ਭਾਕਿਯੂ ਡਕੌਂਦਾ ਦਾ ਬਲਾਕ ਬਰਨਾਲਾ ਦਾ ਜਥੇਬੰਦਕ ਚੋਣ ਇਜਲਾਸ, ਬਾਬੂ ਸਿੰਘ ਖੁੱਡੀਕਲਾਂ ਪ੍ਰਧਾਨ ਤੇ ਕੁਲਵਿੰਦਰ ਉੱਪਲੀ ਜਰਨਲ ਸਕੱਤਰ ਬਣੇ
ਪਰਸ਼ੋਤਮ ਬੱਲੀ
ਬਰਨਾਲਾ, 30 ਸਤੰਬਰ
ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਬਲਾਕ ਬਰਨਾਲਾ ਦਾ ਡੈਲੀਗੇਟ ਇਜਲਾਸ ਇੱਥੇ ਕੋਠੇ ਰਸੂਲਪੁਰ ਵਿਖੇ ਕੀਤਾ ਗਿਆ। ਇਜਲਾਸ ਨਿਗਰਾਨ ਵਜੋਂ ਕੁਲਵੰਤ ਸਿੰਘ ਭਦੌੜ, ਸਾਹਿਬ ਸਿੰਘ ਬਡਬਰ, ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ ਅਤੇ ਅਮਰਜੀਤ ਕੌਰ ਹਾਜ਼ਰ ਰਹੇ। ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰ ਰਹੇ ਸੂਬਾਈ ਆਗੂ ਬਲਵੰਤ ਸਿੰਘ ਉੱਪਲੀ ਨੇ ਜਿੱਥੇ ਕਿਸਾਨੀ ਤੇ ਕਿਰਤੀ ਲੋਕਾਈ
ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਣੂ ਕਰਵਾਇਆ ਉੱਥੇ ਕਿਹਾ ਕਿ ਆਉਣ ਵਾਲਾ ਸਮਾਂ ਕਿਸਾਨਾਂ ਸਮੇਤ ਹੋਰ ਤਬਕਿਆਂ ਦੀ ਇੱਕਜੁੱਟਤਾ ਨਾਲ ਲੜੇ ਜਾਣ ਵਾਲੇ ਸੰਘਰਸ਼ਾਂ ਦਾ ਹੋਵੇਗਾ। ਡੈਲੀਗੇਟਾਂ ਨੇ ਸਰਬਸੰਮਤੀ ਨਾਲ 15 ਮੈਂਬਰੀ ਬਲਾਕ ਕਮੇਟੀ ਅਤੇ ਅਹੁਦੇਦਰਾਂ ਦੀ ਚੋਣ ਕੀਤੀ ਗਈ।
ਚੋਣ ਸਮੇਂ ਪ੍ਰਧਾਨ ਬਾਬੂ ਸਿੰਘ ਖੁੱਡੀਕਲਾਂ, ਜਨਰਲ ਸਕੱਤਰ ਕੁਲਵਿੰਦਰ ਸਿੰਘ ਉੱਪਲੀ, ਖਜ਼ਾਨਚੀ ਗੋਪਾਲ ਕ੍ਰਿਸ਼ਨ ਹਮੀਦੀ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਹੰਢਿਆਇਆ,ਮੀਤ ਪ੍ਰਧਾਨ ਸਤਨਾਮ ਸਿੰਘ ਬਰਨਾਲਾ, ਬਲਵੰਤ ਸਿੰਘ ਠੀਕਰੀਵਾਲਾ,ਬੂਟਾ ਸਿੰਘ ਫਰਵਾਹੀ, ਜਗਜੀਤ ਸਿੰਘ ਖੁੱਡੀਕਲਾਂ, ਵਾਹਿਗੁਰੂ ਸਿੰਘ, ਬਲਦੇਵ ਕੌਰ, ਮਨਜੀਤ ਕੌਰ ਖੁੱਡੀਕਲਾਂ, ਅਜੈਬ ਸਿੰਘ, ਪ੍ਰੈੱਸ ਸਕੱਤਰ ਰਣ ਸਿੰਘ ਉੱਪਲੀ, ਜਥੇਬੰਦਕ ਸਕੱਤਰ ਗੁਰਮੀਤ ਸਿੰਘ ਬਰਨਾਲਾ, ਸਹਾਇਕ ਖਜ਼ਾਨਚੀ ਜਰਨੈਲ ਸਿੰਘ ਖੁੱਡੀਕਲਾਂ ਚੁਣੇ ਗਏ। ਕਿਸਾਨੀ ਮੰਗਾਂ ਸਬੰਧੀ ਮਤੇ ਵੀ ਪਾਸ ਕੀਤੇ ਗਏ ਤੇ ਪੁਲੀਸ, ਸਮਗਲਰ ਅਤੇ ਗੁੰਡਾ ਗਠਜੋੜ ਦੇ ਖ਼ਿਲਾਫ਼ ਨਸ਼ਾ ਬੰਦੀ ਮੁਹਿੰਮ ਵੀ ਚਲਾਉਣ ਦਾ ਐਲਾਨ ਕੀਤਾ ਗਿਆ। ਜ਼ਮੀਨੀ ਘੋਲ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੇ 11 ਅਕਤੂਬਰ ਨੂੰ ਮਨਾਏ ਜਾ ਰਹੇ 13 ਵੇਂ ਸ਼ਰਧਾਂਜਲੀ ਸਮਾਗਮ ਵਿੱਚ ਭਰਵੀਂ ਸਮੂਲੀਅਤ ਕਰਨ ਦਾ ਵੀ ਫੈਸਲਾ ਕੀਤਾ।