ਭਾਕਿਯੂ ਡਕੌਂਦਾ ਨੇ 2 ਨਵੰਬਰ ਨੂੰ ਭਵਾਨੀਗੜ੍ਹ ਥਾਣੇ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 25 ਅਕਤੂਬਰ
ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਬਲਾਕ ਪੱਧਰੀ ਮੀਟਿੰਗ ਚਮਕੌਰ ਸਿੰਘ ਗੋਰਾ ਭੱਟੀਵਾਲ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਅਤੇ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ ਨੇ ਇਲਾਕੇ ਵਿੱਚ ਚੋਰੀਆਂ ਵੱਧ ਰਹੀਆਂ ਚੋਰੀਆਂ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪੁਲੀਸ ਦੀ ਢਿੱਲੀ ਕਾਰਵਾਈ ’ਤੇ ਰੋਸ ਪ੍ਰਗਟ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਮਾਝੀ ਦੇ ਕਿਸਾਨ ਦਰਬਾਰਾ ਸਿੰਘ ਦੀ ਮੱਝ ਚੋਰੀ ਹੋ ਗਈ ਸੀ ਪਰ ਪੁਲੀਸ ਵੱਲੋਂ ਚੋਰ ਫੜਨ ਦੇ ਬਾਵਜੂਦ ਮੱਝ ਦੀ ਬਰਾਮਦਗੀ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਮੀਟਿੰਗ ਵਿੱਚ ਚਿਤਾਵਨੀ ਦਿੱਤੀ ਗਈ ਕਿ ਜੇ ਇਸ ਸਬੰਧੀ ਕੋਈ ਠੋਸ ਕਦਮ ਨਾ ਚੁੱਕੇ ਗਏ ਤਾਂ 2 ਨਵੰਬਰ ਨੂੰ ਭਵਾਨੀਗੜ੍ਹ ਥਾਣੇ ਅੱਗੇ ਧਰਨਾ ਲਗਾਇਆ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਪਰਾਲੀ ਸਾੜਨੀ ਕਿਸਾਨਾਂ ਦੀ ਮਜਬੂਰੀ ਹੈ, ਜੇ ਪ੍ਰਸ਼ਾਸਨ ਵੱਲੋਂ ਕਿਸੇ ਵੀ ਕਿਸਾਨ ਨੂੰ ਪ੍ਰੇਸ਼ਾਨ ਕੀਤਾ ਗਿਆ ਤਾਂ ਯੂਨੀਅਨ ਡਟਕੇ ਵਿਰੋਧ ਕਰੇਗੀ। ਮੀਟਿੰਗ ਵਿੱਚ ਜਰਨੈਲ ਸਿੰਘ ਘਰਾਚੋਂ, ਜਗਤਾਰ ਸਿੰਘ ਤੂਰ, ਸੁਖਵਿੰਦਰ ਸਿੰਘ, ਗੁਰਦੇਵ ਸਿੰਘ, ਕੇਵਲ ਸਿੰਘ, ਜੀਤ ਸਿੰਘ, ਗੁਰਮੇਲ ਸਿੰਘ ਭੜੋ, ਕੁਲਵਿੰਦਰ ਸਿੰਘ ਚਹਿਲ, ਗੁਰਚਰਨ ਸਿੰਘ ਚਹਿਲ ਅਤੇ ਪਿੰਡਾਂ ਵਿੱਚੋਂ ਕਿਸਾਨ ਸ਼ਾਮਲ ਸਨ