ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਪੰਜਾਬ ਦੇ ਤਿੰਨ ਮੁੱਖ ਭਾਜਪਾ ਨੇਤਾਵਾਂ ਦੇ ਦਰਾਂ ਅੱਗੇ ਦਿਨ-ਰਾਤ ਧਰਨੇ ਸ਼ੁਰੂ, ਟੌਲ ਪਰਚੀ ਮੁਕਤ ਕੀਤੇ
ਜੋਗਿੰਦਰ ਸਿੰਘ ਮਾਨ/ ਸਰਬਜੀਤ ਸਿੰਘ ਭੰਗੂ/ ਪਰਸ਼ੋਤਮ ਬੱਲੀ
ਮਾਨਸਾ/ ਪਟਿਆਲਾ/ਬਰਨਾਲਾ , 17 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਪੰਜਾਬ ਦੇ ਤਿੰਨ ਭਾਜਪਾ ਨੇਤਾਵਾਂ ਦੇ ਘਰਾਂ ਮੂਹਰੇ ਲਗਾਤਾਰ ਦੋ ਦਿਨਾਂ ਲਈ ਦਿਨ ਰਾਤ ਦੇ ਧਰਨੇ ਅਤੇ ਰਾਜ ਦੇ ਟੌਲ ਪਰਚੀ ਮੁਕਤ ਕਰ ਦਿੱਤੇ ਹਨ।
ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾ ਨੇ ਦੱਸਿਆ ਭਾਜਪਾ ਦੇ ਤਿੰਨ ਮੁੱਖ ਸੂਬਾ ਆਗੂਆਂ ਸੁਨੀਲ ਜਾਖੜ ਦੇ ਅਬੋਹਰ, ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਅਤੇ ਕੇਵਲ ਸਿੰਘ ਢਿੱਲੋਂ ਦੇ ਬਰਨਾਲਾ ਦਰਾਂ ਅੱਗੇ ਦਿਨ ਰਾਤ ਦੇ ਧਰਨੇ ਸ਼ੁਰੂ ਕਰਨ ਦੇ ਨਾਲ਼ ਹੀ ਪੂਰੇ ਪੰਜਾਬ ਦੇ ਟੌਲ ਪਰਚੀ ਮੁਕਤ ਕਰ ਦਿੱਤੇ ਹਨ।
ਪਟਿਆਲਾ: ਭਾਜਪਾ ਆਗੂ ਵਜੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਸਥਿਤ ਰਿਹਾਇਸ਼ ਨਿਊ ਮੋਤੀ ਬਾਗ਼ ਪੈਲੇਸ ਦੇ ਮੂਹਰੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਧਰਨਾ ਇੱਕ ਦਿਨ ਪਹਿਲਾਂ ਹੀ ਐਲਾਨਿਆ ਗਿਆ ਸੀ। ਜਥੇਬੰਦੀ ਦਾ ਤਰਕ ਹੈ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦੇ ਰਹੀ ਹੈ।
ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਇਥੇ ਭਾਜਪਾ ਦੇ ਸੂਬਾਈ ਆਗੂ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ਅੱਗੇ ਨਾਅਰੇ ਬੁਲੰਦ ਕਰਦਿਆ ਦੋ ਰੋਜ਼ਾ ਧਰਨਾ ਆਰੰਭ ਕੀਤਾ ਗਿਆ। ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਸੂਬਾ ਆਗੂ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਕਿਸਾਨ ਮੰਗਾਂ ਲਈ ਦਿੱਲੀ ਵੱਲ ਤੁਰੇ ਕਿਸਾਨਾਂ ਉੱਤੇ ਹਰਿਆਣਾ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਢਾਹੇ ਜਾ ਰਹੇ ਜ਼ਬਰ ਦੇ ਖਿਲਾਫ਼ ਧਰਨੇ ਦਿੱਤੇ ਜਾ ਰਹੇ ਹਨ। ਮੈਦਾਨ 'ਚ ਉੱਤਰੀ ਉਨ੍ਹਾਂ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭਾਜਪਾ ਆਗੂਆਂ ਦੇ ਘਰਾਂ ਅੱਗੇ ਦੋ ਰੋਜ਼ਾ ਧਰਨੇ ਦੇਣ ਦੇ ਦਿੱਤੇ ਸੱਦੇ ਇਸ ਮੌਕੇ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਮੀਤ ਪ੍ਰਧਾਨ ਰੂਪ ਸਿੰਘ ਛੰਨਾ ਟੱਲੇਵਾਲ, ਜਰਨੈਲ ਸਿੰਘ ਬਦਰਾ, ਜ਼ਿਲ੍ਹਾ ਖਜ਼ਾਨਚੀ ਭਗਤ ਸਿੰਘ ਛੰਨਾ, ਬੁੱਕਣ ਸਿੰਘ ਸੈਦੋਵਾਲ, ਦਰਸ਼ਨ ਸਿੰਘ ਭੈਣੀ, ਕਮਲਜੀਤ ਕੌਰ ਬਰਨਾਲਾ ਤੇ ਬਿੰਦਰ ਪਾਲ ਕੌਰ ਭਦੌੜ ਅਤੇ ਧਨੇਰ ਧੜੇ ਦੇ ਸਾਹਿਬ ਸਿੰਘ ਤੇ ਜੁਗਰਾਜ ਸਿੰਘ ਹਰਦਾਸਪੁਰਾ ਹਾਜ਼ਰ ਸਨ।