ਭਾਈ ਵਰਿੰਦਰ ਸਿੰਘ ਮਸੀਤੀ ਨੂੰ ਸਟੇਟ ਐਵਾਰਡ ਮਿਲਿਆ
ਪੱਤਰ ਪ੍ਰੇਰਕ
ਟਾਂਡਾ, 18 ਅਗਸਤ
ਜਲੰਧਰ ਵਿੱਚ ਬੀਤੇ ਦਿਨੀਂ ਮਨਾਏ ਗਏ ਆਜ਼ਾਦੀ ਦਿਹਾੜੇ ਦੇ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਾਂਡਾ ਨਾਲ ਸਬੰਧਤ ਸਮਾਜ ਸੇਵਕ ਭਾਈ ਵਰਿੰਦਰ ਸਿੰਘ ਮਸੀਤੀ ਨੂੰ ਸਟੇਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਭਾਈ ਵਰਿੰਦਰ ਸਿੰਘ ਮਸੀਤੀ ਪਿਛਲੇ 21 ਵਰ੍ਹਿਆਂ ਤੋਂ ਲੋਕਾਂ ਨੂੰ ਜਿਊਂਦੇ ਜੀਅ ਖ਼ੂਨਦਾਨ ਕਰਨ ਅਤੇ ਮਰਨ ਉਪਰੰਤ ਅੱਖਾਂ, ਸਰੀਰ ਅਤੇ ਅੰਗਦਾਨ ਕਰਨ ਲਈ ਰੋਜ਼ਾਨਾ ਆਪਣੇ ਸਾਈਕਲ ’ਤੇ ਇਲਾਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਐਵਾਰਡ ਹਾਸਲ ਕਰਨ ਉਪਰੰਤ ਭਾਈ ਮਸੀਤੀ ਨੇ ਵਿਧਾਇਕ ਜਸਵੀਰ ਸਿੰਘ ਰਾਜਾ ਦੇ ਗ੍ਰਹਿ ਵਿਖੇ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਭਾਈ ਵਰਿੰਦਰ ਸਿੰਘ ਮਸੀਤੀ ਇੱਥੋਂ ਨੇੜਲੇ ਪਿੰਡ ਮਸੀਤਪਲ ਕੋਟ ਨਾਲ ਸਬੰਧਤ ਹਨ ਅਤੇ ਉਹ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ, ਭਾਈ ਘਨ੍ਹੱਈਆ ਚੈਰੀਟੇਬਲ ਟਰੱਸਟ ਟਾਂਡਾ, ਵੇਵਜ਼ ਹਸਪਤਾਲ ਟਾਂਡਾ, ਸਰਕਾਰੀ ਹਸਪਤਾਲ ਟਾਂਡਾ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਨੇਤਰਦਾਨ ਜਾਗਰੂਕਤਾ ਦੀ ਮੁਹਿੰਮ ਨੂੰ ਚਲਾ ਰਹੇ ਹਨ।