ਭੈਣੀ ਮਹਿਰਾਜ ਦੀ ਪੰਚਾਇਤ ਵੱਲੋਂ ਦੁਕਾਨਦਾਰਾਂ ਨਾਲ ਮੀਟਿੰਗ
ਰਵਿੰਦਰ ਰਵੀ
ਬਰਨਾਲਾ, 4 ਅਗਸਤ
ਗ੍ਰਾਮ ਪੰਚਾਇਤ ਭੈਣੀ ਮਹਿਰਾਜ ਨੇ ਪਿੰਡ ਦੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਬਰਨਾਲਾ ਦੇ ਵੀਡੀਓ ਪਰਮਜੀਤ ਸਿੰਘ ਭੁੱਲਰ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਵਿੱਚ ਪੰਚਾਇਤ ਦਾ ਸਹਿਯੋਗ ਕਰਨ। ਉਹ ਦੁਕਾਨਾਂ ’ਤੇ ਪੌਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਤੋਂ ਗੁਰੇਜ਼ ਕਰਨ, ਬੋਤਲਾਂ ਆਦਿ ਲਈ ਕੂੜਾਦਾਨ ਰੱਖਣ।
ਇਸ ਮੌਕੇ ਦੁਕਾਨਦਾਰ ਜੀਵਨ ਕੁਮਾਰ ਨੇ ਕਿਹਾ ਕਿ ਦੁਕਾਨਾਂ ਦੇ ਗੇਟ ਉੱਪਰ ਪਲਾਸਟਿਕ ਕਚਰੇ ਤੋਂ ਹੁੰਦੇ ਨੁਕਸਾਨ ਬਾਰੇ ਲਿਖ ਕੇ ਬੋਰਡ ਲਾਏ ਜਾਣਗੇ। ਪੌਲੀਥੀਨ ਦੀ ਬਜਾਇ ਕੱਪੜੇ ਦੇ ਥੈਲਿਆਂ ਦੀ ਵਰਤੋਂ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਦੁਕਾਨਦਾਰਾਂ ਨੇ ਪਿੰਡ ਦੀ ਭਲਾਈ ਲਈ ਸਹਿਯੋਗ ਦਾ ਵਾਅਦਾ ਕੀਤਾ।
ਸਰਪੰਚ ਸੁਖਵਿੰਦਰ ਕੌਰ ਅਤੇ ਆਗੂ ਗਗਨਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪਿੰਡ ਵਿੱਚ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਗਲੀਆਂ ਅਤੇ ਸਾਂਝੀਆਂ ਥਾਵਾਂ ਤੋਂ ਪਲਾਸਟਿਕ ਕਚਰੇ ਨੂੰ ਇਕੱਠਾ ਕਰਨ ਤੋਂ ਇਲਾਵਾ ਸਫ਼ਾਈ ਮੁਹਿੰਮ ਚਲਾਈ ਜਾਵੇਗੀ।