ਭਾਈ ਮਹਾਰਾਜ ਸਿੰਘ ਦਾ 168 ਸਾਲਾ ਸ਼ਹੀਦੀ ਦਿਹਾੜਾ ਮਨਾਇਆ
ਸਿੰਗਾਪੁਰ:
ਸਿੰਗਾਪੁਰ ਵਿਖੇ ਸਥਿਤ ਭਾਈ ਮਹਾਰਾਜ ਸਿੰਘ ਦਾ 168 ਸਾਲਾ ਸ਼ਹੀਦੀ ਦਿਵਸ ਅਤੇ ਗੁਰਦੁਆਰਾ ਸਾਹਿਬ ਸਿਲਟ ਰੋਡ ਦੀ 100ਵੀਂ ਵਰ੍ਹੇਗੰਢ ਸੈਂਟਰਲ ਸਿੱਖ ਗੁਰਦੁਆਰਾ ਬੋਰਡ ਅਤੇ ਗੁਰਦੁਆਰਾ ਕਮੇਟੀ ਸਿਲਟ ਰੋਡ ਵੱਲੋਂ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਈ ਗਈ। ਇਨ੍ਹਾਂ ਦੋ ਮਹਾਨ ਇਤਿਹਾਸਕ ਦਿਹਾੜਿਆਂ ਨੂੰ ਮਨਾਉਣ ਲਈ ਪ੍ਰਬੰਧਕਾਂ ਵੱਲੋਂ ਵਧੀਆ ਸਮਾਗਮ ਉਲੀਕੇ ਗਏ ਸਨ।
ਗੁਰਦੁਆਰਾ ਸਾਹਿਬ ਸਿਲਟ ਰੋਡ ਦੇ 100 ਸਾਲਾ ਸਥਾਪਨਾ ਦਿਵਸ ਦੇ ਪ੍ਰੋਗਰਾਮਾਂ ਦੀ ਪਹਿਲੀ ਕੜੀ ਦੀ ਸ਼ੁਰੂਆਤ 15 ਜੂਨ ਨੂੰ ‘ਸਿਲਟ ਰੋਡ ਸਿੱਖ ਟੈਂਪਲ-100 ਰੌਸ਼ਨੀਆਂ ਦੀ ਜਗਮਗ’ ਸਮਾਗਮ ਨਾਲ ਸ਼ੁਰੂ ਹੋਈ ਸੀ। ਇਸ ਦਾ ਉਦਘਾਟਨ ਸਿੰਗਾਪੁਰ ਸਰਕਾਰ ਦੀ ਮੰਤਰੀ ਇੰਦਰਾਨੀ ਰਾਜਾ ਦੁਆਰਾ ਕੀਤਾ ਗਿਆ ਸੀ। 3 ਤੋਂ 7 ਜੁਲਾਈ ਤੱਕ ਕੀਰਤਨੀ ਜਥੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। 5 ਜੁਲਾਈ ਨੂੰ ਭਾਈ ਮਹਾਰਾਜ ਸਿੰਘ ਦੀ 168ਵੀਂ ਬਰਸੀ ਹਿੱਤ ਉਨ੍ਹਾਂ ਦੇ ਯਾਦਗਾਰੀ ਅਸਥਾਨ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰੱਖਿਆ ਗਿਆ ਜਿਸ ਦਾ ਭੋਗ 7 ਜੁਲਾਈ ਨੂੰ ਪਾਇਆ ਗਿਆ। ਸੰਗਤਾਂ ਵੱਲੋਂ 100 ਸਾਲਾ ਦੇ ਸਬੰਧ ਵਿੱਚ ਕੀਤੇ ਗਏ 100 ਸੁਖਮਨੀ ਸਾਹਿਬ ਦੇ ਪਾਠਾਂ ਦੀ ਅਰਦਾਸ ਵੀ ਕੀਤੀ ਗਈ। 6 ਜੁਲਾਈ ਨੂੰ ਗੁਰਦੁਆਰਾ ਸਿਲਟ ਰੋਡ ਦੀ 100ਵੀਂ ਵਰ੍ਹੇਗੰਢ ਦੀ ਖ਼ੁਸ਼ੀ ਵਿੱਚ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਵਿੱਚ ‘100 ਸ਼ਬਦਾਂ ਦੀ ਪਾਠਮਾਲਾ’ ਲੜੀ ਹਿੱਤ ਸਵੇਰ ਤੋਂ ਸ਼ਾਮ ਤੱਕ ਵੱਖ ਵੱਖ ਰਾਗੀ ਜਥਿਆਂ ਅਤੇ ਸੰਗਤਾਂ ਨੇ 100 ਸ਼ਬਦਾਂ ਦਾ ਕੀਰਤਨ ਕੀਤਾ। 6 ਜੁਲਾਈ ਨੂੰ ਦੁਪਹਿਰ ਬਾਅਦ ਸਿੰਗਾਪੁਰ ਦੇ ਰਾਸ਼ਟਰਪਤੀ ਥਰਮਨ ਸ਼ਨਮੁਗਰਤਨਮ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰਾਸ਼ਟਰਪਤੀ ਦੇ ਨਾਲ ਕੈਬਨਿਟ ਮੰਤਰੀ ਬੀਬੀ ਇੰਦਰਾਨੀ ਰਾਜਾਹ, ਸਿੰਗਾਪੁਰ ਸਰਕਾਰ ਦੇ ਵਿਰੋਧੀ ਧਿਰ ਦੇ ਐੱਮ.ਪੀ. ਸਰਦਾਰ ਪ੍ਰੀਤਮ ਸਿੰਘ, ਸਾਬਕਾ ਐੱਮ.ਪੀ. ਇੰਦਰਜੀਤ ਸਿੰਘ, ਪ੍ਰਿੰਸੀਪਲ ਦਿਲਬਾਗ ਸਿੰਘ, ਕਿਰਪਾਲ ਸਿੰਘ ਮੱਲੀ, ਗੁਰਚਰਨ ਸਿੰਘ ਕਸੇਲ, ਬਲਜੀਤ ਸਿੰਘ ਦਕੋਹਾ, ਹਰਬੰਸ ਸਿੰਘ ਘੋਲੀਆ, ਜੱਜ ਦੀਦਾਰ ਸਿੰਘ ਗਿੱਲ, ਬਲਬੀਰ ਸਿੰਘ ਮਾਂਗਟ, ਕੈਪਟਨ ਜਸਪ੍ਰੀਤ ਸਿੰਘ ਛਾਬੜਾ ਅਤੇ ਸਿੱਖ ਗੁਰਦੁਆਰਾ ਬੋਰਡ ਤੇ ਗੁਰਦੁਆਰਾ ਸਾਹਿਬ ਸਿਲਟ ਰੋਡ ਦੀ ਸਮੁੱਚੀ ਟੀਮ, ਠੁਕਰਾਲ ਪਰਿਵਾਰ ਦੇ ਮੈਂਬਰ, ਭਜਨ ਸਿੰਘ ਸੂਰੋਪੱਡਾ, ਦਲਜੀਤ ਸਿੰਘ ਰੰਧਾਵਾ, ਸੰਤੋਖ ਸਿੰਘ ਪਾਲਡੀ, ਬੀਬੀ ਮਨਜੀਤ ਕੌਰ, ਬੀਬੀ ਜਗੀਰ ਕੌਰ ਬ੍ਰਹਮਪੁਰਾ, ਮਾਤਾ ਪ੍ਰੀਤਮ ਕੌਰ ਮਰਾਹਣਾ, ਹਰਭਜਨ ਸਿੰਘ ਠਰੂ, ਕਰਨਲ ਦਲਜੀਤ ਸਿੰਘ ਰੰਧਾਵਾ, ਬਾਬਾ ਬੁੱਢਾ ਵੰਸ਼ਜ ਪ੍ਰੋ. ਬਾਬਾ ਨਿਰਮਲ ਸਿੰਘ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ, ਭਾਈ ਬ੍ਰਹਮ ਸਿੰਘ ਸਿੰਗਾਪੁਰ ਅਤੇ ਸਿੰਗਾਪੁਰ ਸਰਕਾਰ ’ਚ ਰਹੇ ਕਈ ਹੋਰ ਕਰਨਲ, ਕੈਪਟਨ, ਲੈਫਟੀਨੈਂਟ ਕਰਨਲ ਆਦਿ ਨੇ ਸ਼ਿਰਕਤ ਕੀਤੀ। ਇਸ ਦੌਰਾਨ ਇਨ੍ਹਾਂ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਦੇ 100 ਸਾਲਾ ਦੇ ਇਤਿਹਾਸ ’ਤੇ ਦਸਤਾਵੇਜ਼ੀ ਫਿਲਮ ਸਿੱਖ ਸੈਂਟਰ ਵਿੱਚ ਬਣੇ ਆਡਟੋਰੀਅਮ ਵਿੱਚ ਦਿਖਾਈ ਗਈ। ਪ੍ਰੋਗਰਾਮ ਦੇ ਸੰਚਾਲਕ ਭਾਈ ਸਿਮਰਨਜੀਤ ਸਿੰਘ ਪਾਲਡੀ, ਗੁਰਦੁਆਰਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਉਸਮਾ ਅਤੇ ਗੁਰਦੁਆਰਾ ਸਾਹਿਬ ਸਿਲਟ ਰੋਡ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਰੰਧਾਵਾ ਨੇ ਰਾਸ਼ਟਰਪਤੀ ਦਾ ਨਿੱਘਾ ਸਵਾਗਤ ਕੀਤਾ। ਸਿੰਗਾਪੁਰ ਅਤੇ ਹੋਰ ਮੁਲਕਾਂ ਤੋਂ ਪਹੁੰਚੀਆਂ ਨਾਮਵਰ ਹਸਤੀਆਂ ਨੂੰ ਸੰਬੋਧਨ ਕਰਦਿਆਂ ਸਿੱਖ ਸਮਾਜ ਵੱਲੋਂ ਸਿੰਗਾਪੁਰ ਲਈ ਪਾਏ ਵੱਡਮੁੱਲੇ ਯੋਗਦਾਨ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਗਿਆ। ਬੀਬੀ ਦਲਜੀਤ ਕੌਰ ਰੰਧਾਵਾ ਦੀ ਨਿਗਰਾਨੀ ਹੇਠ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਮੁਫ਼ਤ ਟੈਸਟ ਕੀਤੇ ਗਏ। ਸਮਾਗਮਾਂ ਦੌਰਾਨ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।
ਖ਼ਬਰ ਸਰੋਤ: ਗੁਰਦੁਆਰਾ ਸਾਹਿਬ ਸਿਲਟ ਰੋਡ
ਕੇਸਰ ਸਿੰਘ ਨੀਰ ‘ਲਾਈਫਟਾਈਮ ਐਵਾਰਡ’ ਨਾਲ ਸਨਮਾਨਿਤ
ਸਤਨਾਮ ਸਿੰਘ ਢਾਅ
ਕੈਲਗਰੀ: ਅਰਪਨ ਲਿਖਾਰੀ ਸਭਾ, ਕੈਲਗਰੀ ਦੀ ਮਾਸਿਕ ਇਕੱਤਰਤਾ ਕੋਸੋ ਹਾਲ ਵਿੱਚ ਡਾ. ਜੋਗਾ ਸਿੰਘ ਸਹੋਤਾ, ਕੇਸਰ ਸਿੰਘ ਨੀਰ, ਸੇਵਾ ਸਿੰਘ ਪ੍ਰੇਮੀ ਅਤੇ ਜਸਵੰਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ। ਅੰਗਰੇਜ਼ੀ ਅਤੇ ਪੰਜਾਬੀ ਸਾਹਿਤ ਦੇ ਮਾਹਰ ਜਗਦੇਵ ਸਿੰਘ ਸਿੱਧੂ ਨੇ ਸਟੇਜ ਸੰਭਾਲਦਿਆਂ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕਰਦਿਆਂ ਸਾਹਿਤਕਾਰਾਂ, ਅਦੀਬਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਿਆ। ਕਵੀਸ਼ਰ ਸਰੂਪ ਸਿੰਘ ਮੁੰਡੇਰ ਨੇ ਜਸਵੰਤ ਸਿੰਘ ਸੇਖੋਂ ਬਾਰੇ ਲਿਖੀ ਕਵਿਤਾ ਸੁਣਾਈ।
ਇਸ ਦੌਰਾਨ ਸਭਾ ਵੱਲੋਂ ਸਭਾ ਦੇ ਮੋਢੀ ਅਤੇ ਉੱਘੇ ਸਾਹਿਤਕਾਰ ਕੇਸਰ ਸਿੰਘ ਨੀਰ ਨੂੰ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਪ੍ਰਦਾਨ ਕਰ ਕੇ ਸਨਮਾਨਤ ਕੀਤਾ ਗਿਆ। ਮੁੱਖ ਬੁਲਾਰਿਆਂ ਨੇ ਨੀਰ ਨੂੰ ਵਧਾਈ ਦੇਣ ਸਮੇਂ ਉਸ ਦੁਆਰਾ ਸਿੱਖਿਆ, ਲੋਕ-ਲਹਿਰਾਂ ਅਤੇ ਸਾਹਿਤ ਸਿਰਜਣਾ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਚਰਚਾ ਕੀਤੀ। ਜਗਦੇਵ ਸਿੰਘ ਨੇ ਕੇਸਰ ਸਿੰਘ ਨੀਰ ਦਾ ਅਧਿਆਪਨ ਕਾਰਜ, ਉਸ ਦੀਆਂ ਕਵਿਤਾ, ਗ਼ਜ਼ਲ ਅਤੇ ਬਾਲ ਸਾਹਿਤ ਦੀਆਂ ਪੁਸਤਕਾਂ, ਸਾਹਿਤ ਸਭਾ ਜਗਰਾਉਂ ਦੇ ਮੋਢੀ ਮੈਂਬਰ ਵਜੋਂ ਕੀਤੀ ਅਗਵਾਈ, ਪੰਜਾਬੀ ਕੇਂਦਰੀ ਲੇਖਕ ਸਭਾ ਲਈ ਨਿਭਾਈ ਅਹਿਮ ਭੂਮਿਕਾ, ਪੰਜਾਬ ਦੇ ਭਾਸ਼ਾ ਵਿਭਾਗ ਦੁਆਰਾ ਦਿੱਤਾ ‘ਸ਼੍ਰੋਮਣੀ ਸਾਹਿਤਕਾਰ ਪੁਰਸਕਾਰ’ (ਪਰਵਾਸੀ), ਬੇਰੁਜ਼ਗਾਰ ਅਧਿਆਪਕਾਂ ਦੇ ਹੱਕਾਂ ਲਈ ਕੀਤੇ ਸੰਘਰਸ਼ ਦੌਰਾਨ ਜੇਲ੍ਹ ਯਾਤਰਾਵਾਂ ਅਤੇ ਕੈਲਗਰੀ ਵਿਖੇ ਸਾਹਿਤ ਸਭਾਵਾਂ ਦੀ ਸਥਾਪਨਾ ਅਤੇ ਵਿਕਾਸ ਲਈ ਪਾਏ ਯੋਗਦਾਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਕੇਸਰ ਸਿੰਘ ਨੀਰ ਨੇ ਸਭਾ ਦੇ ਸਮੁੱਚੇ ਮੈਂਬਰਾਂ ਪ੍ਰਤੀ ਆਭਾਰ ਪ੍ਰਗਟ ਕੀਤਾ।
ਇਸ ਮਗਰੋਂ ਜਸਵੰਤ ਸਿੰਘ ਸੇਖੋਂ ਦੀ ਪੰਜਵੀਂ ਪੁਸਤਕ ‘ਸੇਖੋਂ ਸੂਰਮੇ’ ਰਿਲੀਜ਼ ਕੀਤੀ ਗਈ। ਰਿਸ਼ੀ ਨਾਗਰ ਨੇ ਪੁਸਤਕ ਬਾਰੇ ਵਿਚਾਰ ਰੱਖਦਿਆਂ ਕਿਹਾ ਕਿ ਇਸ ਵਿਲੱਖਣ ਲਿਖਤ ਰਾਹੀਂ ਸੇਖੋਂ ਨੇ ਪੰਜਾਬ ਦੇ ਗੌਰਵਮਈ ਪੁਰਾਤਨ ਵਿਰਸੇ ਨੂੰ ਬੜੀ ਖੋਜ ਕਰਕੇ ਪੁਨਰ ਸੁਰਜੀਤ ਕੀਤਾ ਹੈ। ਸਾਹਿਤ ਅਤੇ ਭਾਸ਼ਾ-ਮਾਹਿਰ ਡਾ. ਸਰਬਜੀਤ ਕੌਰ ਜਵੰਧਾ ਨੇ ਇਸ ਪੁਸਤਕ ਦਾ ਮੁਲਾਂਕਣ ਕਰਦਿਆਂ ਆਲੋਚਕ ਦ੍ਰਿਸ਼ਟੀ ਤੋਂ ਪਰਖਦਿਆਂ ਕਿਹਾ ਕਿ ਇਸ ਪੁਸਤਕ ਦੇ ਮੁੱਖ ਗੁਣ ਵਿਸ਼ਿਆਂ ਦੀ ਨਵੀਨਤਾ, ਸ਼ਾਇਰੀ, ਲੈਅ, ਛੰਦ-ਵਿਧਾਨ ਅਤੇ ਹਰ ਪੱਖ ਤੋਂ ਨਿਭਾਅ ਦੀ ਪ੍ਰਵੀਨਤਾ ਹੈ। ਅਮਨਪ੍ਰੀਤ ਸਿੰਘ ਦੁੱਲਟ ਨੇ ਆਖਿਆ ਕਿ ਸੇਖੋਂ ਨੇ ਦਿੱਲੀ ’ਚ ਸਿੱਖ ਕਤਲੇਆਮ ਦੀ ਜੋ ਦਾਸਤਾਨ ਪੇਸ਼ ਕੀਤੀ ਹੈ, ਇਹ ਖੋਜੀ ਲੇਖਕ ਹੀ ਪੇਸ਼ ਕਰ ਸਕਦਾ ਹੈ। ਜਗਦੇਵ ਸਿੱਧੂ ਨੇ ਇਸ ਨੂੰ ਖੋਜ-ਭਰਪੂਰ, ਸ਼ਾਨਦਾਰ ਵਾਰਤਕ ਅਤੇ ਉੱਤਮ ਸ਼ਾਇਰੀ ਦਾ ਸੁਮੇਲ ਦੱਸਿਆ।
ਡਾ. ਜੋਗਾ ਸਿੰਘ ਸਹੋਤਾ ਅਤੇ ਸੁਖਵਿੰਦਰ ਤੂਰ ਨੇ ਨੀਰ ਦੀਆਂ ਗ਼ਜ਼ਲਾਂ ਦਾ ਗਾਇਨ ਕਰ ਕੇ ਸੰਗੀਤਕ ਮਾਹੌਲ ਸਿਰਜਿਆ। ਜਸਵਿੰਦਰ ਸਿੰਘ ਰੁਪਾਲ, ਜਗਦੀਸ਼ ਕੌਰ ਸਰੋਆ, ਗੁਰਦੀਸ਼ ਕੌਰ ਗਰੇਵਾਲ, ਸਰਬਜੀਤ ਕੌਰ ਉੱਪਲ ਅਤੇ ਗੁਰਚਰਨ ਕੌਰ ਥਿੰਦ ਨੇ ਕਵਿਤਾਵਾਂ ਦਾ ਉਚਾਰਨ ਕੀਤਾ। ਜਸਵੀਰ ਸਿਹੋਤੇ ਨੇ ਕਮਾਲ ਦੀ ਮੁਹਾਰਤ ਨਾਲ ਟੱਪੇ ਸੁਣਾਏ। ਸਰੂਪ ਸਿੰਘ ਮੰਡੇਰ ਅਤੇ ਜਸਵੰਤ ਸਿੰਘ ਸੇਖੋਂ ਨੇ ਕਵੀਸ਼ਰੀ ਦੀ ਛਹਿਬਰ ਲਾਈ। ਦਰਸ਼ਨ ਸਿੰਘ ਦਲੇਰ ਦੇ ਢਾਡੀ ਜਥੇ ਨੇ ਸੇਖੋਂ ਦਾ ਲਿਖਿਆ ਢਾਡੀ ਰਾਗ ਪੇਸ਼ ਕੀਤਾ। ਗੁਰਮੀਤ ਕੌਰ ਸਰਪਾਲ ਨੇ ਕਿਤਾਬਾਂ ਦੀ ਅਹਿਮੀਅਤ ਬਾਰੇ ਕੀਮਤੀ ਵਿਚਾਰ ਰੱਖੇ।
ਸਮਾਜ ਸੇਵੀ ਸੇਵਾ ਸਿੰਘ ਪ੍ਰੇਮੀ ਨੇ ਪੰਜਾਬੀ ਦੇ ਵਿਕਾਸ ਲਈ ਸਭਾ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਜਸਵੰਤ ਸਿੰਘ ਸੇਖੋਂ ਨੇ ਇਸ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਏ ਹੋਏ ਅਦੀਬਾਂ, ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਅਖ਼ੀਰ ਵਿੱਚ ਸਭਾ ਦੇ ਪ੍ਰਧਾਨ ਡਾ. ਜੋਗਾ ਸਿੰਘ ਸਹੋਤਾ ਨੇ ਪੇਸ਼ਕਾਰੀਆਂ ਦੇ ਮਿਆਰ ਨੂੰ ਸਲਾਹਿਆ ਅਤੇ ਸਮਾਗਮ ਦੀ ਸਫਲਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਚਲਾਉਣ ਦੀ ਜ਼ਿੰਮੇਵਾਰੀ ਜਗਦੇਵ ਸਿੰਘ ਸਿੱਧੂ ਨੇ ਬਾਖੂਬੀ ਨਿਭਾਈ। ਫੋਟੋਗ੍ਰਾਫ਼ੀ ਲਈ ਦਲਜੀਤ ਹੁੰਝਣ ਦਾ ਸਹਿਯੋਗ ਸ਼ਲਾਘਾਯੋਗ ਰਿਹਾ।