For the best experience, open
https://m.punjabitribuneonline.com
on your mobile browser.
Advertisement

ਭਾਰਤ ਬੰਦ: ਕਿਸਾਨਾਂ ਤੇ ਮੁਲਾਜ਼ਮਾਂ ਵੱਲੋਂ ਮਾਰਚ

08:58 AM Feb 14, 2024 IST
ਭਾਰਤ ਬੰਦ  ਕਿਸਾਨਾਂ ਤੇ ਮੁਲਾਜ਼ਮਾਂ ਵੱਲੋਂ ਮਾਰਚ
ਅੰਮ੍ਰਿਤਸਰ ਵਿੱਚ ਮਾਰਚ ਕਰਦੇ ਹੋਏ ਕਿਸਾਨ, ਮਜ਼ਦੂਰ ਤੇ ਮੁਲਾਜ਼ਮ।
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 13 ਫਰਵਰੀ
ਭਾਰਤ ਬੰਦ ਦੇ ਸੱਦੇ ਨੂੰ ਸਫਲ ਕਰਨ ਲਈ ਅੱਜ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਦੇ ਕਾਰਕੁਨਾਂ ਵਲੋਂ ਸ਼ਹਿਰ ਵਿਚ ਮਾਰਚ ਕੱਢਿਆ ਗਿਆ। ਇਸ ਤੋਂ ਪਹਿਲਾਂ ਜਥੇਬੰਦੀਆਂ ਵਲੋਂ ਭੰਡਾਰੀ ਪੁਲ ’ਤੇ ਇਕੱਠ ਕੀਤਾ ਗਿਆ ਜਿਸ ਵਿਚ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਆਗੂਆਂ ਡਾ. ਸਤਨਾਮ ਸਿੰਘ ਅਜਨਾਲਾ, ਜਤਿੰਦਰ ਸਿੰਘ ਛੀਨਾ, ਲਖਬੀਰ ਸਿੰਘ ਨਿਜ਼ਾਮਪੁਰਾ, ਕੁਲਵੰਤ ਸਿੰਘ ਬਾਵਾ, ਸੁਰਿੰਦਰ ਕੁਮਾਰ ਸ਼ਰਮਾ, ਜਗਤਾਰ ਸਿੰਘ ਕਰਮਪੁਰਾ, ਨਰਿੰਦਰ ਬੱਲ, ਧਨਵੰਤ ਸਿੰਘ ਖਤਰਾਏ ਕਲਾਂ, ਸੁੱਚਾ ਸਿੰਘ ਅਜਨਾਲਾ, ਹਰਜੀਤ ਸਿੰਘ, ਗੁਰਦੇਵ ਸਿੰਘ ਬੱਲ ਨੇ ਸੰਬੋਧਨ ਕੀਤਾ। ਇਨ੍ਹਾਂ ਆਗੂਆਂ ਦੀ ਅਗਵਾਈ ਵਿੱਚ ਮਾਰਚ ਅੰਮ੍ਰਿਤਸਰ ਸ਼ਹਿਰ ਦੇ ਹਾਲ ਗੇਟ, ਵਿਰਾਸਤੀ ਮਾਰਗ, ਸ਼ੇਰਾਂ ਵਾਲਾ ਦਰਵਾਜ਼ਾ, ਬੱਸ ਸਟੈਂਡ, ਘਾਹ ਮੰਡੀ, ਰੇਲਵੇ ਸਟੇਸ਼ਨ, ਮਾਡਲ ਟਾਊਨ ਆਦਿ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਪੁਤਲੀਘਰ ਚੌਕ ਵਿੱਚ ਸਮਾਪਤ ਹੋਇਆ। ਪ੍ਰਦਰਸ਼ਨਕਾਰੀ ਮੋਟਰਸਾਈਕਲਾਂ ਤੇ ਸਕੂਟਰਾਂ ਆਦਿ ’ਤੇ ਸਵਾਰ ਸਨ। ਇਸ ਮੌਕੇ ਆਗੂਆਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਮੋਦੀ ਸਰਕਾਰ ਦੇ ਕਾਰਪੋਰੇਟ ਪੱਖੀ ਏਜੰਡੇ ਖਿਲਾਫ 16 ਫਰਵਰੀ ਨੂੰ ਦੁਕਾਨਾਂ ਸਵੈਇੱਛਕ ਤੌਰ ’ਤੇ ਬੰਦ ਕਰਕੇ ਬੰਦ ਨੂੰ ਸਫਲ ਬਣਾਉਣ। ਉਨ੍ਹਾਂ ਦੋਸ਼ ਲਾਇਆ ਕਿ ਵੱਡੀਆਂ ਕੰਪਨੀਆਂ ਨੂੰ ਆਨਲਾਈਨ ਕਾਰੋਬਾਰ ਦੀ ਖੁੱਲ੍ਹ ਦੇ ਕੇ ਆਮ ਦੁਕਾਨਦਾਰਾਂ ਦੇ ਕਾਰੋਬਾਰ ਨੂੰ ਵੱਡੀ ਸੱਟ ਮਾਰ ਰਹੀ ਹੈ, ਕਿਸਾਨੀ ਧੰਦੇ ਨੂੰ ਘਾਟੇਵੰਦ ਬਣਾ ਕੇ ਤੇ ਕਿਸਾਨੀ ਨੂੰ ਕਰਜ਼ਾਈ ਕਰਕੇ ਕਿਸਾਨ ਦੀ ਖਰੀਦ ਸ਼ਕਤੀ ਬੇਹੱਦ ਕਮਜ਼ੋਰ ਕਰ ਦਿੱਤੀ ਗਈ ਹੈ ਜਿਸ ਕਾਰਨ ਬਾਜ਼ਾਰ ਵਿੱਚ ਮੰਦੀ ਚੱਲ ਰਹੀ ਹੈ ਤੇ ਦੁਕਾਨਦਾਰ ਪ੍ਰੇਸ਼ਾਨ ਹਨ।

Advertisement

ਸਵਾਰੀਆਂ ਦੀ ਪ੍ਰੇਸ਼ਾਨੀ ਤੇ ਰੇਲ ਗੱਡੀਆਂ ਦੀ ਵੇਟਿੰਗ ਵਧੀ; ਹਵਾਈ ਉਡਾਣਾਂ ਦੇ ਕਿਰਾਏ ਵਧੇ

ਜਲੰਧਰ (ਹਤਿੰਦਰ ਮਹਿਤਾ): ਕਿਸਾਨਾਂ ਦੇ ਦਿੱਲੀ ਕੂਚ ਦਾ ਅਸਰ ਸ਼ਹਿਰ ’ਤੇ ਪਹਿਲਾਂ ਹੀ ਦਿਖਾਈ ਦੇ ਰਿਹਾ ਹੈ। ਹਰਿਆਣਾ ’ਚ ਰੋਡ ਬੰਦ ਹੋਣ ਕਾਰਨ ਬੱਸਾਂ ’ਚ ਸਵਾਰੀਆਂ ਦੀ ਗਿਣਤੀ ਅੱਧੀ ਰਹਿ ਗਈ ਹੈ। ਇਸ ਕਾਰਨ ਰੋਡਵੇਜ਼ ਨੇ ਜਲੰਧਰ-ਦਿੱਲੀ ਹਵਾਈ ’ਤੇ ਵੋਲਵੋ ਦੀ ਗਿਣਤੀ ਵੀ ਛੇ ਤੋਂ ਘਟਾ ਕੇ ਦੋ ਕਰ ਦਿੱਤੀ ਹੈ। ਇਸ ਦੇ ਨਾਲ ਹੀ ਯਾਤਰੀਆਂ ਦੀ ਗਿਣਤੀ ਨੂੰ ਧਿਆਨ ’ਚ ਰੱਖਦਿਆਂ ਹੀ ਆਮ ਬੱਸਾਂ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ ਜਿਸ ਕਾਰਨ ਸਵਾਰੀਆਂ ਕਾਫੀ ਪ੍ਰੇਸ਼ਾਨ ਹੋ ਰਹੇ ਹਨ। ਜਲੰਧਰ ਤੋਂ ਦਿੱਲੀ, ਉਤਰਾਖੰਡ, ਯੂਪੀ ਅਤੇ ਹੋਰ ਥਾਵਾਂ ’ਤੇ ਜਾਣ ਲਈ ਉਨ੍ਹਾਂ ਨੂੰ ਜ਼ੀਰਕਪੁਰ, ਪੰਚਕੂਲਾ ਤੋਂ ਸਾਹਿਬਾਬਾਦ ਰਾਹੀਂ ਦਿੱਲੀ ਜਾਣਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ 80 ਤੋਂ 100 ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈ ਰਿਹਾ ਹੈ। ਪੰਜਾਬ-ਹਰਿਆਣਾ ਸਰਹੱਦ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਧਰਨੇ ਕਾਰਨ ਜਲੰਧਰ ਤੋਂ ਦਿੱਲੀ ਵੱਲ ਚੱਲਣ ਵਾਲੀ ਬੱਸ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪੰਜਾਬ ਰੋਡਵੇਜ਼ ਜਲੰਧਰ ਦੀ ਮੈਨੇਜਮੈਂਟ ਨੇ ਇੰਦਰਾ ਗਾਂਧੀ ਇੰਟਰਨੈਸ਼ਨਲ ਆਈਜੀਆਈ ਏਅਰਪੋਰਟ, ਨਵੀਂ ਦਿੱਲੀ ਤੱਕ ਚੱਲਣ ਵਾਲੀਆਂ ਬੱਸਾਂ ਨੂੰ ਰੋਕ ਦਿੱਤਾ ਹੈ। ਹੁਣ ਜਲੰਧਰ ਤੋਂ ਏਅਰਪੋਰਟ ਲਈ ਸਿਰਫ ਦੋ ਵੋਲਵੋ ਰੋਡਵੇਜ਼ ਬੱਸਾਂ ਚੱਲ ਰਹੀਆਂ ਹਨ, ਜੋ ਦੁਪਹਿਰ 1 ਵਜੇ ਤੇ ਰਾਤ 8:30 ਵਜੇ ਚੱਲਦੀਆਂ ਹਨ। ਦਿੱਲੀ ਤੋਂ ਕੈਨੇਡਾ ਜਾਣ ਵਾਲੀ ਫਲਾਈਟ ਫੜਨ ਵਾਲੀ ਵੀਰ ਕੌਰ ਨੇ ਕਿਹਾ ਕਿ ਹੁਣ ਉਸ ਨੇ ਮਜਬੂਰੀ ’ਚ ਅੰਮ੍ਰਿਤਸਰ ਤੋਂ ਦਿੱਲੀ ਲਈ ਫਲਾਈਟ ਬੁੱਕ ਕਰਵਾਈ ਹੈ। ਇਸੇ ਤਰ੍ਹਾਂ ਕਈ ਹੋਰ ਯਾਤਰੀ ਹੁਣ ਦਿੱਲੀ ਜਾਣ ਲਈ ਅੰਮ੍ਰਿਤਸਰ ਤੋਂ ਫਲਾਈਟ ਲੈਣ ਨੂੰ ਤਰਜੀਹ ਦੇ ਰਹੇ ਹਨ। ਹਰਿਆਣਾ ਦੇ ਰਸਤੇ ਜਾਣ ਵਾਲੀਆਂ ਜ਼ਿਆਦਾਤਰ ਬੱਸਾਂ ਜਲੰਧਰ ਬੱਸ ਸਟੈਂਡ ’ਤੇ ਖੜ੍ਹੀਆਂ ਰਹੀਆਂ। ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਗਿਣਤੀ ’ਚ ਅਚਾਨਕ ਭਾਰੀ ਕਮੀ ਆਈ ਹੈ। ਕਿਸਾਨਾਂ ਦੇ ਦਿੱਲੀ ਕੂਚ ਕਾਰਨ ਜਲੰਧਰ ਦੀਆਂ ਸਨਅਤਾਂ ਨੂੰ ਵੀ ਚਿੰਤਾ ਸਤਾਉਣ ਲੱਗੀ ਹੈ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਰੋਬਾਰ ਨੂੰ ਘਾਟੇ ਦਾ ਡਰ ਸਤਾ ਰਿਹਾ ਹੈ। ਇਸ ਤੋਂ ਇਲਾਵਾ ਹਵਾਈ ਜਹਾਜ਼ਾਂ ਦੀਆਂ ਟਿਕਟਾਂ ਵੀ ਪਹਿਲਾਂ ਨਾਲੋਂ ਖਾਸੀਆਂ ਮਹਿੰਗੀਆਂ ਹੋ ਗਈਆਂ ਹਨ ਜਿਸ ਕਾਰਨ ਯਾਤਰੀਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਹਵਾਈ ਕੰਪਨੀਆਂ ਨੇ ਵੀ ਮੰਗ ਵਧਣ ਕਾਰਨ ਉਡਾਣਾਂ ਦੀਆਂ ਟਿਕਟਾਂ ਮਹਿੰਗੀਆਂ ਕਰ ਦਿੱਤੀਆਂ ਹਨ ਪਰ ਸੰਕਟ ਕਾਰਨ ਲੋਕ ਮਹਿੰਗੇ ਭਾਅ ਟਿਕਟਾਂ ਖਰੀਦਣ ਲਈ ਮਜਬੂਰ ਹਨ। ਦੂਜੇ ਪਾਸੇ ਰੇਲਵੇ ਟਿਕਟਾਂ ਦੀ ਵੇਟਿੰਗ ਵੀ ਕਾਫੀ ਵੱਧ ਗਈ ਹੈ।

Advertisement

Advertisement
Author Image

sukhwinder singh

View all posts

Advertisement