ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਗਵੰਤ ਮਾਨ ਪੰਜਾਬ ’ਚ ਚੋਣ ਪ੍ਰਚਾਰ ਨੂੰ ਅੱਜ ਦੇਣਗੇ ਝੰਡੀ

06:33 AM Apr 18, 2024 IST
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੇ ਭਰੁਚ ਵਿਖੇ ਰੋਡ ਸ਼ੋਅ ਵਿੱਚ ਹਿੱਸਾ ਲੈਂਦੇ ਹੋਏ।

* ਬੋਰਡਾਂ ਤੇ ਨਿਗਮਾਂ ਦੇ ਚੇਅਰਮੈਨ ਵੀ ਹੋਣਗੇ ਸ਼ਾਮਲ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 17 ਅਪਰੈਲ
ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਵੀਰਵਾਰ ਤੋਂ ਸਿਆਸੀ ਮੁਹਿੰਮ ਦਾ ਆਗਾਜ਼ ਕਰਨਗੇ। ‘ਆਪ’ ਇਨ੍ਹਾਂ ਸਾਰੀਆਂ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਹੁਣ ਚੋਣ ਪ੍ਰਚਾਰ ਦੀ ਰਣਨੀਤੀ ਘੜਨ ਅਤੇ ਚੋਣਾਂ ਵਿਚ ਉਭਾਰੇ ਜਾਣ ਵਾਲੇ ਮੁੱਦਿਆਂ ਨੂੰ ਲੈ ਕੇ ਭਲਕੇ ਮੁਹਾਲੀ ਵਿਚ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿਚ ਸਾਰੇ ਉਮੀਦਵਾਰਾਂ ਤੋਂ ਇਲਾਵਾ ਪਾਰਟੀ ਦੇ ਵਿਧਾਇਕ ਅਤੇ ਹਲਕਾ ਇੰਚਾਰਜ ਸ਼ਾਮਲ ਹੋਣਗੇ। ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ।
ਮੀਟਿੰਗ ਵਿਚ ਸਿਆਸੀ ਲੜਾਈ ਭਖਾਉਣ ਲਈ ਗੁਰ ਸਾਂਝੇ ਕੀਤੇ ਜਾਣਗੇ। ਭਲਕੇ ਦੀ ਮੀਟਿੰਗ ਕਰਕੇ ਸਾਰੇ ਉਮੀਦਵਾਰਾਂ ਨੇ ਆਪਣੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਆਉਂਦੇ ਦਿਨਾਂ ਵਿਚ ਮੁੱਖ ਮੰਤਰੀ ਪੰਜਾਬ ਵਿਚ ਚੋਣ ਪ੍ਰਚਾਰ ਸ਼ੁਰੂ ਕਰਨਗੇ ਅਤੇ 22 ਅਪਰੈਲ ਤੋਂ ਬਾਅਦ ਉਹ ਆਪਣਾ ਪ੍ਰੋਗਰਾਮ ਸ਼ੁਰੂ ਕਰ ਸਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਐਕਸਾਈਜ਼ ਕੇਸ ਵਿੱਚ ਗ੍ਰਿਫ਼ਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਪੰਜਾਬ ਵਿਚ ਚੋਣ ਪ੍ਰਚਾਰ ਕਰਨਗੇ। ਪੰਜਾਬ ਦੇ ਸ਼ਹਿਰੀ ਖੇਤਰ ਵਿਚ ਸੁਨੀਤਾ ਕੇਜਰੀਵਾਲ ਦੇ ਚੋਣ ਪ੍ਰੋਗਰਾਮ ਕਰਵਾਏ ਜਾਣਗੇ।
ਮੁੱਖ ਮੰਤਰੀ ਇਸ ਮੀਟਿੰਗ ਵਿਚ ਦੂਸਰੀਆਂ ਪਾਰਟੀਆਂ ’ਚੋਂ ਸ਼ਾਮਲ ਕਰਵਾਏ ਅਤੇ ਐਲਾਨੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ, ਪਵਨ ਟੀਨੂੰ ਅਤੇ ਗੁਰਪ੍ਰੀਤ ਸਿੰਘ ਜੀਪੀ ਦੀ ਹਮਾਇਤ ਵਾਸਤੇ ‘ਆਪ’ ਆਗੂਆਂ ਅਤੇ ਵਰਕਰਾਂ ਨੂੰ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਦੀਆਂ ਹਦਾਇਤਾਂ ਕਰਨਗੇ। ਭਲਕ ਦੀ ਮੀਟਿੰਗ ਵਿਚ ਨਵੇਂ ਬਣਾਏ ਬੋਰਡਾਂ ਤੇ ਨਿਗਮਾਂ ਦੇ ਚੇਅਰਮੈਨ ਦੇ ਵੀ ਸ਼ਮੂਲੀਅਤ ਕਰਨ ਦੀ ਸੰਭਾਵਨਾ ਹੈ। ਮੀਟਿੰਗ ਵਿਚ ਆਗੂਆਂ ਨੂੰ ਆਪੋ ਆਪਣੇ ਹਲਕਿਆਂ ਵਿਚ ਚੋਣ ਪ੍ਰਚਾਰ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਜਾਣੇ ਹਨ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿਚ ਕਰੀਬ 40 ਦਿਨ ਚੋਣ ਪ੍ਰਚਾਰ ਕਰਨਗੇ ਅਤੇ ਹਰ ਹਲਕੇ ਵਿਚ ਤਿੰਨ ਦਿਨ ਲਾਉਣਗੇ। ਉਮੀਦਵਾਰਾਂ ਤੇ ਆਗੂਆਂ ਨੂੰ ਪੰਜਾਬ ਸਰਕਾਰ ਦਾ ਦੋ ਵਰ੍ਹਿਆਂ ਦਾ ਰਿਪੋਰਟ ਕਾਰਡ ਘਰ ਘਰ ਪਹੁੰਚਾਉਣ ਬਾਰੇ ਕਿਹਾ ਜਾਣਾ ਹੈ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਰਿਪੋਰਟਾਂ ਵੀ ਦਿੱਤੀਆਂ ਜਾਣੀਆਂ ਹਨ। ਲੁਧਿਆਣਾ ਸੰਸਦੀ ਹਲਕੇ ਤੋਂ ‘ਆਪ’ ਵਿਧਾਇਕ ਅੱਜ ਸੁਨੀਤਾ ਕੇਜਰੀਵਾਲ ਨੂੰ ਮਿਲਣ ਲਈ ਦਿੱਲੀ ਗਏ। ਇਸ ਤੋਂ ਪਹਿਲਾਂ ਪੰਜਾਬ ਤੋਂ ‘ਆਪ’ ਦੇ ਰਾਜ ਸਭਾ ਮੈਂਬਰਾਂ ਨੇ ਵੀ ਸੁਨੀਤਾ ਕੇਜਰੀਵਾਲ ਨਾਲ ਮੀਟਿੰਗ ਕੀਤੀ ਸੀ। ‘ਆਪ’ ਆਗੂਆਂ ਨੂੰ ਬਚ ਕੇ ਬਿਆਨਬਾਜ਼ੀ ਕਰਨ ਵਾਸਤੇ ਕਿਹਾ ਜਾਵੇਗਾ ਕਿਉਂਕਿ ਪਿਛਲੇ ਦਿਨਾਂ ਵਿਚ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੀ ਟਿੱਪਣੀ ਤੋਂ ਕਾਫ਼ੀ ਨੁਕਸਾਨ ਝੱਲਣਾ ਪਿਆ। ਇਸੇ ਤਰ੍ਹਾਂ ਭੁੱਚੋ ਹਲਕੇ ਦੇ ਵਿਧਾਇਕ ਜਗਸੀਰ ਸਿੰਘ ਦੀ ਕਿਸਾਨ ਧਿਰਾਂ ਖ਼ਿਲਾਫ਼ ਟਿੱਪਣੀ ਨਾਲ ਨਮੋਸ਼ੀ ਝੱਲਣੀ ਪਈ ਸੀ।

‘ਗੁਜਰਾਤ ਦੇ ਲੋਕ ਭਾਜਪਾ ਦੀ ਤਾਨਾਸ਼ਾਹੀ ਦਾ ਸਫਾਇਆ ਕਰਨ’

ਭਰੁਚ (ਟਨਸ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਦੇ ਲੋਕ ਸਭਾ ਹਲਕਾ ਭਰੁਚ ਤੋਂ ‘ਆਪ’ ਦੇ ਉਮੀਦਵਾਰ ਚੈਤਰ ਵਸਾਵਾ ਦੇ ਹੱਕ ਵਿੱਚ ਅੱਜ ‘ਜਨ ਆਸ਼ੀਰਵਾਦ ਯਾਤਰਾ’ ਕੱਢੀ। ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਦਿੱਲੀ ਅਤੇ ਪੰਜਾਬ ਵਿੱਚ ਲੋਕਾਂ ਦੇ ਹਿੱਤ ਵਿੱਚ ਵਧ-ਚੜ੍ਹ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਤੇਜ਼ੀ ਨਾਲ ਦੇਸ਼ ਵਿੱਚ ਅੱਗੇ ਵਧਣ ਕਰ ਕੇ ਹੀ ਭਾਜਪਾ ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ। ਇਸੇ ਲਈ ਸਾਜ਼ਿਸ਼ ਤਹਿਤ ਉਨ੍ਹਾਂ ਕੇਜਰੀਵਾਲ ਨੂੰ ਝੂਠੇ ਕੇਸ ਵਿੱਚ ਫਸਾ ਕੇ ਗ੍ਰਿਫ਼ਤਾਰ ਕਰ ਲਿਆ ਹੈ ਤਾਂ ਜੋ ਉਹ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਨਾ ਕਰ ਸਕਣ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਚੈਤਰ ਭਾਈ ਅਤੇ ਉਨ੍ਹਾਂ ਦੀ ਪਤਨੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ‘ਭਾਜਪਾ ਨੂੰ ਲਗਦਾ ਹੈ ਕਿ ਕੇਜਰੀਵਾਲ ਬਾਹਰ ਨਹੀਂ ਆਉਣਗੇ ਪਰ ਉਹ ਬਾਹਰ ਵੀ ਆਉਣਗੇ ਅਤੇ ਢੁੱਕਵਾਂ ਜਵਾਬ ਵੀ ਦੇਣਗੇ।’ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਜ਼ੁਲਮ ਵਧਦਾ ਹੈ ਤਾਂ ਰੱਬ ਉਸ ਦੀ ਸਫ਼ਾਈ ਜ਼ਰੂਰ ਕਰਦਾ ਹੈ। ਉਨ੍ਹਾਂ ਗੁਜਰਾਤ ਦੇ ਲੋਕਾਂ ਨੂੰ 7 ਮਈ ਵਾਲੇ ਦਿਨ ‘ਆਪ’ ਉਮੀਦਵਾਰ ਦੇ ਹੱਕ ਵਿੱਚ ਵੋਟ ਪਾ ਕੇ ਭਾਜਪਾ ਦੀ ਤਾਨਾਸ਼ਾਹੀ ਦਾ ਸਫਾਇਆ ਕਰਨ ਦੀ ਅਪੀਲ ਕੀਤੀ। ਸ੍ਰੀ ਮਾਨ ਨੇ ਕਿਹਾ ਕਿ ‘ਆਪ’ ਆਮ ਲੋਕਾਂ ਦੀ ਪਾਰਟੀ ਹੈ ਅਤੇ ਉਸ ਨੇ ਪੰਜਾਬ ਦੀਆਂ 117 ਵਿੱਚੋਂ 92 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਇਸ ਵਿੱਚੋਂ 80 ਜਣੇ ਪਹਿਲੀ ਵਾਰ ਵਿਧਾਇਕ ਬਣੇ ਹਨ ਜੋ ਆਮ ਪਰਿਵਾਰਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਹੈ, ਜਦੋਂ ਜਨਤਾ ਚਾਹੁੰਦੀ ਹੈ, ਆਦਮੀ ਅਰਸ਼ ’ਤੇ ਅਤੇ ਜਦੋਂ ਜਨਤਾ ਚਾਹੁੰਦੀ ਹੈ, ਆਦਮੀ ਫ਼ਰਸ਼ ’ਤੇ ਲਿਆ ਕੇ ਖੜ੍ਹਾ ਕਰ ਦਿੰਦੀ ਹੈ। ਭਾਜਪਾ ਇਸ ਨੂੰ ਨਹੀਂ ਸਮਝ ਰਹੀ ਹੈ। ਇਸ ਚੋਣ ਵਿੱਚ ਜਨਤਾ ਭਾਜਪਾ ਨੂੰ ਆਪਣੀਆਂ ਵੋਟਾਂ ਨਾਲ ਮੂੰਹ ਤੋੜਵਾਂ ਜਵਾਬ ਜ਼ਰੂਰ ਦੇਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਨੇ ਦਿੱਲੀ ਅਤੇ ਪੰਜਾਬ ਵਿੱਚ ਸਿਹਤ ਤੇ ਸਿੱਖਿਆ ਖੇਤਰ ਵਿੱਚ ਵਧੇਰੇ ਸੁਧਾਰ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ’ਚ ਇੰਡੀਆ ਗੱਠਜੋੜ ਦੇ ਕਾਮਯਾਬ ਹੋਣ ’ਤੇ ‘ਆਪ’ ਵੱਲੋਂ ਦੇਸ਼ ਵਿੱਚ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਂਦੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਰੋਡ ਸ਼ੋਅ ਦੀ ਤਸਵੀਰ ਇਸ ਗੱਲ ਦੀ ਗਵਾਹੀ ਭਰ ਰਹੀ ਹੈ ਕਿ ਲੋਕ ਝਾੜੂ ਦਾ ਬਟਨ ਦੱਬਣ ਲਈ ਤਿਆਰ ਬੈਠੇ ਹਨ।

Advertisement

Advertisement