ਭਾਨਾ ਸਿੱਧੂ ਮਾਮਲਾ: ਸੰਗਰੂਰ ਜਾਣ ਤੋਂ ਰੋਕਣ ’ਤੇ ਕਿਸਾਨਾਂ ਵੱਲੋਂ ਧਰਨਾ
ਦੇਵਿੰਦਰ ਸਿੰਘ ਜੱਗੀ
ਪਾਇਲ, 3 ਫਰਵਰੀ
ਕਸਬਾ ਜੌੜੇਪੁਲ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (ਏਕਤਾ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਵਫਦ ਨੂੰ ਭਾਨਾ ਸਿੱਧੂ ਦੀ ਰਿਹਾਈ ਲਈ ਸੰਗਰੂਰ ਵਿਚ ਰੋਸ ਪ੍ਰਦਰਸ਼ਨ ਵਿੱਚ ਜਾਣ ਤੋਂ ਰੋਕਿਆ ਗਿਆ ਜਿਸ ’ਤੇ ਕਿਸਾਨਾਂ ਨੇ ਧਰਨਾ ਲਾ ਦਿੱਤਾ। ਪੁਲੀਸ ਵਲੋਂ ਤਰਕ ਦਿੱਤਾ ਗਿਆ ਕਿ ਇਨ੍ਹਾਂ ਨੂੰ ਅਮਨ ਸ਼ਾਂਤੀ ਭੰਗ ਨਾ ਹੋਣ ਕਰ ਕੇ ਰੋਕਿਆ ਗਿਆ ਹੈ। ਇਸ ਮੌਕੇ ਬਲਾਕ ਸੁਧਾਰ, ਰਾਜੋਆਣਾ, ਹੇਰਾਂ, ਐਤੀਆਣਾ, ਪੱਖੋਵਾਲ, ਡਾਂਗੀ, ਲੀਲਾਂ, ਟੂਸਾ, ਅੱਬੂਵਾਲ, ਬੱਸੀ ਪਠਾਣਾਂ ਤੋਂ ਜਥੇਬੰਦੀਆਂ ਦੇ ਮੈਂਬਰ ਤੇ ਅਹੁਦੇਦਾਰ ਮੌਜੂਦ ਸਨ। ਕਿਸਾਨ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ, ਗੁਰਦੀਪ ਸਿੰਘ ਕੋਟਲਾ, ਇਕਬਾਲ ਸਿੰਘ ਫਤਿਹਗੜ੍ਹ ਸਾਹਿਬ, ਪ੍ਰਧਾਨ ਜਤਿੰਦਰ ਜੋਤੀ ਹਲਵਾਰਾ, ਹਰਦੇਵ ਸਿੰਘ ਰੱਤੋਵਾਲ, ਗੁਰਜਿੰਦਰ ਸਿੰਘ ਗੱਗੀ ਯੂਥ ਪ੍ਰਧਾਨ ਫਤਿਹਗੜ੍ਹ ਸਾਹਿਬ ਨੇ ਕਿਹਾ ਕਿ ਪੰਜਾਬ ਸਰਕਾਰ ਏਜੰਟਾਂ ਤੋਂ ਲੋਕਾਂ ਦੇ ਪੈਸੇ ਵਾਪਸ ਕਰਵਾਉਣ ਵਾਲੇ ਭਾਨਾ ਸਿੱਧੂ ਨਾਲ ਧੱਕਾ ਕਰ ਰਹੀ ਹੈ ਜੋ ਸਰਾਸਰ ਗਲਤ ਹੈ। ਇਸ ਮੌਕੇ ਡੀਐੱਸਪੀ ਪਾਇਲ ਨਿਖਿਲ ਗਰਗ ਪੁੱਜੇ ਜਿਨ੍ਹਾਂ ਧਰਨਾਕਾਰੀਆਂ ਨੂੰ ਬੜੀ ਹਲੀਮੀ ਤੇ ਸੂਝਬੂਝ ਨਾਲ ਸਮਝਾਉਂਦਿਆਂ ਸ਼ਾਂਤਮਈ ਤਰੀਕੇ ਨਾਲ ਧਰਨਾ ਚੁਕਵਾਇਆ। ਇਸ ਮੌਕੇ ਥਾਣਾ ਪਾਇਲ ਦੇ ਮੁੱਖ ਅਫਸਰ ਸੰਤੋਖ ਸਿੰਘ, ਥਾਣੇਦਾਰ ਗੁਰਮੀਤ ਸਿੰਘ ਚੀਮਾ, ਚੌਕੀ ਇੰਚਾਰਜ ਪਰਮਿੰਦਰ ਸਿੰਘ ਜੱਲਾ, ਹੌਲਦਾਰ ਕਰਮਜੀਤ ਸਿੰਘ, ਮੁਨਸ਼ੀ ਪਰਮਜੀਤ ਸਿੰਘ ਪੰਮੀ ਵੀ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਘਰ ਅੰਦਰ ਕੀਤੇ ਨਜ਼ਰਬੰਦ
ਪਾਇਲ: ਭਾਨਾ ਸਿੱਧੂ ਦੀ ਬਿਨਾਂ ਸ਼ਰਤ ਰਿਹਾਈ ਲਈ ਅੱਜ ਸੰਗਰੂਰ ਵਿਚ ਮੁੱਖ ਮੰਤਰੀ ਦੀ ਕੋਠੀ ਅੱਗੇ ਕੀਤੇ ਜਾ ਰਹੇ ਇਕੱਠ ਨੂੰ ਅਸਫ਼ਲ ਬਣਾਉਣ ਲਈ ਪੁਲੀਸ ਥਾਣਾ ਮਲੌਦ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਪਿੰਡ ਸਿਹੌੜਾ ਦੇ ਪੁਲੀਸ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਜਥੇਦਾਰ ਬਲਵਿੰਦਰ ਸਿੰਘ ਸਿਹੌੜਾ ਨੇ ਕਿਹਾ ਕਿ ਬਦਲਾਅ ਦੇ ਰਾਜ ਭਾਗ ਵਾਲੇ ਅੱਜ ਪੰਜਾਬੀਆਂ ਨੂੰ ਡਰਾਉਣ-ਧਮਕਾਉਣ ਉੱਪਰ ਉੱਤਰ ਆਏ ਹਨ ਕਿ ਸੱਚ ਬੋਲਣ ਦੀ ਹਿੰਮਤ ਨਾ ਕੀਤੀ ਜਾਵੇ, ਜੋ ਪੁਲੀਸ ਵੱਲੋਂ ਘਰ ਅੰਦਰ ਹੀ ਬੰਦ ਕੀਤੇ ਗਏ ਹਨ। ਇਹੋ ਜਿਹੀਆਂ ਜ਼ਬਰਦਸਤੀਆਂ ਦਾ ਪੰਜਾਬ ਵਾਸੀ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਜਵਾਬ ਦੇਣਗੇ। ਵਰਨਣਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਜਥੇਦਾਰ ਬਲਵਿੰਦਰ ਸਿੰਘ ਸਿਹੌੜਾ, ਕੋਚ ਸੁਰਜੀਤ ਸਿੰਘ ਧਮੋਟ ਕਲਾਂ, ਸੰਤੋਖ ਸਿੰਘ ਸਿਹੌੜਾ, ਜਥੇਦਾਰ ਪਰਮਜੀਤ ਸਿੰਘ ਕਿਸ਼ਨਗੜ੍ਹ ਅਤੇ ਹਰਬੰਸ ਸਿੰਘ ਕਿਸ਼ਨਗੜ੍ਹ ਨੂੰ ਮਾਲੇਰਕੋਟਲਾ ਪੁਲੀਸ ਨੇ ਥਾਣਾ ਮਲੌਦ ਵਿੱਚ ਡੱਕ ਦਿੱਤਾ ਸੀ ਜਿੱਥੇ ਉਨ੍ਹਾਂ ਨੂੰ ਸ਼ਾਮ ਵੇਲੇ ਰਿਹਾਅ ਕਰ ਦਿੱਤਾ ਗਿਆ ਸੀ।