ਜਤਿੰਦਰ ਬਰਾੜ ਨੂੰ ਭਾਈ ਗੁਰਸ਼ਰਨ ਸਿੰਘ ਯਾਦਗਾਰੀ ਐਵਾਰਡ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 4 ਫਰਵਰੀ
ਪੰਜਾਬੀ ਸਾਹਿਤ ਅਕੈਡਮੀ ਵੱਲੋਂ ਰੰਗਮੰਚ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਪੰਜਾਬ ਨਾਟਸ਼ਾਲਾ ਦੇ ਬਾਨੀ ਜਤਿੰਦਰ ਬਰਾੜ ਨੂੰ ਭਾਈ ਗੁਰਸ਼ਰਨ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਨਾਟਸ਼ਾਲਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਹਿਤ ਅਕੈਡਮੀ ਦੇ ਪ੍ਰਤੀਨਿਧੀ ਡਾ. ਸੁਰਜੀਤ ਪਾਤਰ, ਡਾ. ਲਖਵਿੰਦਰ ਸਿੰਘ ਜੌਹਲ ਅਤੇ ਡਾ. ਗੁਰ ਇਕਬਾਲ ਸਿੰਘ ਵੱਲੋਂ ਅੱਜ ਲੁਧਿਆਣਾ ਵਿੱਚ ਇੱਕ ਸਮਾਗਮ ਦੌਰਾਨ ਜਤਿੰਦਰ ਬਰਾੜ ਨੂੰ ਇਹ ਐਵਾਰਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਰੰਗਮੰਚ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਸ੍ਰੀ ਬਰਾੜ ਨੂੰ ਪੰਜਾਬ ਗੌਰਵ ਤੇ ਸ਼੍ਰੋਮਣੀ ਨਾਟਕਕਾਰ ਸਮੇਤ ਕਈ ਹੋਰ ਸਨਮਾਨ ਮਿਲ ਚੁੱਕੇ ਹਨ। ਜ਼ਿਕਰਯੋਗ ਹੈ ਕਿ ਜਤਿੰਦਰ ਬਰਾੜ ਨੇ ਸਥਾਨਕ ਖਾਲਸਾ ਕਾਲਜ ਸਾਹਮਣੇ ਆਪਣੀ ਫੈਕਟਰੀ ਨੂੰ ਹੀ ਨਾਟਸ਼ਾਲਾ ਦਾ ਰੂਪ ਦਿੱਤਾ ਸੀ। 1998 ਵਿੱਚ ਓਪਨ ਏਅਰ ਥੀਏਟਰ ਵਜੋਂ ਸ਼ੁਰੂ ਹੋਈ ਪੰਜਾਬ ਨਾਟਸ਼ਾਲਾ ਅੱਜ ਵਿਸ਼ਵ ਪੱਧਰ ’ਤੇ ਵੱਖਰੀ ਪਛਾਣ ਬਣਾ ਚੁੱਕੀ ਹੈ। ਇੱਥੇ ਹੁਣ ਤੱਕ ਤਿੰਨ ਹਜ਼ਾਰ ਤੋਂ ਵੱਧ ਨਾਟਕ ਖੇਡੇ ਜਾ ਚੁੱਕੇ ਹਨ। ਦੋ ਦਰਜਨ ਤੋਂ ਵੱਧ ਦੇਸ਼ਾਂ ਦੇ ਕਲਾਕਾਰ ਇੱਥੇ ਆਪਣੀ ਕਲਾ ਦੀ ਪੇਸ਼ਕਾਰੀ ਦੇ ਚੁੱਕੇ ਹਨ। ਕਪਿਲ ਸ਼ਰਮਾ, ਭਾਰਤੀ ਸਿੰਘ ਤੇ ਚੰਦਨ ਪ੍ਰਭਾਕਰ ਵਰਗੇ ਕਲਾਕਾਰ ਵੀ ਇੱਥੇ ਆਪਣੀ ਕਲਾ ਦੇ ਜੌਹਰ ਦਿਖਾ ਚੁੱਕੇ ਹਨ। ਸੀਮਾ ਵਿਸ਼ਵਾਸ, ਨਾਦਿਰਾ ਬੱਬਰ, ਜੂਹੀ ਬੱਬਰ, ਰਜਤ ਕਪੂਰ ਵਰਗੇ ਅਦਾਕਾਰ ਵੀ ਨਾਟਸ਼ਾਲਾ ਵਿੱਚ ਕਲਾ ਦੀ ਪੇਸ਼ਕਾਰੀ ਦੇ ਚੁੱਕੇ ਹਨ। ਸ੍ਰੀ ਬਰਾੜ ਨੇ 100 ਤੋਂ ਵੱਧ ਨਾਟਕ ਤੇ ਕਹਾਣੀਆਂ ਲਿਖੀਆਂ ਹਨ। ਉਨ੍ਹਾਂ ਦੇ ਨਾਟਕ ‘ਕੁਦੇਸਨ’ ’ਤੇ ਫਿਲਮ ਵੀ ਬਣ ਚੁੱਕੀ ਹੈ।