ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਈ ਵੀਰ ਸਿੰਘ ਸਾਹਿਤ: ਪੁਨਰ ਯਾਤਰਾ

11:14 AM Jul 16, 2023 IST

ਸੰਦੀਪ ਸ਼ਰਮਾ
ਵਿਚਾਰ ਚਰਚਾ
ਆਧੁਨਿਕ ਸਾਹਿਤ ਦੇ ਪਿਤਾਮਾ ਅਤੇ ਸੰਤ ਕਵੀ ਭਾਈ ਸਾਹਬਿ ਭਾਈ ਵੀਰ ਸਿੰਘ ਦੇ 150ਵੇਂ ਜਨਮ ਦਨਿ ਮੌਕੇ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਰਚਨਾਵਾਂ ਵੱਲ ਪੁਨਰ ਯਾਤਰਾ ਕਰਨੀ ਬਣਦੀ ਹੈ। ਇਹ ਪੁਨਰ-ਯਾਤਰਾ ਅਜਿਹੀ ਹੋਣੀ ਚਾਹੀਦੀ ਹੈ ਜਿਸ ਵਿੱਚੋਂ ਉਨ੍ਹਾਂ ਦੇ ਪ੍ਰਮਾਣਿਕ ਬਿੰਬ ਅਤੇ ਪੜ੍ਹਤ ਦੀ ਦਿਸ਼ਾ ਬਾਰੇ ਨਿਰਣਾ ਹੋ ਸਕੇ। ਭਾਈ ਸਾਹਬਿ ਦੇ ਸਮੇਂ ਹਿੰਦੋਸਤਾਨ ਦੇ ਨਾਲ ਨਾਲ ਦੱਖਣ ਏਸ਼ੀਆ ਬਸਤੀਵਾਦੀ ਤਾਕਤਾਂ ਅਧੀਨ ਸੀ। ਬਸਤੀਵਾਦੀ ਸ਼ਕਤੀਆਂ ਦਾ ਗਿਆਨ ਇੱਥੋਂ ਦੀਆਂ ਮੌਲਿਕ ਵਿਵਸਥਾਵਾਂ ਨੂੰ ਅਪ੍ਰਸੰਗਿਕ ਸਾਬਿਤ ਕਰਨ ਲਈ ਵਿਭਿੰਨ ਗਿਆਨ ਪ੍ਰਵਚਨ ਸਿਰਜਦਾ ਹੈ। ਉਦਾਹਰਣ ਵਜੋਂ, ਧਰਮ-ਨਿਰਪੇਖਵਾਦ, ਪਛਾਣ ਦੀ ਰਾਜਨੀਤੀ ਅਤੇ ਮਨੁੱਖਤਾਵਾਦ ਬਸਤੀਵਾਦੀ ਸ਼ਕਤੀਆਂ ਪਿੱਛੇ ਬੌਧਿਕ ਜਾਗ੍ਰਤੀ ਕਾਲ ਦਾ ਗਿਆਨ ਸ਼ਾਸਤਰ ਕਾਰਜਸ਼ੀਲ ਸੀ। ਇਹ ਯੂਰਪੀ ਚੇਤਨਾ ਨੂੰ ਵਿਵਸਥਿਤ ਕਰਨ ਲਈ ਇਤਿਹਾਸਕ ਤੌਰ ’ਤੇ ਪ੍ਰਸੰਗਿਕ ਤਾਂ ਹੋ ਸਕਦਾ ਹੈ, ਪਰ ਪੂਰਬੀ ਸੱਭਿਅਤਾਵਾਂ ਸਾਹਮਣੇ ਵਿਸ਼ਵ ਮਾਡਲ ਵਜੋਂ ਸਥਾਪਿਤ ਕਰਨਾ ਪੂਰੀ ਤਰ੍ਹਾਂ ਵਿਹਾਰਕ ਨਹੀਂ ਲੱਗਦਾ। ਦਰਅਸਲ, ਬੌਧਿਕ ਜਾਗ੍ਰਤੀ ਕਾਲ ਦੇ ਚਿੰਤਨ ਸਾਹਮਣੇ ਜੋ ਸਮੱਸਿਆਵਾਂ ਸਨ ਉਹ ਯੂਰਪੀ ਸਮਾਜ ਅਤੇ ਜੀਵਨ ਦੀਆਂ ਸਨ। ਪੂਰਬੀ ਸੱਭਿਅਤਾਵਾਂ ਆਪਣੀਆਂ ਗਿਆਨ ਪਰੰਪਰਾਵਾਂ ਦੀ ਤੋਰ ਰਾਹੀਂ ਜੀਵਨ ਨੂੰ ਵਿਸ਼ੇਸ਼ ਤਰ੍ਹਾਂ ਨਾਲ ਵਿਵਸਥਤ ਕਰਦੀਆਂ ਆ ਰਹੀਆਂ ਸਨ। ਬੌਧਿਕ ਜਾਗ੍ਰਤੀ ਕਾਲ ਦੇ ਚਿੰਤਨ ਦਾ ਪੂਰਬੀ ਸੱਭਿਅਤਾਵਾਂ ਨਾਲ ਮਿਲਾਪ ਬਸਤੀਵਾਦੀ ਸ਼ਕਤੀਆਂ ਦੇ ਰੂਪ ਵਿਚ ਹੁੰਦਾ ਹੈ। ਇਸ ਵਿੱਚ ਪੂਰਬੀ ਸੱਭਿਅਤਾਵਾਂ ਦੇ ਚਿੰਤਨ ਨਾਲ ਸੰਵਾਦ ਦੀ ਥਾਂ ਇੱਥੋਂ ਦੇ ਜੀਵਨ ਨੂੰ ਵਿਵਸਥਿਤ ਕਰਨ ’ਤੇ ਵਧੇਰੇ ਜ਼ੋਰ ਦਿੱਤਾ ਗਿਆ। ਪੂਰਬੀ ਸੱਭਿਅਤਾਵਾਂ ਦਾ ਗਿਆਨ ਚਿੰਤਨ ਵੀ ਅਧੂਰੀ ਇਤਿਹਾਸ ਚੇਤਨਾ ਅਤੇ ਇਸ ਦੇ ਵਿਰੋਧ ਨੂੰ ਹੀ ਪਾਰ ਕਰਨ ਤੋਂ ਅਸਮਰੱਥ ਰਹਿੰਦਾ ਹੈ। ਇਸ ਤਰ੍ਹਾਂ ਵਿਰੋਧ ਵਿੱਚੋਂ ਉਪਜੀਆਂ ਸੁਧਾਰਕ ਲਹਿਰਾਂ, ਪਛਾਣ ਦੀ ਰਾਜਨੀਤੀ ਦੇ ਤੰਤਰ ਅੰਦਰ ਵਿਚਰਦੀਆਂ ਹਨ।
ਬਸਤੀਵਾਦੀ ਵਿਵਸਥਾ ਦਾ ਵਿਰੋਧ ਇਨ੍ਹਾਂ ਸ਼ਕਤੀਆਂ ਪਿੱਛੇ ਕਾਰਜਸ਼ੀਲ ਬੌਧਿਕ ਜਾਗ੍ਰਤੀ ਕਾਲ ਦੇ ਗਿਆਨ-ਸ਼ਾਸਤਰੀ ਨਿਜ਼ਾਮ ਵਿੱਚ ਹੀ ਪ੍ਰਭਾਸ਼ਿਤ ਹੋ ਜਾਂਦਾ ਹੈ। ਸੋ ਬਸਤੀਵਾਦੀ ਵਿਵਸਥਾ ਤੋਂ ਉਪਜੀਆਂ ਸੰਸਥਾਵਾਂ ਅਤੇ ਇਸ ਦੇ ਵਿਰੋਧ ਤੋਂ ਉਪਜੀਆਂ ਸੰਸਥਾਵਾਂ ਇੱਕ ਹੀ ਨਿਜ਼ਾਮ ਦੇ ਅੰਦਰ ਭੁਗਤਦੀਆਂ ਰਹਿੰਦੀਆਂ ਹਨ। ਇਸ ਨਾਲ ਪੂਰਬੀ ਤੇ ਪੱਛਮੀ ਗਿਆਨਾਤਮਕ ਅੰਤਰ-ਸੰਵਾਦ ਵਿੱਚੋਂ ਕੋਈ ਤਵਾਜ਼ਨੀ ਗਿਆਨ ਸ਼ਾਸਤਰੀ ਪਰਿਪੇਖ ਨਹੀਂ ਉੱਭਰਦਾ। ਇਹੀ ਗਿਆਨ ਸ਼ਾਸਤਰੀ ਤਾਣੇ-ਬਾਣੇ ਦੀ ਨਿਰੰਤਰਤਾ ਪੂਰਬੀ ਚਿੰਤਨ ਅਤੇ ਅਕਾਦਮਿਕਤਾ ਵਿੱਚ ਹੋਣ ਕਾਰਨ ਪੂਰਬੀ ਸੱਭਿਆਚਾਰ ਦੀ ਕਿਸੇ ਵੱਡੀ ਸ਼ਖ਼ਸੀਅਤ ਨਾਲ ਨਿਆਂ ਨਹੀਂ ਹੋ ਪਾਉਂਦਾ। ਇਸ ਕਸ਼ਮਕਸ਼ ਵਿੱਚ ਭਾਈ ਵੀਰ ਸਿੰਘ ਵੀ ਹੁਣ ਤੱਕ ਦੀ ਅਕਾਦਮਿਕ ਚਿੰਤਨੀ ਬਹਿਸ ਵਿੱਚ ਉਸੇ ਗਿਆਨ ਸ਼ਾਸਤਰੀ ਨਿਜ਼ਾਮ ਦੇ ਤਹਿਤ ਪ੍ਰੀਭਾਸ਼ਿਤ ਹੁੰਦੇ ਹਨ। ਕਦੇ ਉਹ ਪਛਾਣ ਦੀ ਰਾਜਨੀਤੀ ਦੇ ਤੰਤਰ ਵਿੱਚ ਸੁਧਾਰਕ ਵਜੋਂ ਅਤੇ ਕਦੇ ਬਸਤੀਵਾਦੀ ਵਿਵਸਥਾ ਦੇ ਹਮਾਇਤੀ ਵਜੋਂ ਪ੍ਰੀਭਾਸ਼ਿਤ ਹੁੰਦੇ ਹਨ। ਇਸ ਲਈ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਕਿਸ ਜ਼ਾਵੀਏ ਤੋਂ ਦੇਖਿਆ ਜਾਵੇ ਜਿਸ ਨਾਲ ਉਨ੍ਹਾਂ ਦਾ ਪ੍ਰਮਾਣਿਕ ਬਿੰਬ ਸਾਹਮਣੇ ਆ ਸਕੇ, ਇਹ ਸੁਆਲ ਗਿਆਨ ਸ਼ਾਸਤਰ ਦੇ ਨੁਕਤੇ ਤੋਂ ਮਹੱਤਵਪੂਰਨ ਹੋ ਜਾਂਦਾ ਹੈ।
ਪੂਰਬੀ ਗਿਆਨ ਪਰੰਪਰਾ ਵਿੱਚ ‘ਸ਼ਬਦ ਦਰਸ਼ਨ’ ਇਸ ਚਿੰਤਨੀ ਬਹਿਸ ਦੇ ਗਿਆਨਾਤਮਕ-ਅਨੁਭਵਾਤਮਕ ਫੈਲਾਵਾਂ ਦੀ ਇਤਿਹਾਸ ਚੇਤਨਾ, ਦਾਰਸ਼ਨਿਕ ਸੂਝ, ਸੁਹਜ-ਸ਼ਾਸਤਰੀ ਤੇ ਕਾਵਿ-ਸ਼ਾਸਤਰੀ ਪਾਸਾਰ ਅਤੇ ਮਨੋਵਿਗਿਆਨ ਦੀ ਪੇਚੀਦਗੀ ਵਿਚਲੀ ਦਵੰਦਾਤਮਕ ਸਥਿਤੀ ਨੂੰ ਸੰਭਾਲਦਾ ਹੈ। ਇਸ ਵਿੱਚ ਦਵੰਦਾਤਮਕ ਸਥਿਤੀਆਂ ਨੂੰ ਜੀਵੰਤ ਤੋਰ ਦੀ ਨਵੀਨਤਾ ਦਿੰਦਾ ਹੈ। ਇਸ ਨਾਲ ਦਵੰਦ, ਦਵੰਦ ਨਾ ਰਹਿ ਕੇ ਦੁਪੱਖਤਾ ਵਿੱਚ ਪਲਟ ਜਾਂਦਾ ਹੈ ਜਿਸ ਦਾ ਅਨੁਭਵ ਦੁਵੱਲਤਾ ਵਿੱਚ ਏਕਤਵ ਤੇ ਉਸ ਏਕਤਵ ਦਾ ਮੌਲਣਸ਼ੀਲ ਤੱਤ ਉਸ ਦਾ ਨਿੱਤ ਨਵਾਂ ਰੂਪ ਬਣਦਾ ਹੈ। ਬੌਧਿਕ ਜਾਗ੍ਰਤੀ ਕਾਲ ਦਾ ਦਵੰਦਾਤਮਕਤਾ ਦਾ ਗਿਆਨ ਸ਼ਾਸਤਰੀ ਨਿਜ਼ਾਮ ਅਤੇ ਪੂਰਬੀ ਗਿਆਨ ਪਰੰਪਰਾ ਵਿੱਚ ਨਿਸ਼ਚਿਤ ਗਤੀਸ਼ੀਲ ਦੀ ਆਪਸੀ ਦੂਰੀ ਪੇਚੀਦਾ ਮਾਹੌਲ ਵਿੱਚ ਉਲਝ ਜਾਂਦੇ ਹਨ। ਇਸ ਤਰ੍ਹਾਂ ਪੰਜਾਬੀ ਗਿਆਨ ਚੇਤਨਾ, ਵਿਸ਼ਵੀ ਅਤੇ ਪੂਰਬੀ ਗਿਆਨ ਸ਼ਾਸਤਰਾਂ ਦੇ ਆਪਸੀ ਸੰਵਾਦ ਵਿੱਚ ਕਾਵਿ-ਸ਼ਾਸਤਰ ਦੇ ਨੁਕਤੇ ਤੋਂ ਕੋਈ ਨਵੀਂ ਅੰਤਰ-ਦ੍ਰਿਸ਼ਟੀ ਨਹੀਂ ਉੱਭਰਦੀ। ਇਸ ਲਈ ਪੰਜਾਬੀ ਅਤੇ ਵਿਸ਼ਵ ਅਕਾਦਮਿਕਤਾ ਵਿੱਚ ‘ਸ਼ਬਦ ਦਰਸ਼ਨ’ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖ ਕੇ ਅਕਾਦਮਿਕ ਉੱਦਮ ਕਰਨਾ ਲਾਜ਼ਮੀ ਹੋ ਜਾਂਦਾ ਹੈ।
ਇਸ ਉੱਦਮ ਦੀ ਸੰਜੀਦਗੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬੀ ਸਾਹਿਤਕ ਪਿੜ ਵਿੱਚ ਨਾਦ ਪ੍ਰਗਾਸ ਸੰਸਥਾ ਸ਼ਬਦ ਦਰਸ਼ਨ ਦੇ ਅਨੁਭਵ-ਗਿਆਨ ਪਾਸਾਰ ਦੀ ਲੈਅ ਦੀ ਸਗਲਤਾ ਵਿੱਚ ਆਉਂਦੀ ਜੀਵਨ ਦੀ ਹਰ ਹਰਕਤ ਨੂੰ ਅਕਾਦਮਿਕ ਪੱਧਰ ’ਤੇ ਮੰਥਨਾਧੀਨ ਕਰਦੀ ਇਸ ਰਹਿਤਲ ਦੀ ਤਾਜ਼ਗੀ ਨੂੰ ਮੌਜੂਦਾ ਸਮੇਂ ਵਿੱਚ ਜੀਵੰਤ ਤੋਰ ਦੇਣ ਦੀ ਹਰ ਮੁਮਕਨਿ ਕੋਸ਼ਿਸ਼ ਵਿੱਚ ਹੈ। ਇਸ ਲਈ ਇਸ ਸੰਸਥਾ ਦੀ ਅਕਾਦਮਿਕ ਪੱਧਰ ’ਤੇ ਘਾਲਣਾ ਦੀ ਨਿਰੰਤਰਤਾ ਅਤੇ ਸੁੱਚਤਾ ਨੂੰ ਧਿਆਨ ਵਿੱਚ ਰੱਖਣ ਅਤੇ ਸੰਵਾਦੀ ਸੁਰ ਅਖ਼ਤਿਆਰ ਕਰਨ ਨਾਲ ਪੰਜਾਬੀ ਅਕਾਦਮਿਕਤਾ ਦੀ ਵੱਡੇ ਕੈਨਵਸ ’ਤੇ ਤਵਾਜ਼ਨੀ ਸੁਰਤਿ ਬਹਾਲ ਹੋ ਸਕਦੀ ਹੈ।
ਇਸੇ ਉੱਦਮ ਤਹਿਤ ਨਾਦ ਪ੍ਰਗਾਸ ਸੰਸਥਾ ਭਾਈ ਵੀਰ ਸਿੰਘ ਦੇ 150 ਸਾਲਾ ਜਨਮ ਦਨਿ ਨੂੰ ਸਮਰਪਿਤ ਪੰਜ ਰੋਜ਼ਾ ਅੰਤਰ-ਰਾਸ਼ਟਰੀ ਕਾਨਫਰੰਸ ਭਾਈ ਵੀਰ ਸਿੰਘ: ਸ਼ਖ਼ਸੀਅਤ, ਸਿਰਜਣਾ ਅਤੇ ਚਿੰਤਨ (ਸ਼ਬਦ-ਦਰਸ਼ਨ ਪਰਿਪੇਖ) ਮਿਤੀ 14 ਤੋਂ 18 ਜੁਲਾਈ ਤੱਕ ਪੰਜਾਬ ਯੂਨੀਵਰਸਿਟੀ, ਆਈ.ਸੀ.ਐੱਸ.ਐੱਸ.ਆਰ. ਕਾਨਫਰੰਸ ਹਾਲ, ਚੰਡੀਗੜ੍ਹ ਵਿਖੇ ਆਯੋਜਿਤ ਕਰਵਾ ਰਹੀ ਹੈ। ਇਸ ਕਾਨਫਰੰਸ ਵਿੱਚ ਭਾਈ ਵੀਰ ਸਿੰਘ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੀਆਂ ਲਿਖਤਾਂ ਉਪਰ 56 ਖੋਜ-ਪੱਤਰ ਪੇਸ਼ ਕੀਤੇ ਜਾਣਗੇ ਜਨਿ੍ਹਾਂ ਦਾ ਫੈਲਾਅ ਭਾਰਤੀ ਗਿਆਨ ਪਰੰਪਰਾ, ਪੱਛਮੀ ਗਿਆਨ ਸੰਰਚਨਾਵਾਂ ਦੀਆਂ ਅੰਤਰ-ਦ੍ਰਿਸ਼ਟੀਆਂ, ਭਗਤੀ, ਸੂਫ਼ੀ ਅਨੁਭਵ, ਸਿੱਖ ਗਿਆਨਾਤਮਕ ਤੇ ਅਨੁਭਵਾਤਮਕ ਪਾਸਾਰਾਂ ਅਤੇ ਸਾਹਿਤ-ਸ਼ਾਸਤਰੀ ਨੁਕਤਾ ਨਿਗਾਹ- ਇਨ੍ਹਾਂ ਸਭ ਦੀਆਂ ਅੰਤਰ-ਸੰਵਾਦੀ ਸੁਰਾਂ ਸੰਗ ਆਪਣੀ ਮਿਹਨਤ ਦਾ ਜਲੌਅ ਨਿਭਾਉਂਦਾ ਪ੍ਰਤੀਤ ਹੁੰਦਾ ਹੈ। ਇਸ ਕਾਨਫਰੰਸ ਵਿੱਚ ਉੱਤਰੀ ਭਾਰਤ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ (ਜੇ.ਐਨ.ਯੂ, ਦਿੱਲੀ ਯੂਨੀਵਰਸਿਟੀ, ਜਾਮੀਆ ਮਿਲੀਆ ਇਸਲਾਮੀਆ, ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਸੈਂਟਰਲ ਯੂਨੀਵਰਸਿਟੀ ਆਫ ਕਸ਼ਮੀਰ) ਤੋਂ ਇਲਾਵਾ ਕੈਂਬਰਿਜ ਯੂਨੀਵਰਸਿਟੀ, ਇੰਗਲੈਂਡ, ਮਿਸ਼ੀਗਨ, ਯੂ.ਐੱਸ.ਏ ਆਦਿ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਸੰਬੰਧਿਤ ਵਿਦਵਾਨ, ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਆਪਣੇ ਖੋਜ-ਪੱਤਰ ਪੇਸ਼ ਕਰ ਰਹੇ ਹਨ । ਇਸ ਪੰਜ ਰੋਜ਼ਾ ਅੰਤਰ-ਰਾਸ਼ਟਰੀ ਕਾਨਫਰੰਸ ਦੌਰਾਨ ਵਿਸ਼ੇਸ਼ ਸੈਸ਼ਨ ਮੌਕੇ ਕਰਵਾਏ ਜਾ ਰਹੇ ਕਵੀ ਦਰਬਾਰ ਵਿੱਚ ਪ੍ਰਸਿੱਧ ਕਵੀਆਂ ਤੋਂ ਇਲਾਵਾ ਨੌਜਵਾਨ ਕਵੀ ਵੀ ਸ਼ਿਰਕਤ ਕਰਨਗੇ। ਇਸ ਤਰ੍ਹਾਂ ਇਹ ਕਾਨਫਰੰਸ ਜੀਵਨ, ਸਾਹਿਤ ਅਤੇ ਅਨੁਭਵ-ਗਿਆਨ ਦੀ ਕਣੀ ਦੀ ਇਲਮੀ ਜੁਸਤਜੂ ਰੱਖਣ ਵਾਲਿਆਂ ਲਈ ਇਕ ਬਿਹਤਰੀਨ ਅਨੁਭਵ ਹੋ ਸਕਦੀ ਹੈ।
ਸੰਪਰਕ: 98185-95227

Advertisement

Advertisement
Tags :
‘ਸਾਹਿਤਸਿੰਘਪੁਨਰਯਾਤਰਾ:
Advertisement