ਇੱਕ ਦਿਨ ਲਈ ਡਿਪਟੀ ਕਮਿਸ਼ਨਰ ਬਣੀ ਭਾਨਵੀ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 26 ਦਸੰਬਰ
ਇਥੇ ਛੇਵੀਂ ਜਮਾਤ ਦੀ ਵਿਦਿਆਰਥਣ ਇਥੇ ਇੱਕ ਦਿਨ ਲਈ ਡਿਪਟੀ ਕਮਿਸ਼ਨਰ ਬਣੀ ਹੈ, ਜਿਸ ਨੂੰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਆਪਣੀ ਕੁਰਸੀ ’ਤੇ ਬਿਠਾਇਆ।
ਇਹ ਵਿਦਿਆਰਥਣ ਛੇਵੀਂ ਜਮਾਤ ਵਿੱਚ ਪੜ੍ਹਦੀ ਬੱਚੀ ਹੈ, ਜਿਸ ਦਾ ਭਾਨਵੀ ਹੈ, ਇਸ ਦਾ ਸੁਪਨਾ ਵੱਡੇ ਹੋ ਕੇ ਸਿਵਲ ਸਰਵਿਸ ਦੀ ਪ੍ਰੀਖ਼ਿਆ ਪਾਸ ਕਰਕੇ ਡਿਪਟੀ ਕਮਿਸ਼ਨਰ ਬਣਨ ਦਾ ਹੈ। ਬੱਚੀ ਨੇ ਹਿੰਮਤ ਕਰਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਫੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਬੱਚੀ ਨੂੰ ਆਪਣੇ ਦਫਤਰ ਸੱਦਿਆ ਅਤੇ ਡਿਪਟੀ ਕਮਿਸ਼ਨਰ ਦੀ ਕੁਰਸੀ ’ਤੇ ਬਿਠਾ ਕੇ ਇੱਕ ਦਿਨ ਦਾ ਡਿਪਟੀ ਕਮਿਸ਼ਨਰ ਕਹਿੰਦੇ ਹੋਏ ਸਾਰੀਆਂ ਜਿੰਮੇਵਾਰੀਆਂ ਸਮਝਾਈਆਂ। ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਨੇ ਪਹਿਲਾਂ ਹੀ ਇਹ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਕਿ ਜੋ ਵੀ ਬੱਚੇ ਆਪਣੇ ਭਵਿੱਖ ਦਾ ਸੁਪਨਾ ਲੈਂਦੇ ਹਨ, ਉਨ੍ਹਾਂ ਨੂੰ ਸੁਪਨਾ ਪੂਰਾ ਕਰਨ ਲਈ ਮੁੱਢਲੀ ਜਾਣਕਾਰੀ ਤੋਂ ਇਲਾਵਾ, ਜੋ ਵੀ ਸਿੱਖਿਆ ਚਾਹੀਦੀ ਹੋਵੇ ਉਹ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਅੱਜ ਉਨ੍ਹਾਂ ਭਾਨਵੀ ਨੂੰ ਆਪਣੇ ਮਾਪਿਆਂ ਨਾਲ ਦਫਤਰ ਆਉਣ ਦਾ ਸੱਦਾ ਦਿੱਤਾ ਅਤੇ ਆਪਣੀ ਗੱਡੀ ਭੇਜ ਕੇ ਬੱਚੀ ਨੂੰ ਮਾਪਿਆਂ ਸਮੇਤ ਦਫਤਰ ਬੁਲਾਇਆ, ਜਿੱਥੇ ਉਨ੍ਹਾਂ ਨੇ ਬੱਚੀ ਨੂੰ ਡਿਪਟੀ ਕਮਿਸ਼ਨਰ ਦੀਆਂ ਜ਼ਿੰਮੇਵਾਰੀਆਂ, ਸਮਾਜ ਦੀਆਂ ਲੋੜਾਂ, ਸਿਵਲ ਸਰਵਿਸ ਦੀ ਪ੍ਰੀਖ਼ਿਆ ਪਾਸ ਕਰਨ ਲਈ ਯੋਗਤਾ ਅਤੇ ਪੜ੍ਹਾਈ ਲਈ ਕੀਤੀ ਜਾਣ ਵਾਲੀ ਮਿਹਨਤ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਡੀਸੀ ਵੱਲੋਂ ਮੁੜ ਵਸੇਬਾ ਅਤੇ ਨਸ਼ਾ ਛੁਡਾਉ ਕੇਂਦਰ ਦਾ ਦੌਰਾ
ਸਥਾਨਕ ਮੈਡੀਕਲ ਕਾਲਜ ਵਿੱਚ ਚੱਲ ਰਹੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਉ ਅਤੇ ਮੁੜ ਵਸੇਬਾ ਕੇਂਦਰ ਦਾ ਦੌਰਾ ਕਰਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਹਦਾਇਤ ਕੀਤੀ ਕਿ ਨਸ਼ੇ ਦੇ ਪੀੜਤ ਰੋਗੀਆਂ ਦਾ ਮੁਕੰਮਲ ਇਲਾਜ ਤੱਕ ਦੇ ਪ੍ਰਬੰਧ ਹਸਪਤਾਲ ਕਰੇ। ਇਸ ਮੌਕੇ ਸੈਂਟਰ ਇੰਚਾਰਜ ਡਾਕਟਰ ਨੀਰੂ ਬਾਲਾ ਨੇ ਦੱਸਿਆ ਕਿ ਇਸ ਕੇਂਦਰ ਵਿਚ ਨਸ਼ੇ ਤੋਂ ਪੀੜਤ ਵਿਅਕਤੀਆਂ ਨੂੰ ਦਾਖਲ ਕਰਕੇ ਇਲਾਜ ਕਰਨ ਦਾ ਪ੍ਰਬੰਧ ਹੈ ਅਤੇ ਇਸ ਲਈ 50 ਬਿਸਤਰਿਆਂ ਦਾ ਹਸਪਤਾਲ ਹੈ, ਜਿੱਥੇ ਮੈਡੀਕਲ ਕਾਲਜ ਹੋਣ ਕਾਰਨ ਹਰੇਕ ਤਰ੍ਹਾਂ ਦੇ ਡਾਕਟਰ ਦੀ ਸਹੂਲਤ ਮੌਜੂਦ ਹੈ। ਮੈਡੀਕਲ ਕਾਲਜ ਅਧੀਨ ਓਟ ਸੈਂਟਰ, ਨਸ਼ਾ ਛੁਡਾਉ ਕੇਂਦਰ ਅਤੇ ਮੁੜ ਵਸੇਬਾ ਕੇਂਦਰ ਕੰਮ ਕਰ ਰਹੇ ਹਨ, ਜਿਥੇ ਰੋਜਾਨਾ ਨਸ਼ੇ ਤੋਂ ਪੀੜਤ ਵਿਅਕਤੀਆਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ। ਸੈਂਟਰ ਵਿੱਚ ਕੌਂਸਲਰਜ਼ ਵੀ ਮੌਜੂਦ ਹਨ, ਜੋ ਕਿ ਨਸ਼ਾ ਪੀੜਤਾਂ ਨਾਲ ਕੌਂਸਲਿੰਗ ਕਰਕੇ ਨਸ਼ਾ ਛੱਡਣ ਲਈ ਪ੍ਰੇਰਿਤ ਕਰਦੇ ਹਨ।