ਪੰਜਾਬ ਨੂੰ ਵਿੱਤੀ ਐਮਰਜੈਂਸੀ ਵੱਲ ਲਿਜਾਣ ਵਾਲੇ ਪਹਿਲੇ ਮੁੱਖ ਮੰਤਰੀ ਹੋਣਗੇ ਭਗਵੰਤ ਮਾਨ: ਸਿੱਧੂ
ਖੇਤਰੀ ਪ੍ਰਤੀਨਿਧ
ਪਟਿਆਲਾ, 3 ਜੁਲਾਈ
ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਦੇਸ਼ ਵਿਚਲੀਆਂ ‘ਆਪ’ ਦੀਆਂ ਦੋਵਾਂ ਸਰਕਾਰਾਂ ਨੂੰ ਭੰਡਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਵੋਟ ਬੈਂਕ ਦੀ ਰਾਜਨੀਤੀ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ, ਜਿਸ ਕਰਕੇ ਪੰਜਾਬ ਅੱਜ ਵੀ ਵਿਕ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਸਵੈ-ਪ੍ਰਵਾਨਿਤ ਸ਼ੁਭਚਿੰਤਕ ਭਗਵੰਤ ਮਾਨ ਮਨਘੜਤ ਸਿਆਸੀ ਮਨਸੂਬਿਆਂ ਦੀ ਪੂਰਤੀ ਲਈ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਵੱਡਾ ਘਾਣ ਕਰ ਰਹੇ ਹਨ ਤੇ ਉਹ ਪੰਜਾਬ ਨੂੰ ਵਿੱਤੀ ਐਮਰਜੈਂਸੀ ਵੱਲ ਲਿਜਾਣ ਵਾਲੇ ਪਹਿਲੇ ਮੁੱਖ ਮੰਤਰੀ ਹੋਣਗੇ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਦੇ ਘਰ ਪਰਿਵਾਰ ਨੂੰ ਮਿਲਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਕਿਹਾ ਕਿ ਲੋਕਾਂ ਦੀ ਭਲਾਈ ਦਾ ਦਿਖਾਵਾ ਕਰਦਿਆਂ, ਹਰੇਕ ਕੋਸ਼ਿਸ਼ ਸੱਤਾ ਪ੍ਰਾਪਤੀ ਲਈ ਕੀਤੀ ਜਾ ਰਹੀ ਹੈ। ਇਸ ਤਹਿਤ ਹੀ ਮੌਜੂਦਾ ਸਰਕਾਰ ਆਪਣੀ ਸਿਆਸਤ ਨੂੰ ਪੂਰਾ ਕਰਨ ਲਈ ਪੰਜਾਬ ਨੂੰ ਗਿਰਵੀ ਰੱਖਣ ਦੇ ਨਾਲ-ਨਾਲ ਬਜਟ ’ਚ ਵਾਧੇ, ਭਾਵ ਖਰਚਿਆਂ ਵਿੱਚ ਵਾਧੇ ਦੀ ਵੀ ਬੇਸ਼ਰਮੀ ਨਾਲ ਸ਼ੇਖੀ ਮਾਰ ਰਹੀ ਹੈ। ਸਿੱੱਧੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਰੇਤ, ਸ਼ਰਾਬ ਤੇ ਕੇਬਲ ਰਾਹੀਂ ਪੰਜਾਬ ਦੇ ਮਾਲੀਏ ਵਿੱਚ 50,000 ਕਰੋੜ ਤੋਂ ਵੱਧ ਦਾ ਵਾਧਾ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ ਉਹ ਇਨ੍ਹਾਂ ਸਾਰੇ ਸੈਕਟਰਾਂ ਵਿੱਚ ਮਾਫੀਆ ਦੀ ਅਗਵਾਈ ਕਰ ਰਹੇ ਹਨ।