕ ਮੋਰਚਾ ਪੰਜਾਬ, ਜ਼ਿਲ੍ਹਾ ਮੁਹਾਲੀ ਦੇ ਅਧਿਆਪਕ ਆਗੂ ਬਾਜ ਸਿੰਘ ਖਹਿਰਾ, ਐਨਡੀ ਤਿਵਾੜੀ, ਗੁਰਜੀਤ ਸਿੰਘ, ਗੁਰਪਿਆਰ ਸਿੰਘ ਕੋਟਲੀ, ਰਣਜੀਤ ਸਿੰਘ ਰਬਾਬੀ, ਗੁਰਮੀਤ ਸਿੰਘ ਖ਼ਾਲਸਾ, ਡਾ. ਟੀਨਾ ਸੀਮਾ, ਸ਼ਿਵ ਸ਼ੰਕਰ ਸ਼ਰਮਾ, ਗੁਰੇਕ ਸਿੰਘ, ਅਰਸਪ੍ਰੀਤ ਸਿੰਘ, ਮਨਵਿੰਦਰ ਕੌਰ ਅਤੇ ਕੇਵਲ ਸਿੰਘ ਨੇ ਮੀਡੀਆ ਨਾਲ ਸਾਂਝੀ ਕੀਤੀ। ਆਗੂਆਂ ਨੇ ਸਮੁੱਚੇ ਅਧਿਆਪਕ ਵਰਗ ਨੂੰ 16 ਫਰਵਰੀ ਦੇ ਸੰਘਰਸ਼ਾਂ ਦਾ ਵੱਧ-ਚੜ੍ਹ ਕੇ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਇਹ ਫ਼ੈਸਲਾ ਦੋ ਦਿਨ ਚੱਲੀ ਵਰਚੁਅਲ ਮੀਟਿੰਗ ਵਿੱਚ ਲਿਆ ਗਿਆ।
ਅਧਿਆਪਕ ਆਗੂਆਂ ਨੇ 16 ਫਰਵਰੀ ਦੀ ਹੜਤਾਲ ਸਬੰਧੀ ਅਧਿਆਪਕ ਮੋਰਚੇ ਵੱਲੋਂ ਭਾਰਤ ਬੰਦ ਮੌਕੇ ਸੜਕਾਂ ’ਤੇ ਚੱਕਾ ਜਾਮ ਕਰਨ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 16 ਫਰਵਰੀ ਨੂੰ ਲਈ ਜਾਣ ਵਾਲੀ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਰੱਦ ਕਰਨ ਦੀ ਮੰਗ ਕੀਤੀ।
ਇਸੇ ਦੌਰਾਨ ਪੰਜਾਬ ਦੇ 10 ਜ਼ਿਲ੍ਹਿਆਂ ’ਚੋਂ ਪੇਂਡੂ ਮਜ਼ਦੂਰ 16 ਫਰਵਰੀ ਨੂੰ ਮੁਹਾਲੀ ਪਹੁੰਚ ਕੇ ਸਰਕਾਰ ਨੂੰ ਬਦਲਾਅ ਦੀ ਜ਼ਮੀਨੀ ਹਕੀਕਤ ਦਿਖਾਉਣਗੇ। ਇਹ ਦਾਅਵਾ ਅੱਜ ਇੱਥੇ ਡੈਮੋਕ੍ਰੇਟਿਕ ਮਨਰੇਗਾ ਫਰੰਟ ਪੰਜਾਬ (ਡੀਐਮਐਫ਼) ਦੀ ਸੂਬਾ ਸਕੱਤਰ ਹਰਦੀਪ ਕੌਰ ਪਾਲੀਆ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ, ਜ਼ਿਲ੍ਹਾ ਸਕੱਤਰ ਰਮਨਜੋਤ ਬਾਬਰਪੁਰ ਅਤੇ ਰਾਜ ਕੌਰ ਥੂਹੀ ਨੇ ਕਾਨਫ਼ਰੰਸ ਦੀਆਂ ਤਿਆਰੀਆਂ ਸਬੰਧੀ ਸੱਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਕ੍ਰਿਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ 16 ਫਰਵਰੀ ਦੀ ਕਾਨਫ਼ਰੰਸ ਨੂੰ ਸਫਲ ਬਣਾਉਣ ਲਈ ਮੁਹਾਲੀ ਸਮੇਤ ਪੰਜਾਬ ਭਰ ’ਚੋਂ ਸੰਗਰੂਰ, ਪਟਿਆਲਾ, ਫਤਹਿਗੜ੍ਹ ਸਾਹਿਬ, ਮਾਲੇਰਕੋਟਲਾ, ਬਰਨਾਲਾ, ਮਾਨਸਾ, ਰੂਪਨਗਰ, ਫਾਜ਼ਿਲਕਾ ਅਤੇ ਮੁਕਤਸਰ ਦੇ ਪਿੰਡਾਂ ’ਚੋਂ ਮਨਰੇਗਾ ਵਰਕਰ ਤੇ ਛੋਟੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।
ਆਈਟੀਆਈ ਐਂਪਲਾਈਜ਼ ਯੂਨੀਅਨ ਵੱਲੋਂ ਸਮਰਥਨ
ਨੂਰਪੁਰ ਬੇਦੀ: ਆਈਟੀਆਈ ਐਂਪਲਾਇਜ਼ ਯੂਨੀਅਨ ਪੰਜਾਬ ਨੇ ਫ਼ੈਸਲਾ ਕੀਤਾ ਹੈ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਮੁਲਕ ਵਿਰੋਧੀ/ਲੋਕ ਵਿਰੋਧੀ, ਸਾਮਰਾਜ ਤੇ ਕਾਰਪੋਰੇਟ ਪੱਖੀ ਨੀਤੀਆਂ ਤੇ ਨਵੀਂ ਪੈਨਸਨ ਸਕੀਮ ਪੀਐੱਫਆਰਡੀ ਬਿੱਲ ਨੂੰ ਰੱਦ ਕਰਵਾਉਣ ਲਈ ਕੇਂਦਰੀ ਟਰੇਡ ਯੂਨੀਅਨਾਂ ਅਤੇ ਆਜ਼ਾਦ ਜਥੇਬੰਦੀਆਂ ਵੱਲੋ 16 ਫਰਵਰੀ, 2024 ਨੂੰ ਮੁਲਕ-ਵਿਆਪੀ ਹੜਤਾਲ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਇਆ ਜਾਵੇ। ਸੂਬਾ ਪ੍ਰਧਾਨ ਜਰਨੈਲ ਸਿੰਘ ਪੱਟੀ ਨੇ ਸਮੂਹ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਬੰਦ ਨੂੰ ਸਫ਼ਲ ਬਣਾਉਣ। -ਪੱਤਰ ਪ੍ਰੇਰਕ
ਬਾਰ ਐਸੋਸੀਏਸ਼ਨਾਂ ਨੂੰ ਅਦਾਲਤਾਂ ਦਾ ਕੰਮ ਠੱਪ ਰੱਖਣ ਦੀ ਅਪੀਲ
ਐਸ.ਏ.ਐਸ. ਨਗਰ (ਪੱਤਰ ਪ੍ਰੇਰਕ): ਵਕੀਲਾਂ ਦੀ ਜਥੇਬੰਦੀ ਇੰਡੀਅਨ ਐਸੋਸੀਏਸ਼ਨ ਆਫ਼ ਲਾਇਰਜ਼ ਦੇ ਪੰਜਾਬ ਯੂਨਿਟ ਦੀ ਅਹਿਮ ਮੀਟਿੰਗ ਜ਼ਿਲ੍ਹਾ ਜੁਡੀਸ਼ਲ ਕੰਪਲੈਕਸ ਵਿਖੇ ਸੂਬਾ ਪ੍ਰਧਾਨ ਜਸਪਾਲ ਸਿੰਘ ਦੱਪਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 16 ਫਰਵਰੀ ਨੂੰ ‘ਭਾਰਤ ਬੰਦ ਅਤੇ ਸਨਅਤੀ ਹੜਤਾਲ’ ਨੂੰ ਸਫਲ ਬਣਾਉਣ ਲਈ ਵਿਚਾਰ-ਚਰਚਾ ਕੀਤੀ ਗਈ। ਸੂਬਾ ਕਾਰਜਕਾਰੀ ਮੈਂਬਰ ਦਰਸ਼ਨ ਸਿੰਘ ਧਾਲੀਵਾਲ ਨੇ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨਾਂ ਨੂੰ ਅਪੀਲ ਕੀਤੀ ਕਿ ਉਹ 16 ਫਰਵਰੀ ਨੂੰ ਅਦਾਲਤਾਂ ਦਾ ਕੰਮ ਠੱਪ ਕਰਕੇ ਭਾਰਤ ਬੰਦ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਸੀਨੀਅਰ ਐਡਵੋਕੇਟ ਤਾਰਾ ਸਿੰਘ ਚਾਹਲ, ਨਟਰਾਜਨ ਕੌਸ਼ਲ, ਕੌਮੀ ਸਕੱਤਰ ਹਰਚੰਦ ਸਿੰਘ ਬਾਠ, ਜ਼ਿਲ੍ਹਾ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਲੌਂਗੀਆਂ, ਸਨੇਹਪ੍ਰੀਤ ਸਿੰਘ, ਵਿਕਰਮ ਸਿੰਘ, ਹਰਸਿਮਰਨਜੀਤ ਸਿੰਘ, ਬਿਲਾਵਲ ਸਿੰਘ, ਅਜੈ ਸ਼ੰਕਰ, ਯਸ਼ਜੋਤ ਸਿੰਘ ਧਾਲੀਵਾਲ, ਜਸਪਾਲ ਸਿੰਘ ਪੰਨੂ, ਰੋਹਿਤ ਕੁਮਾਰ, ਕਾਰਤਿਕ ਬੈਕਟਰ, ਸਲਮਾਨ ਖਾਨ, ਅਨਮੋਲ, ਐਚਐਸ ਰੱਕੜ, ਪ੍ਰਦੀਪ ਰਾਣਾ ਅਤੇ ਜਸਵੰਤ ਸਿੰਘ ਤੂੜ ਮੌਜੂਦ ਸਨ।