ਭਾਈ ਜੈਤਾ ਜੀ ਫਾਊਂਡੇਸ਼ਨ ਨੇ ‘ਐਲੂਮਨੀ ਮੀਟ-2024’ ਕਰਵਾਈ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਅਕਤੂਬਰ
ਪੰਜਾਬ ਦੇ ਦੂਰ-ਦੁਰਾਡੇ ਪਿੰਡਾਂ ਅਤੇ ਕਸਬਿਆਂ ਦੇ ਲੋੜਵੰਦ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨ ਲਈ ਯਤਨਸ਼ੀਲ ਭਾਈ ਜੈਤਾ ਜੀ ਫਾਊਂਡੇਸ਼ਨ (ਬੀਜੇਐਫ) ਵੱਲੋਂ ਪਾਸਆਊਟ ਵਿਦਿਆਰਥੀਆਂ ਦੀ ਐਲੂਮਨੀ ਮੀਟ-2024’ ਕਰਵਾਈ। ਇਸ ਵਿੱਚ ਦੇਸ਼ ਤੇ ਵਿਦੇਸ਼ ਤੋਂ ਵੱਖ-ਵੱਖ ਮੁਕਾਬਲਾ ਪ੍ਰੀਖਿਆਵਾਂ ਵਿੱਚ ਸਫ਼ਲ ਵਿਦਿਆਰਥੀ ਪਹੁੰਚੇ। ਉਨ੍ਹਾਂ ਮੌਜੂਦਾ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਦੀ ਪ੍ਰਧਾਨਗੀ ਕਲਗੀਧਰ ਟਰੱਸਟ ਦੇ ਮੁਖੀ ਤੇ ਇਟਰਨਲ ਅਤੇ ਅਕਾਲ ਯੂਨੀਵਰਸਿਟੀ ਬੜੂ ਸਾਹਿਬ ਦੇ ਚਾਂਸਲਰ ਡਾ. ਦਵਿੰਦਰ ਸਿੰਘ ਨੇ ਕੀਤੀ ਅਤੇ ਵਿਸ਼ੇਸ਼ ਤੌਰ ’ਤੇ ਦਲਜੀਤ ਸਿੰਘ ਗੁਲਾਟੀ ਪਹੁੰਚੇ।
ਡਾ. ਦਵਿੰਦਰ ਸਿੰਘ ਨੇ ਇੰਟਰ-ਫੇਦ ਹਾਰਮਨੀ ਤੇ ਸਸਟੇਨਏਬਲ ਡਿਵੈਲਪਮੈਂਟ ਨੂੰ ਉਤਸ਼ਾਹਿਤ ਕਰਨ ਲਈ ਸਿੱਖਿਆ ਦੀ ਸਮਰੱਥਾ ’ਤੇ ਜ਼ੋਰ ਦਿੱਤਾ। ਦਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਮਾਜ ਭਲਾਈ ਲਈ ਆਪਣੀ ਵਚਨਬੱਧਤਾ ਅਤੇ ਸਿੱਖ ਪ੍ਰੰਪਰਾਵਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।
ਬੀਜੇਐਫ ਦੇ ਸੰਸਥਾਪਕ ਅਤੇ ਮੈਨੇਜਿੰਗ ਟਰੱਸਟੀ ਹਰਪਾਲ ਸਿੰਘ ਨੇ ਕਿਹਾ ਕਿ ਫਾਊਂਡੇਸ਼ਨ ਦੇ ਵਿਦਿਆਰਥੀਆਂ ਨੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿੱਚ ਵੀ ਚੰਡੀਗੜ੍ਹ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਵੱਲੋਂ 9 ਤੋਂ 12ਵੀਂ ਜਮਾਤ ਤੱਕ ਸਕੂਲ ਖੋਲ੍ਹਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਡਾ. ਬੀਐੱਨਐੱਸ ਵਾਲੀਆ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਅਖ਼ੀਰ ’ਚ ਮੇਜਰ ਜਨਰਲ ਆਈਪੀ ਸਿੰਘ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ।
ਦੱਸਣਯੋਗ ਹੈ ਕਿ ਫਾਊਂਡੇਸ਼ਨ ਨੇ ਹੁਣ ਤੱਕ 310 ਲੋੜਵੰਦ ਬੱਚਿਆਂ ਨੂੰ ਦੇਸ਼ ਦੀਆਂ ਨਾਮਵਰ ਵਿਦਿਅਕ ਸੰਸਥਾਵਾਂ ਵਿੱਚ ਦਾਖ਼ਲਾ ਲੈਣ ਲਈ ਕੋਚਿੰਗ ਪ੍ਰਦਾਨ ਕਰਨ ਵਿੱਚ ਮਦਦ ਕੀਤੀ ਹੈ।