ਭਾਈ ਸੰਤੋਖ ਸਿੰਘ ਯਾਦਗਾਰੀ ਸਨਮਾਨ ਸ਼ਾਇਰ ਸੰਤ ਸੰਧੂ ਨੂੰ ਪ੍ਰਦਾਨ
ਪੱਤਰ ਪ੍ਰੇਰਕ
ਜਲੰਧਰ, 24 ਸਤੰਬਰ
ਮਹਾਕਵੀ ਭਾਈ ਸੰਤੋਖ ਸਿੰਘ ਯਾਦਗਾਰੀ ਕਮੇਟੀ ਜਲੰਧਰ ਵੱਲੋਂ ਮਹਾਕਵੀ ਭਾਈ ਸੰਤੋਖ ਸਿੰਘ ਦਾ ਜਨਮ ਦਿਹਾੜਾ ਪ੍ਰੈੱਸ ਕਲੱਬ ਜਲੰਧਰ ਵਿੱਚ ਮਨਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾਇਰੈਕਟਰ (ਭਾਸ਼ਾ ਵਿਭਾਗ ਪੰਜਾਬ) ਜਸਵੰਤ ਜ਼ਫ਼ਰ, ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਿੰਸੀਪਲ ਕੁਲਵਿੰਦਰ ਸਿੰਘ ਸਰਾਏ, ਭਾਸ਼ਾ ਵਿਭਾਗ ਪੰਜਾਬ ਦੇ ਸੇਵਾ ਮੁਕਤ ਡਾਇਰੈਕਟਰ ਚੇਤਨ ਸਿੰਘ, ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਬੇਦੀ, ਡਾ. ਬਲਵਿੰਦਰ ਕੌਰ ਬਰਿਆਣਾ, ਸ਼ਾਇਰ ਸੰਤ ਸੰਧੂ ਤੇ ਲਾਇਨ ਪਰਮਜੀਤ ਸਿੰਘ ਚਾਵਲਾ ਸ਼ਾਮਿਲ ਸਨ। ਸਭ ਤੋਂ ਪਹਿਲਾਂ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਬੇਦੀ ਨੇ ਸਭ ਨੂੰ ਜੀ ਆਇਆਂ ਆਖਿਆ। ਇਸ ਮਗਰੋਂ ਡਾ. ਬਲਵਿੰਦਰ ਕੌਰ ਬਰਿਆਣਾ, ਇੰਜ. ਕਰਮਜੀਤ ਸਿੰਘ (ਮੁੱਖ ਸੰਪਾਦਕ ਰਣਜੀਤ ਮੈਗਜ਼ੀਨ ), ਚੇਤਨ ਸਿੰਘ ਤੇ ਡਾ. ਪਰਮਜੀਤ ਸਿੰਘ ਮਾਨਸਾ ਨੇ ਮਹਾਕਵੀ ਭਾਈ ਸੰਤੋਖ ਸਿੰਘ ਦੇ ਰਚਿਤ ਗ੍ਰੰਥ ਸੂਰਜ ਪ੍ਰਕਾਸ਼ ਦੇ ਵੱਖ ਵੱਖ ਪਹਿਲੂਆਂ ਉਪਰ ਆਪਣੇ ਖੋਜ ਭਰਪੂਰ ਪਰਚੇ ਪੇਸ਼ ਕੀਤੇ। ਇਸ ਤੋਂ ਬਾਅਦ ਦੋ ਪੁਸਤਕਾਂ ਜੈਮਜ਼ ਆਫ ਸਿੱਖਇਜ਼ਮ (ਲੇਖਕ ਸਵ ਰਣਜੀਤ ਸਿੰਘ ਖੜਗ ਤੇ ਸੰਪਾਦਕ ਇੰਜ ਕਰਮਜੀਤ ਸਿੰਘ ) ‘ਅੱਧੀ ਸਦੀ ਦੇ ਆਰ ਪਾਰ (ਲੇਖਕ ਕੁਲਦੀਪ ਸਿੰਘ ਬੇਦੀ ) ਲੋਕ ਅਰਪਣ ਕੀਤੀਆਂ ਗਈਆਂ। ਦੂਜਾ ਮਹਾਕਵੀ ਭਾਈ ਸੰਤੋਖ ਸਿੰਘ ਯਾਦਗਾਰੀ ਸਨਮਾਨ ਇਸ ਵਾਰ ਪੰਜਾਬੀ ਸ਼ਾਇਰ ਜਨਾਬ ਸੰਤ ਸੰਧੂ ਨੂੰ ਦਿੱਤਾ ਗਿਆ। ਕਵੀ ਦਰਬਾਰ ਵਿੱਚ ਜਸਵੰਤ ਜ਼ਫ਼ਰ , ਸੰਤ ਸੰਧੂ, ਜਗਦੀਸ਼ ਰਾਣਾ, ਡਾ ਬਲਦੇਵ ਸਿੰਘ ਬੱਧਣ, ਮਾਲਾ ਅਗਰਵਾਲ ਆਦਿ ਕਵੀਆਂ ਨੇ ਆਪੋ ਆਪਣੀਆਂ ਕਵਿਤਾਵਾਂ ਪੜ੍ਹੀਆਂ। ਸਮਾਗਮ ਵਿੱਚ ਮੁੱਖ ਮਹਿਮਾਨ ਜਸਵੰਤ ਸਿੰਘ ਜ਼ਫਰ ਨੇ ਕਿਹਾ ਕਿ ਮਹਾਕਵੀ ਜਿੰਨੀ ਵੱਡੀ ਸੋਚ ਰੱਖਣ ਵਾਲਾ ਕਵੀ ਹੋਰ ਕੋਈ ਨਹੀਂ ਹੋ ਸਕਦਾ। ਅੰਤ ਵਿੱਚ ਕਰਮਜੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਕਮੇਟੀ ਦੇ ਜਨਰਲ ਸਕੱਤਰ ਜੁਗਿੰਦਰ ਸੰਧੂ ਤੇ ਡਾ. ਰਾਮ ਮੂਰਤੀ ਨੇ ਕੀਤਾ।