For the best experience, open
https://m.punjabitribuneonline.com
on your mobile browser.
Advertisement

ਭਾਰਤ ਬੰਦ: ਬਾਜ਼ਾਰਾਂ ਵਿੱਚ ਸੁੰਨ ਪੱਸਰੀ ਰਹੀ

07:19 AM Feb 17, 2024 IST
ਭਾਰਤ ਬੰਦ  ਬਾਜ਼ਾਰਾਂ ਵਿੱਚ ਸੁੰਨ ਪੱਸਰੀ ਰਹੀ
ਰਾਜਪੁਰਾ ਦੀ ਦੁਪੱਟਾ ਮਾਰਕੀਟ ਵਿੱਚ ਬੰਦ ਪਈਆਂ ਦੁਕਾਨਾਂ । -ਫੋਟੋ: ਮਿੱਠਾ
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 16 ਫਰਵਰੀ
ਸੰਯੁਕਤ ਕਿਸਾਨ ਮੋਰਚਾ ਅਤੇ ਦੇਸ਼ ਦੀਆਂ ਟਰੇਡ ਯੂਨੀਅਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਪਾਤੜਾਂ ਸ਼ਹਿਰ ਮੁਕੰਮਲ ਬੰਦ ਰਿਹਾ। ਹਰ ਵਰਗ ਨੇ ਆਪਣੇ ਕਾਰੋਬਾਰ ਬੰਦ ਰੱਖੇ ਤੇ ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਖੇਤਰ ਦੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ। ਬੱਸ ਸਟੈਂਡ ’ਚ ਸੁੰਨਸਾਨ ਰਹੀ ਤੇ ਸਰਕਾਰੀ ਜਾਂ ਪ੍ਰਾਈਵੇਟ ਬੱਸਾਂ ਦਾ ਚੱਕਾ ਜਾਮ ਰਿਹਾ।
ਸਰਕਾਰੀ ਦਫ਼ਤਰ ਭਾਵੇਂ ਖੁੱਲ੍ਹੇ ਰਹੇ ਪਰ ਦਫ਼ਤਰਾਂ ’ਚ ਸੁੰਨਸਾਨ ਪਸਰੀ ਹੋਈ ਸੀ। ਸ਼ਹਿਰ ਦੇ ਬਜ਼ਾਰਾਂ ’ਚ ਕੋਈ ਰੇਹੜੀ ਤੱਕ ਵੀ ਨਹੀਂ ਲੱਗੀ, ਡਾਕਟਰਾਂ ਦੇ ਕਲੀਨਿਕ ਅਤੇ ਮੈਡੀਕਲ ਸਟੋਰ ਖੁੱਲ੍ਹੇ ਰਹੇ ਜਿਨ੍ਹਾਂ ਨੂੰ ਬੰਦ ਤੋਂ ਛੋਟ ਦਿੱਤੀ ਹੋਈ ਸੀ। ਵੱਖ ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਸੈਂਕੜੇ ਕਿਸਾਨ, ਮਜ਼ਦੂਰ, ਮੁਲਾਜ਼ਮ, ਪੈਨਸ਼ਨਰ, ਪੱਲੇਦਾਰ ਆਦਿ ਵੱਖ-ਵੱਖ ਕਾਫਲਿਆਂ ਦੇ ਰੂਪ ਵਿਚ ਦਿੱਲੀ ਸੰਗਰੂਰ ਮੁੱਖ ਮਾਰਗ ਤੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ ਗਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸ਼ੇਰਪੁਰ (ਬੀਰਬਲ ਰਿਸ਼ੀ): ਸੰਯੁਕਤ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ’ਤੇ ਅੱਜ 12 ਤੋਂ ਚਾਰ ਵਜੇ ਤੱਕ ਸ਼ੇਰਪੁਰ ਦਾ ਮੁੱਖ ਬਜ਼ਾਰ ਬੰਦ ਰਿਹਾ। ਇਸ ਦੇ ਨਾਲ ਹੀ ਕਿਸਾਨਾਂ ਨੇ ਚਾਰ ਘੰਟੇ ਸ਼ੇਰਪੁਰ ਦੇ ਕਾਤਰੋਂ ਚੌਕ ’ਚ ਧਰਨਾ ਲਗਾ ਕੇ ਚੱਕਾ ਜਾਮ ਕੀਤਾ। ਬੀਕੇਯੂ ਡਕੌਂਦਾ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਮੇਹਰ ਸਿੰਘ ਈਸਾਪੁਰ ਨੇ ਦਿੱਲੀ ਵੱਲ ਜਾਂਦੇ ਕਿਸਾਨਾਂ ’ਤੇ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਜਬਰ ਜ਼ੁਲਮ ਦੀ ਨਿਖੇਧੀ ਕੀਤੀ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਭਾਰਤ ਬੰਦ ਦੇ ਸੱਦੇ ’ਤੇ ਕਸਬਾ ਦੇਵੀਗੜ੍ਹ, ਭੂਨਰਹੇੜੀ, ਸਨੌਰ ਤੇ ਬਲਬੇੜਾ ਮੁਕੰਮਲ ਬੰਦ ਰਹੇ। ਇਸ ਦੌਰਾਨ ਕਿਸਾਨ ਆਗੂਆਂ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸਤਨਾਮ ਸਿੰਘ ਬਹਿਰੂ, ਨਰਿੰਦਰ ਸਿੰਘ ਲੇਹਲਾਂ ਜ਼ਿਲਾ ਪ੍ਰਧਾਨ ਪਟਿਆਲਾ, ਜਸਵੀਰ ਸਿੰਘ ਖੇੜੀ ਰਾਜੂ ਜ਼ਿਲਾ ਪ੍ਰਧਾਨ ਪਟਿਆਲਾ, ਬੂਟਾ ਸਿੰਘ ਸ਼ਾਦੀਪੁਰ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਅਤੇ ਕਈ ਹੋਰ ਆਗੂਆਂ ਤੇ ਵਰਕਰਾਂ ਨੇ ਅੱਜ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਜੌੜੀਆਂ ਸੜਕਾਂ ’ਤੇ ਜਾਮ ਲਾਇਆ।
ਅਮਰਗੜ੍ਹ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਨੂੰ ਬਚਾਉਣ ਲਈ ਦਿੱਤੇ ਭਾਰਤ ਬੰਦ ਦੇ ਸੱਦੇ ’ਤੇ ਇੱਥੇ ਬਾਜ਼ਾਰ ਵਿੱਚ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ ਤੇ ਕੁਝ ਦੁਕਾਨਦਾਰ ਦੁਕਾਨਾਂ ਅੱਗੇ ਬੈਠੇ ਗਾਹਕਾਂ ਦੀ ਉਡੀਕ ਕਰਦੇ ਰਹੇ।
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਬਲਦੇਵ ਸਿੰਘ ਕੁੱਲ ਹਿੰਦ ਕਿਸਾਨ ਸਭਾ, ਭਰਭੂਰ ਸਿੰਘ ਮੌੜਾਂ ਬੀਕੇਯੂ ਉਗਰਾਹਾਂ, ਸਰਬਜੀਤ ਸਿੰਘ ਕਪਿਆਲ ਬੀਕੇਯੂ ਰਾਜੇਵਾਲ ਅਤੇ ਗੁਰਮੇਲ ਸਿੰਘ ਬੀਕੇਯੂ ਡਕੌਂਦਾ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ ਧਰਨਾ ਲਗਾਇਆ ਗਿਆ।
ਧਰਨੇ ਨੂੰ ਦਰਸ਼ਨ ਸਿੰਘ ਰੋਗਲਾ, ਜਗਵੰਤ ਸਿੰਘ ਬੂਰੜ, ਚੰਦ ਸਿੰਘ ਰੋਗਲਾ, ਦਲਜੀਤ ਸਿੰਘ ਸਫੀਪੁਰ, ਰਵਿੰਦਰ ਸਿੰਘ, ਕਰਨੈਲ ਸਿੰਘ ਕਾਕੂਵਾਲਾ, ਨਰੰਜਣ ਸਿੰਘ ਸਫੀਪੁਰ, ਗੁਰਤੇਜ ਸਿੰਘ ਜਨਾਲ, ਅਮਰਜੀਤ ਸਿੰਘ,ਦਵਿੰਦਰ ਸਿੰਘ ਬਲਾਕ ਪ੍ਰਧਾਨ ਬੀਕੇਯੂ ਰਾਜੇਵਾਲ, ਭਰਪੂਰ ਸਿੰਘ ਮੌੜਾਂ ਕਾਰਜਕਾਰੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਨਾਇਬ ਸਿੰਘ ਗੁੱਜਰਾਂ ਅਤੇ ਹਰਬੰਸ ਸਿੰਘ ਦਿੜ੍ਹਬਾ ਨੇ ਵੀ ਸੰਬੋਧਨ ਕੀਤਾ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਸੰਯੁਕਤ ਕਿਸਾਨ ਮੋਰਚਾ ਦੀਆਂ ਜਥੇਬੰਦੀਆਂ ਤੇ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਭਾਰਤ ਬੰਦ ਦੇ ਸੱਦੇ ’ਤੇ ਲਹਿਰਾਗਾਗਾ ਬਾਜ਼ਾਰ ਪੂਰਨ ਬੰਦ ਰਿਹਾ। ਕਿਸਾਨ ਜਥੇਬੰਦੀਆਂ ਨੇ ਅੱਜ ਲਹਿਰਾਗਾਗਾ-ਜਾਖਲ-ਪਾਤੜਾਂ ਤਿਕੋਣੀ ’ਤੇ ਚਾਰ ਘੰਟੇ ਜਾਮ ਲਾਇਆ। ਉਧਰ ਟੌਲ ਪਲਾਜ਼ਾ ਚੋਟੀਆਂ ਨੂੰ ਚਾਰ ਘੰਟੇ ਜਾਮ ਰੱਖਿਆ।
ਧੂਰੀ (ਪਵਨ ਕੁਮਾਰ ਵਰਮਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਧੂਰੀ ਦੇ ਕੱਕੜਵਾਲ ਚੌਕ ਵਿੱਚ ਆਵਾਜਾਈ ਠੱਪ ਕਰ ਕੇ ਧਰਨਾ ਲਗਾਇਆ ਗਿਆ। ਇਸ ਮੌਕੇ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਭਾਰਤ ਬੰਦ ਦੇ ਸਮਰਥਨ ਨੂੰ ਲੈ ਕੇ ਦੁਕਾਨਾਂ ਬੰਦ ਰੱਖੀਆਂ ਗਈਆਂ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਮੰਚ ਸੰਚਾਲਨ ਅਮਰੀਕ ਸਿੰਘ ਕਾਂਝਲਾ ਨੇ ਕੀਤਾ।
ਲੌਂਗੋਵਾਲ (ਜਗਤਾਰ ਸਿੰਘ ਨਹਿਲ): ਸੰਯੁਕਤ ਕਿਸਾਨ ਮੋਰਚਾ, ਕੇਂਦਰੀ ਟਰੇਡ ਯੂਨੀਅਨਜ਼ ਅਤੇ ਭਰਾਤਰੀ ਜਥੇਬੰਦੀਆਂ ਦੇ ਭਾਰਤ ਬੰਦ ਦੇ ਸੱਦੇ ’ਤੇ ਲੌਂਗੋਵਾਲ ਦੀਆਂ ਜਨਤਕ, ਜਮਹੂਰੀ, ਕਿਸਾਨ, ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਵਿੱਚ ਪੂਰੇ ਲੌਂਗੋਵਾਲ ਦੇ ਬਾਜ਼ਾਰ ਅਤੇ ਕੰਮ-ਕਾਜ ਬੰਦ ਰਹੇ ਅਤੇ ਬੱਸ ਸਟੈਂਡ ਤੇ ਕਿਸਾਨਾਂ ਵੱਲੋਂ ਆਵਾਜਾਈ ਬੰਦ ਕਰ ਕੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਹਰਦੇਵ ਦੁੱਲਟ ਨੇ ਮੰਚ ਸੰਚਾਲਨ ਕੀਤਾ।
ਸੂਲਰ ਘਰਾਟ (ਹਰਪ੍ਰੀਤ ਸਿੰਘ ਕੋਹਲੀ): ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰ ਕੇ ਸਮਰਥਨ ਦਿੱਤਾ ਗਿਆ। ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਧਰਮਪਾਲ ਗਰਗ, ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰ ਕੁਮਾਰ ਬਾਂਸਲ, ਸਪੇਅਰ ਪਾਰਟਸ ਸੂਲਰ ਘਰਾਟ ਦੇ ਪ੍ਰਧਾਨ ਸਤੀਸ਼ ਕੁਮਾਰ ਤੇ ਵਿੱਕੀ ਬਾਂਸਲ ਨੇ ਦੱਸਿਆ ਕਿ ਵੱਖ ਵੱਖ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਸਮਰਥਨ ਦੇਣ ਲਈ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਦੱਸਿਆ ਕਿ ਸਿਹਤ ਸੇਵਾਵਾਂ ਦੇ ਮੱਦੇਨਜ਼ਰ ਦੁਕਾਨਾਂ ਕੈਮਿਸਟ ਸ਼ੋਪ ਖੋਲ੍ਹਣ ਦੇ ਬਾਵਜੂਦ ਸਮਰਥਨ ਦੇਣ ਲਈ ਕਿਹਾ।
ਸਮਾਣਾ (ਸੁਭਾਸ਼ ਚੰਦਰ): ਸੰਯੁਕਤ ਕਿਸਾਨ ਮੋਰਚਾ, ਕੇਂਦਰੀ ਟਰੇਡ ਯੂਨੀਅਨ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ’ਤੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਸਾਰੇ ਬਾਜ਼ਾਰ ਮੁਕੰਮਲ ਬੰਦ ਰਹੇ। ਬੰਦਾ ਸਿੰਘ ਬਹਾਦਰ ਚੌਕ ਅਤੇ ਪਟਿਆਲਾ ਸੜਕ ’ਤੇ ਕਿਸਾਨ ਜਥੇਬੰਦੀਆਂ ਦੇ ਸੈਂਕੜੇ ਕਾਰਕੁਨਾਂ ਨੇ ਧਰਨਾ ਲਗਾ ਕੇ ਟਰੈਫਿਕ ਨੂੰ ਸ਼ਾਮ ਚਾਰ ਵਜੇ ਤੱਕ ਜਾਮ ਰੱਖਿਆ। ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਨੀਆਂ ਮੰਗਾਂ ਜਲਦੀ ਲਾਗੂ ਕਰਨ ਦੀ ਮੰਗ ਕੀਤੀ ਗਈ।
ਡਕਾਲਾ (ਮਾਨਵਜੋਤ ਸਿੰਘ ਭਿੰਦਰ): ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਸਥਾਨਕ ਇਲਾਕੇ ’ਚ ਕਾਫੀ ਅਸਰ ਦੇਖਣ ਨੂੰ ਮਿਲਿਆ।
ਸਥਾਨਕ ਕਸਬਾ ਡਕਾਲਾ, ਨੇੜਲੇ ਪੈਂਦੇ ਬਲਬੇੜ੍ਹਾ ਤੇ ਨਵਾਂ ਗਾਉਂ ਆਦਿ ਕਸਬਿਆਂ ਦੇ ਬਾਜ਼ਾਰ ਸ਼ਾਮੀ ਚਾਰ ਵਜੇ ਤੱਕ ਕਰੀਬ ਬੰਦ ਰਹੇ। ਗ੍ਰਾਮੀਣ ਖੇਤਰ ’ਚ ਬੱਸ ਸੇਵਾ ਵੀ ਠੱਪ ਰਹੀ। ਐੱਸਕੇਐੱਮ ਨਾਲ ਜੁੜੀਆਂ ਕਿਸਾਨ ਧਿਰਾਂ ਦੇ ਵੱਖ-ਵੱਖ ਆਗੂਆਂ ਨੇ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਦਿਨ ਭਰ ਸਰਗਰਮੀ ਰੱਖੀ।

Advertisement

ਸੰਯੁਕਤ ਕਿਸਾਨ ਮੋਰਚਾ ਵੱਲੋਂ ਰੋਸ ਪ੍ਰਦਰਸ਼ਨ

ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਕਿਸਾਨ ਜਥੇਬੰਦੀਆਂ, ਟਰੇਡ ਯੂਨੀਅਨਾਂ, ਮਜ਼ਦੂਰ ਜਥੇਬੰਦੀਆਂ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ’ਤੇ ਅੱਜ ਸੰਯੁਕਤ ਕਿਸਾਨ ਜਥੇਬੰਦੀਆਂ (ਸਿਆਸੀ) ਵੱਲੋਂ ਇੱਥੋਂ ਦੇ ਅੰਬੇਡਕਰ ਚੌਕ (ਫੁਆਰਾ ਚੌਕ) ’ਤੇ ਸੜਕੀ ਆਵਾਜਾਈ ਠੱਪ ਕਰ ਕੇ ਪ੍ਰਦਰਸ਼ਨ ਕੀਤਾ। ਧਰਨੇ ਨੂੰ ਗੁਰਬਿੰਦਰ ਸਿੰਘ ਧੁੰਮਾਂ, ਹਰਿੰਦਰ ਸਿੰਘ ਲਾਖਾ, ਨੈਬ ਸਿੰਘ, ਰਣਜੀਤ ਸਿੰਘ, ਰਾਜਵਿੰਦਰ ਸਿੰਘ, ਨਿਸ਼ਾਨ ਸਿੰਘ, ਇਕਬਾਲ ਸਿੰਘ, ਗੁਰਮੀਤ ਸਿੰਘ, ਹਰਵਿੰਦਰ ਸਿੰਘ ਸੰਧਾਰਸੀ, ਪ੍ਰੇਮ ਸਿੰਘ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਸਰਕਾਰ ਵੱਲੋਂ ਕਾਰਪੋਰੇਟਾਂ ਦੀ ਅੰਨ੍ਹੀ ਹਮਾਇਤ ਅਤੇ ਕਿਰਤੀ ਲੋਕਾਂ ਦੀ ਲੁੱਟ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ।

Advertisement
Author Image

sukhwinder singh

View all posts

Advertisement
Advertisement
×