ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਜਨ ਲਾਲ ਸ਼ਰਮਾ ਹੋਣਗੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ

06:48 AM Dec 13, 2023 IST
ਭਾਜਪਾ ਆਗੂ ਵਸੁੰਧਰਾ ਰਾਜੇ, ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਰਾਜਸਥਾਨ ਦੇ ਨਵੇਂ ਚੁਣੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦਾ ਸਨਮਾਨ ਕਰਦੇ ਹੋਏ ਪਾਰਟੀ ਵਰਕਰ। -ਫੋਟੋ: ਪੀਟੀਆਈ

ਜੈਪੁਰ, 12 ਦਸੰਬਰ
ਭਾਜਪਾ ਨੇ ਸਾਗਾਂਨੇਰ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ ਭਜਨ ਲਾਲ ਸ਼ਰਮਾ(56) ਨੂੰ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਵਜੋਂ ਚੁਣਿਆ ਹੈ। ਦੀਆ ਕੁਮਾਰੀ ਤੇ ਪ੍ਰੇਮ ਚੰਦ ਬੈਰਵਾ ਨੂੰ ਉਪ ਮੁੱਖ ਮੰਤਰੀ ਮਨੋਨੀਤ ਕੀਤਾ ਗਿਆ ਹੈ। ਭਾਜਪਾ ਵਿਧਾਇਕ ਦਲ ਦਾ ਆਗੂ ਚੁਣੇ ਜਾਣ ਤੋਂ ਫੌਰੀ ਮਗਰੋਂ ਸ਼ਰਮਾ ਨੇ ਰਾਜਪਾਲ ਕਲਰਾਜ ਮਿਸ਼ਰਾ ਨਾਲ ਮੁਲਾਕਾਤ ਕੀਤੀ ਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਸੂਤਰਾਂ ਮੁਤਾਬਕ ਸ਼ਰਮਾ 15 ਦਸੰਬਰ ਨੂੰ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਰਾਜਪਾਲ ਨੂੰ ਮਿਲਣ ਮੌਕੇ ਸ਼ਰਮਾ ਨਾਲ ਸੀਨੀਅਰ ਭਾਜਪਾ ਆਗੂ ਤੇ ਪਾਰਟੀ ਦੇ ਕੇਂਦਰੀ ਅਬਜ਼ਰਵਰ ਰਾਜਨਾਥ ਸਿੰਘ, ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ, ਦੀਆ ਕੁਮਾਰੀ ਤੇ ਬੈਰਵਾ ਵੀ ਮੌਜੂਦ ਸਨ। ਸਿੰਘ ਨੇ ਰਾਜਪਾਲ ਨੂੰ 115 ਵਿਧਾਇਕਾਂ ਦੀ ਹਮਾਇਤ ਵਾਲੀ ਸੂਚੀ ਸੌਂਪੀ।
ਭਜਨ ਲਾਲ ਸ਼ਰਮਾ ਦਾ ਨਾਮ ਐਲਾਨੇ ਜਾਣ ਨਾਲ ਮੁੱਖ ਮੰਤਰੀ ਦੇ ਅਹੁਦੇ ਲਈ ਹੋਰਨਾਂ ਨਾਵਾਂ ਨੂੰ ਲੈ ਕੇ ਲਾਏ ਜਾ ਰਹੇ ਕਿਆਸਾਂ ਦਾ ਭੋਗ ਪੈ ਗਿਆ ਹੈ। ਭਾਜਪਾ ਵਿਧਾਇਕ ਦਲ ਦੀ ਬੈਠਕ ਵਿੱਚ ਸ਼ਰਮਾ ਨੂੰ ਵਿਧਾਇਕ ਦਲ ਦਾ ਆਗੂ ਚੁਣੇ ਜਾਣ ਮਗਰੋਂ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਗਿਆ। ਸੀਨੀਅਰ ਭਾਜਪਾ ਆਗੂ ਰਾਜਨਾਥ ਸਿੰਘ, ਜਿਨ੍ਹਾਂ ਦੀ ਅਗਵਾਈ ਵਿੱਚ ਪਾਰਟੀ ਦੇ ਤਿੰਨ ਕੇਂਦਰੀ ਅਬਜ਼ਰਵਰਾਂ ਦੀ ਟੀਮ ਬੈਠਕ ਵਿੱਚ ਸ਼ਾਮਲ ਸੀ, ਨੇ ਕਿਹਾ ਕਿ ਦੀਆ ਕੁਮਾਰੀ ਤੇ ਪ੍ਰੇਮ ਚੰਦ ਬੈਰਵਾ ਉਪ ਮੁੱਖ ਮੰਤਰੀ ਜਦੋਂਕਿ ਵਾਸੂਦੇਵ ਦੇਵਨਾਨੀ ਰਾਜਸਥਾਨ ਅਸੈਂਬਲੀ ਦੇ ਸਪੀਕਰ ਹੋਣਗੇ।
ਵਿਧਾਇਕ ਦਲ ਦੀ ਬੈਠਕ ਦੌਰਾਨ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ, ਜੋ ਖ਼ੁਦ ਵੀ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਸਨ, ਨੇ ਮੁੱਖ ਮੰਤਰੀ ਵਜੋਂ ਭਜਨ ਲਾਲ ਸ਼ਰਮਾ ਦੇ ਨਾਂ ਦੀ ਤਜਵੀਜ਼ ਰੱਖੀ। ਸ਼ਰਮਾ, ਜਿਨ੍ਹਾਂ ਨੂੰ ਆਰਐੱਸਐੱਸ ਦੀ ਪੂਰੀ ਹਮਾਇਤ ਹੈ, ਨੇ ਸਾਂਗਨੇਰ ਵਿਧਾਨ ਸਭਾ ਸੀਟ 48,081 ਵੋਟਾਂ ਦੇ ਫ਼ਰਕ ਨਾਲ ਜਿੱਤੀ ਹੈ। ਉਹ ਭਰਤਪੁਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ। ਮੌਜੂਦਾ ਸਮੇਂ ਭਾਜਪਾ ਦੇ ਸੂੁਬਾਈ ਜਨਰਲ ਸਕੱਤਰ ਸ਼ਰਮਾ ਰਾਜਨੀਤੀ ਸ਼ਾਸਤਰ ਵਿੱਚ ਐੱਮਏ ਹਨ। ਉਂਜ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਖਿੱਚੀ ਗਰੁੱਪ ਫੋਟੋ ਵਿੱਚ ਸ਼ਰਮਾ ਆਖਰੀ ਕਤਾਰ ਵਿੱਚ ਖੜ੍ਹੇ ਨਜ਼ਰ ਆ ਰਹੇ ਸਨ।
ਉਧਰ ਦੀਆ ਕੁਮਾਰੀ(51), ਜੋ ਪੁਰਾਣੇ ਜੈਪੁਰ ਸ਼ਾਹੀ ਪਰਿਵਾਰ ਦੀ ਮੈਂਬਰ ਹੈ, ਦੋ ਵਾਰ ਵਿਧਾਇਕ ਤੇ ਇਕ ਵਾਰ ਸੰਸਦ ਮੈਂਬਰ ਰਹਿ ਚੁੱਕੀ ਹੈ। ਦੀਆ ਕੁਮਾਰੀ ਪਹਿਲੀ ਵਾਰ ਸਾਲ 2013 ਵਿੱਚ ਸਵਾਈ ਮਾਧੋਪੁਰ ਅਸੈਂਬਲੀ ਹਲਕੇ ਤੋਂ ਵਿਧਾਇਕ ਬਣੀ ਸੀ। 2019 ਵਿੱਚ ਉਹ ਰਾਜਸਮੰਦ ਤੋਂ ਸੰਸਦ ਮੈਂਬਰ ਚੁਣੀ ਗਈ। ਦੀਆ ਕੁਮਾਰੀ ਜੈਪੁਰ ਦੇ ਸ਼ਾਹੀ ਪਰਿਵਾਰ ਸਵਾਈ ਭਵਾਨੀ ਸਿੰਘ, ਜਿਨ੍ਹਾਂ ਨੂੰ 1971 ਦੀ ਭਾਰਤ-ਪਾਕਿ ਜੰਗ ਵਿੱਚ ਲੈਫਟੀਨੈਂਟ ਕਰਨਲ ਤੇ 10ਵੀਂ ਪੈਰਾਸ਼ੂਟ ਰੈਜੀਮੈਂਟ ਦੇ ਪੈਰਾ ਕਮਾਂਡੋਜ਼ ਦੇ ਕਮਾਂਡਿੰਗ ਆਫੀਸਰ ਵਜੋਂ ਡਿਸਟਿੰਕਸ਼ਨ ਦਿੱਤੀ ਗਈ ਸੀ, ਦੀ ਧੀ ਹੈ। ਕੁਮਾਰੀ ਕਈ ਗੈਰ-ਸਰਕਾਰੀ ਸੰਸਥਾਵਾਂ (ਐੱਨਜੀਓ’ਜ਼), ਜਿਵੇਂ ਆਈ ਬੈਂਕ ਸੁਸਾਇਟੀ ਆਫ਼ ਰਾਜਸਥਾਨ ਅਤੇ ਰੇਅਜ਼ (ਐੱਚਆਈਵੀ ਪਾਜ਼ੇਟਿਵ ਬੱਚਿਆਂ ਲਈ ਕੰਮ ਕਰਨ ਵਾਲੀ ਐੱਨਜੀਓ) ਨਾਲ ਵੀ ਜੁੜੀ ਹੋਈ ਹੈ। ਬੈਰਵਾ (54), ਜਿਨ੍ਹਾਂ ਨੂੰ ਕੁਮਾਰੀ ਦੇ ਨਾਲ ਉਪ ਮੁੱਖ ਮੰਤਰੀ ਐਲਾਨਿਆ ਗਿਆ ਹੈ, ਭਾਜਪਾ ਦਾ ਦਲਿਤ ਚਿਹਰਾ ਹਨ। ਬੈਰਵਾ ਨੇ 25 ਨਵੰਬਰ ਨੂੰ ਹੋਈਆਂ ਅਸੈਂਬਲੀ ਚੋਣਾਂ ਵਿੱਚ ਡੁਡੂ ਹਲਕੇ ਤੋਂ ਜਿੱਤ ਦਰਜ ਕੀਤੀ ਹੈ। ਬੈਰਵਾ ਜੈਪੁਰ ਦੀ ਯੂਨੀਵਰਸਿਟੀ ਆਫ਼ ਰਾਜਸਥਾਨ ਤੋਂ ਪੀਐੱਚ.ਡੀ. ਹਨ ਤੇ ਉਨ੍ਹਾਂ ਕਾਂਗਰਸ ਦੇ ਬਾਬੂ ਲਾਲ ਨਾਗਰ ਨੂੰ 35,743 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਰਾਜਸਥਾਨ ਦੀ 200 ਮੈਂਬਰੀ ਅਸੈਂਬਲੀ ਵਿਚੋਂ 199 ਸੀਟਾਂ ਲਈ ਵੋਟਾਂ ਪਈਆਂ ਸਨ। ਇਨ੍ਹਾਂ ਵਿਚੋਂ ਭਾਜਪਾ ਨੇ 115 ਸੀਟਾਂ ਜਦੋਂਕਿ ਕਾਂਗਰਸ ਨੇ 69 ਸੀਟਾਂ ਜਿੱਤੀਆਂ ਸਨ। ਕਾਂਗਰਸ ਉਮੀਦਵਾਰ ਤੇ ਮੌਜੂਦਾ ਵਿਧਾਇਕ ਗੁਰਮੀਤ ਸਿੰਘ ਕੂਨਰ ਦੇ ਅਕਾਲ ਚਲਾਣੇ ਕਰਕੇ ਕਰਨਪੁਰ ਸੀਟ ’ਤੇ ਚੋਣ ਮੁਲਤਵੀ ਕਰਨੀ ਪਈ ਸੀ। ਇਸ ਸੀਟ ਲਈ ਹੁਣ 5 ਜਨਵਰੀ ਨੂੰ ਵੋਟਾਂ ਪੈਣਗੀਆਂ। -ਪੀਟੀਆਈ

Advertisement

Advertisement