ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਛੇ ਦਿਨਾਂ ਵਿੱਚ ਹੋਵੇਗੀ ਭਾਨਾ ਸਿੱਧੂ ਦੀ ਰਿਹਾਈ

10:42 AM Feb 04, 2024 IST
ਸਹਿਮਤੀ ਮਗਰੋਂ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਏਡੀਜੀਪੀ ਜਸਕਰਨ ਸਿੰਘ।

ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਫਰਵਰੀ
ਇੱਥੇ ਭਾਨਾ ਸਿੱਧੂ ਦੀ ਰਿਹਾਈ ਲਈ ਕੌਮੀ ਮਾਰਗ-7 ’ਤੇ ਚੱਲ ਰਹੇ ਧਰਨੇ ਦੌਰਾਨ ਅੱਜ ਦੇਰ ਸ਼ਾਮ ਪ੍ਰਦਰਸ਼ਨਕਾਰੀਆਂ ਤੇ ਪ੍ਰਸ਼ਾਸਨ ਵਿਚਾਲੇ ਸਹਿਮਤੀ ਬਣ ਗਈ। ਪੰਜਾਬ ਸਰਕਾਰ ਵੱਲੋਂ ਏਡੀਜੀਪੀ ਜਸਕਰਨ ਸਿੰਘ, ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਲੱਖਾ ਸਿਧਾਣਾ ਅਤੇ ਕਿਸਾਨ ਆਗੂਆਂ ਸੁਰਜੀਤ ਸਿੰਘ ਫੂਲ ਤੇ ਜਸਵਿੰਦਰ ਸਿੰਘ ਲੌਂਗੋਵਾਲ ਸਮੇਤ ਹੋਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਇਸ ਸਬੰਧੀ ਸਰਕਾਰ ਵੱਲੋਂ ਲਿਖਤੀ ਪੱਤਰ ਵੀ ਦਿੱਤਾ ਗਿਆ ਹੈ। ਮੀਟਿੰਗ ਮਗਰੋਂ ਲੱਖਾ ਸਿਧਾਣਾ ਨੇ ਦੱਸਿਆ ਕਿ ਛੇ ਦਿਨਾਂ ਦੇ ਅੰਦਰ-ਅੰਦਰ ਭਾਨਾ ਸਿੱਧੂ ਦੀ ਬਿਨਾ ਸ਼ਰਤ ਰਿਹਾਈ ਹੋਵੇਗੀ ਅਤੇ ਅੱਜ ਹਿਰਾਸਤ ’ਚ ਲਏ ਗਏ ਵੱਖ-ਵੱਖ ਆਗੂਆਂ ਤੇ ਵਰਕਰ ਵੀ ਰਿਹਾਅ ਕਰ ਦਿੱਤੇ ਜਾਣਗੇ।
ਇਸ ਤੋਂ ਪਹਿਲਾਂ ਭਾਨਾ ਸਿੱਧੂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੇ ਦਿੱਤੇ ਗਏ ਸੱਦੇ ਤਹਿਤ ਵੱਡੀ ਗਿਣਤੀ ਲੋਕਾਂ ਨੇ ਪੁਲੀਸ ਦੀਆਂ ਰੋਕਾਂ ਤੋੜਦਿਆਂ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਜ਼ੀਰਕਪੁਰ-ਬਠਿੰਡਾ ਕੌਮੀ ਮਾਰਗ ਜਾਮ ਕਰ ਦਿੱਤਾ। ਪਿੰਡ ਖੇੜੀ ਅਤੇ ਬਡਰੁੱਖਾਂ ਨੇੜੇ ਲਗਾਏ ਨਾਕਿਆਂ ’ਤੇ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਟਕਰਾਅ ਹੋਇਆ। ਇਸ ਦੌਰਾਨ ਖੇੜੀ ਨੇੜੇ ਨਾਕੇ ’ਤੇ ਪ੍ਰਦਰਸ਼ਨਕਾਰੀਆਂ ਵੱਲੋਂ ਪੁਲੀਸ ’ਤੇ ਪਥਰਾਅ ਕੀਤਾ ਗਿਆ, ਜਿਸ ਦੇ ਜਵਾਬ ਵਿੱਚ ਪੁਲੀਸ ਨੇ ਹਲਕਾ ਲਾਠੀਚਾਰਜ ਕੀਤਾ।
ਪੁਲੀਸ ਵੱਲੋਂ ਸੰਗਰੂਰ, ਮਾਨਸਾ ਅਤੇ ਨਿਹਾਲ ਸਿੰਘ ਵਾਲਾ ਸਮੇਤ ਹੋਰ ਇਲਾਕਿਆਂ ਤੋਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਆਗੂ ਨਿਰਮਲ ਸਿੰਘ ਝੰਡੂਕੇ, ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਗੁਰਸੇਵਕ ਸਿੰਘ ਜਵਾਹਰਕੇ, ਐਂਟੀ ਡਰੱਗ ਟਾਸਕ ਫੋਰਸ ਦੇ ਨੌਜਵਾਨ ਆਗੂ ਪਰਵਿੰਦਰ ਸਿੰਘ ਝੋਟਾ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਸਮੇਤ ਹੋਰ ਵੱਖ-ਵੱਖ ਕਿਸਾਨ, ਮਜ਼ਦੂਰ ਤੇ ਸਿਆਸੀ ਆਗੂਆਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਇਸੇ ਦੌਰਾਨ ਪੁਲੀਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਉਨ੍ਹਾਂ ਦੀ ਮੋਰਿੰਡਾ ਸਥਿਤ ਰਿਹਾਇਸ਼ ਵਿੱਚ ਨਜ਼ਰਬੰਦ ਕਰ ਦਿੱਤਾ ਸੀ।

Advertisement

Advertisement
Advertisement