Bhagwat Statement misleading: ਭਾਗਵਤ ਦਾ ਬਿਆਨ ਸਿਰਫ਼ ਗੁੰਮਰਾਕੰਨ, ਸੰਘ ਦੇ ਇਸ਼ਾਰੇ ’ਤੇ ਹੋ ਰਿਹੈ ਮੰਦਰ-ਮਸਜਿਦ: ਕਾਂਗਰਸ
ਨਵੀਂ ਦਿੱਲੀ, 23 ਦਸੰਬਰ
ਕਾਂਗਰਸ ਨੇ ਰਾਸ਼ਟਰੀ ਸਵੈਮ ਸੇਵਕ ਸੰਦ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਦੇ ਇਕ ਹਾਲ ਦੇ ਬਿਆਨ ਨੂੰ ਲੈ ਕੇ ਅੱਜ ਦੋਸ਼ ਲਗਾਇਆ ਕਿ ਉਨ੍ਹਾਂ ਨੇ ਸਿਰਫ਼ ਸਮਾਜ ਨੂੰ ਗੁੰਮਰਾਹ ਕਰਨ ਲਈ ਟਿੱਪਣੀ ਕੀਤੀ ਹੈ ਕਿਉਂਕਿ ਕਈ ਥਾਵਾਂ ’ਤੇ ਮੰਦਰ-ਮਸਜਿਕ ਦਾ ਵਿਵਾਦ ਆਰਐੱਸਐੱਸ ਦੇ ਇਸ਼ਾਰੇ ’ਤੇ ਹੀ ਹੋ ਰਿਹਾ ਹੈ।
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਦਾਅਵਾ ਵੀ ਕੀਤਾ ਕਿ ਭਾਗਵਤ ਨੂੰ ਲੱਗਦਾ ਹੈ ਕਿ ਅਜਿਹੀਆਂ ਗੱਲਾਂ ਨਾਲ ਆਰਐੱਸਐੱਸ ਦੇ ਪਾਪ ਧੁਲ ਜਾਣਗੇ ਅਤੇ ਉਨ੍ਹਾਂ ਦਾ ਅਕਸ ਸੁਧਰ ਜਾਵੇਗਾ ਪਰ ਅਜਿਹਾ ਨਹੀਂ ਹੋਣਾ। ਭਾਗਵਤ ਨੇ ਕਈ ਮੰਦਰ-ਮਸਜਿਦ ਵਿਵਾਦਾਂ ਦੇ ਮੁੜ ਤੋਂ ਉਠਣ ’ਤੇ ਪਿਛਲੇ ਹਫ਼ਤੇ ਚਿੰਤਾ ਜ਼ਾਹਿਰ ਕੀਤੀ ਸੀ ਅਤੇ ਕਿਹਾ ਸੀ ਕਿ ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਕੁਝ ਲੋਕਾਂ ਨੂੰ ਅਜਿਹਾ ਲੱਗ ਰਿਹਾ ਹੈ ਕਿ ਉਹ ਅਜਿਹੇ ਮੁੱਦਿਆਂ ਨੂੰ ਉਠਾ ਕੇ ‘ਹਿੰਦੂਆਂ ਦੇ ਨੇਤਾ’ ਬਣ ਸਕਦੇ ਹਨ।
ਭਾਗਵਤ ਨੇ ਪੁਣੇ ਵਿੱਚ ਸਹਿਜੀਵਨ ਵਿਆਖਿਆਨਮਾਲਾ ਵਿੱਚ ‘ਭਾਰਤ-ਵਿਸ਼ਵਗੁਰੂ’ ਵਿਸ਼ੇ ’ਤੇ ਪਿਛਲੇ ਵੀਰਵਾਰ ਨੂੰ ਵਿਆਖਿਆਨ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਸਮਾਵੇਸ਼ੀ ਸਮਾਜ ਦੀ ਵਕਾਲਤ ਕੀਤੀ ਸੀ ਅਤੇ ਕਿਹਾ ਸੀ ਕਿ ਦੁਨੀਆ ਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਦੇਸ਼ ਸਦਭਾਵਨਾ ਨਾਲ ਇੱਕੋ ਨਾਲ ਰਹਿ ਸਕਦਾ ਹੈ।
ਰਮੇਸ਼ ਨੇ ਅੱਜ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਮੋਹਨ ਭਾਗਵਤ ਦਾ ਬਿਆਨ ਆਰਐੱਸਐੱਸ ਦੀ ਖ਼ਤਰਨਾਕ ਕਾਰਜ ਪ੍ਰਣਾਲੀ ਨੂੰ ਦਰਸਾਉਂਦਾ ਹੈ, ਉਨ੍ਹਾਂ ਦੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਆਰਐੱਸਐੱਸ ਦਾ ਕੰਮ ਕਰਨ ਦਾ ਤਰੀਕਾ ਆਜ਼ਾਦੀ ਦੇ ਸਮੇਂ ਜਿੰਨਾ ਖ਼ਤਰਨਾਕ ਸੀ, ਅੱਜ ਉਸ ਨਾਲੋਂਵੀ ਜ਼ਿਆਦਾ ਹੈ। ਉਹ ਜੋ ਬੋਲਦੇ ਹਨ, ਉਸ ਦਾ ਉਲਟਾ ਕਰਦੇ ਹਨ।’’
ਉਨ੍ਹਾਂ ਸਵਾਲ ਕੀਤਾ, ‘‘ਜੇ ਮੋਹਨ ਭਾਗਵਤ ਨੂੰ ਲੱਗਦਾ ਹੈ ਕਿ ਮੰਦਰ-ਮਸਜਿਦ ਦਾ ਮੁੱਦਾ ਉਠਾ ਕੇ ਨੇਤਾਗਿਰੀ ਕਰਨਾ ਗ਼ਲਤ ਹੈ ਤਾਂ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਅਜਿਹੇ ਆਗੂਆਂ ਨੂੰ ਉਨ੍ਹਾਂ ਦਾ ਸੰਘ ਸੁਰੱਖਿਆ ਕਿਉਂ ਦਿੰਦਾ ਹੈ? ਕੀ ਆਰਐੱਸਐੱਸ-ਭਾਜਪਾ ਵਿੱਚ ਮੋਹਨ ਭਾਗਵਤ ਦੀ ਗੱਲ ਨਹੀਂ ਮੰਨੀ ਜਾਂਦੀ?’’
ਕਾਂਗਰਸੀ ਆਗੂ ਨੇ ਕਿਹਾ ਕਿ ਜੇਕਰ ਉਹ ਸੱਚ ਵਿੱਚ ਆਪਣੇ ਬਿਆਨ ਨੂੰ ਲੈ ਕੇ ਇਮਾਨਦਾਰ ਹਨ ਤਾਂ ਜਨਤਕ ਤੌਰ ’ਤੇ ਐਲਾਨ ਕਰਨ ਕਿ ਭਵਿੱਖ ਵਿੱਚ ਸੰਘ ਕਦੇ ਵੀ ਅਜਿਹੇ ਆਗੂਆਂ ਦਾ ਸਮਰਥਨ ਨਹੀਂ ਕਰੇਗਾ ਜਿਨ੍ਹਾਂ ਕਰ ਕੇ ਸਮਾਜਿਕ ਭਾਈਚਾਰੇ ਨੂੰ ਖ਼ਤਰਾ ਪਹੁੰਚਦਾ ਹੈ। -ਪੀਟੀਆਈ