ਭਾਕਿਯੂ ਉਗਰਾਹਾਂ ਨੇ ਮਜ਼ਦੂਰ ਦੇ ਘਰ ਦੀ ਕੁਰਕੀ ਕਰਨ ਆਏ ਬੈਂਕ ਅਧਿਕਾਰੀ ਘੇਰੇ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 7 ਦਸੰਬਰ
ਇਥੇ ਅਜੀਤ ਨਗਰ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਇਕ ਮਜ਼ਦੂਰ ਦੇ ਘਰ ਦੀ ਕੁਰਕੀ ਕਰਨ ਲਈ ਆਏ ਬੈਂਕ ਅਧਿਕਾਰੀਆਂ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਬਲਾਕ ਆਗੂ ਮਨਜੀਤ ਸਿੰਘ ਘਰਾਚੋਂ, ਗੁਰਚੇਤ ਸਿੰਘ ਭੱਟੀਵਾਲ, ਹਰਜੀਤ ਸਿੰਘ ਮਹਿਲਾਂ, ਹਰਜਿੰਦਰ ਸਿੰਘ ਘਰਾਚੋਂ ਅਤੇ ਕਸ਼ਮੀਰ ਸਿੰਘ ਆਲੋਅਰਖ ਨੇ ਦੱਸਿਆ ਕਿ ਮਜ਼ਦੂਰ ਧਰਮ ਸਿੰਘ ਨੇ ਕੁਝ ਸਮਾਂ ਪਹਿਲਾਂ ਕਰਜ਼ ਲਿਆ ਸੀ ਅਤੇ ਉਹ ਇਸ ਲੋਨ ਦੀਆਂ ਕਿਸ਼ਤਾਂ ਵੀ ਭਰਦਾ ਰਿਹਾ, ਪਰ ਕਰੋਨਾ ਦੌਰਾਨ ਕੰਮ ਠੱਪ ਹੋ ਜਾਣ ਕਾਰਨ ਕਿਸ਼ਤਾਂ ਨਹੀਂ ਭਰੀਆਂ ਗਈਆਂ ਉਨ੍ਹਾਂ ਕਿਹਾ ਕਿ ਬੈਂਕ ਨੇ ਵਿਆਜ ਵਗੈਰਾ ਲਗਾ ਕੇ 11 ਲੱਖ ਰੁਪਏ ਬਣਾ ਦਿੱਤੇ, ਜੋ ਕਿ ਮਜ਼ਦੂਰ ਭਰਨ ਤੋਂ ਅਸਮਰੱਥ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਮਜ਼ਦੂਰ ਦੇ ਘਰ ਦੀ ਕੁਰਕੀ ਨਹੀਂ ਹੋਣ ਦੇਣਗੇ। ਇਸੇ ਦੌਰਾਨ ਪੁਲੀਸ ਅਧਿਕਾਰੀ ਵੀ ਪਹੁੰਚ ਗਏ। ਅਖੀਰ ਵਿੱਚ ਸ਼ਾਮ ਨੂੰ ਬੈਂਕ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਦੀ 8 ਲੱਖ ਰੁਪਏ ਭਰਨ ਦੀ ਲਿਖਤੀ ਸਹਿਮਤੀ ਹੋਣ ਉਪਰੰਤ ਧਰਨਾ ਖ਼ਤਮ ਕੀਤਾ ਗਿਆ।