For the best experience, open
https://m.punjabitribuneonline.com
on your mobile browser.
Advertisement

ਭਗਵੰਤ ਮਾਨ ਦੱਸਣ ਕਿ ਕੇਜਰੀਵਾਲ ਜੇਲ੍ਹ ਕਿਉਂ ਗਏ: ਚੀਮਾ

09:03 AM May 07, 2024 IST
ਭਗਵੰਤ ਮਾਨ ਦੱਸਣ ਕਿ ਕੇਜਰੀਵਾਲ ਜੇਲ੍ਹ ਕਿਉਂ ਗਏ  ਚੀਮਾ
ਪਿੰਡ ਨੌਸ਼ਹਿਰਾ ਮੱਝਾ ਸਿੰਘ ਵਿੱਚ ਚੋਣ ਮਿਲਣੀ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਅਤੇ ਹੋਰ ਆਗੂ। -ਫੋਟੋ: ਪਸਨਾਵਾਲ
Advertisement

ਪੱਤਰ ਪ੍ਰੇਰਕ
ਧਾਰੀਵਾਲ, 6 ਮਈ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ’ਚ ਪਾਰਟੀ ਦੇ ਜ਼ਿਲ੍ਹਾ ਗੁਰਦਾਸਪੁਰ ਯੂਥ ਪ੍ਰਧਾਨ ਰਮਨਦੀਪ ਸਿੰਘ ਸੰਧੂ ਵੱਲੋਂ ਇਥੋਂ ਨੇੜੇ ਪਿੰਡ ਨੌਸ਼ਹਿਰਾ ਮੱਝਾ ਸਿੰਘ ਵਿੱਚ ਇਲਾਕੇ ਦੇ ਮੋਹਤਬਰਾਂ ਦੀ ਰੱਖੀ ਚੋਣ ਮਿਲਣੀ ਨੇ ਰੈਲੀ ਦਾ ਰੂਪ ਧਾਰਿਆ। ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ,‘‘ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿੱਤ ਦਿਹਾੜੇ ਲੋਕਾਂ ਨੂੰ ‘ਸ਼ਗੂਫੇ’ ਸੁਣਾਉਣ ਦੀ ਬਜਾਏ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ ਕਿ ਇਮਾਨਦਾਰੀ ਦਾ ਮੁਖੌਟਾ ਧਾਰੀ ਬੈਠੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਜ਼ੇਲ੍ਹ ਵਿੱਚ ਕਿਉਂ ਹਨ? ਜਿਸ ਕਾਂਗਰਸ ਖ਼ਿਲਾਫ਼ ਕੇਜਰੀਵਾਲ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦੇ ਨਹੀਂ ਥੱਕਦੇ ਸਨ, ਉਸ ਦੇ ਨਾਲ ਲੋਕ ਸਭਾ ਚੋਣਾਂ ਵਿੱਚ ਗੱਠਜੋੜ ਕਿਉਂ ਕੀਤਾ ਹੈ?’’ ਇਸ ਮੌਕੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਅਰਵਿੰਦ ਕੇਜਰੀਵਾਲ ਦੇ ਦਿੱਲੀ ਦੀ ਸ਼ਰਾਬ ਨੀਤੀ ਘੁਟਾਲਾ ਵਿੱਚ ਜੇਲ੍ਹ ਜਾਣ ਤੋਂ ਬਾਅਦ ਇਹ ਗੱਲ ਸਾਹਮਣੇ ਆਉਣ ਲੱਗੀ ਹੈ ਕਿ ਪੰਜਾਬ ਵਿੱਚ ਵੀ ਭਗਵੰਤ ਮਾਨ ਸਰਕਾਰ ਨੇ ਸ਼ਰਾਬ ਨੀਤੀ ਵਿੱਚ ਵੱਡੀਆਂ ਬੇਨਿਯਮੀਆਂ ਕੀਤੀਆਂ ਹਨ, ਜੋ ਜਲਦੀ ਜੱਗ-ਜ਼ਾਹਿਰ ਹੋ ਜਾਣਗੀਆਂ। ਪੰਜਾਬ ਦੇ ਲੋਕ ਹੁਣ ਗੁਮਰਾਹ ਨਹੀਂ ਹੋਣਗੇ ਅਤੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਚੋਣਾਂ ਦੀ ਵੱਡੀ ਜਿੱਤ ਹਾਸਲ ਕਰੇਗਾ। ਜ਼ਿਲ੍ਹਾ ਪ੍ਰਧਾਨ ਰਮਨਦੀਪ ਸੰਧੂ ਨੇ ਕਿਹਾ ਲੋਕ ਦੂਜੀਆਂ ਪਾਰਟੀਆਂ ਤੇ ਸਰਕਾਰਾਂ ਤੋਂ ਦੁਖੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ ਅਤੇ ਡਾ. ਚੀਮਾ ਵੱਡੇ ਫਰਕ ਨਾਲ ਜਿੱਤਣਗੇ।

Advertisement

ਬਟਾਲਾ ’ਚ ਵੀ ਵਰਕਰ ਮਿਲਣੀ

ਬਟਾਲਾ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ ਪਾਰਟੀ ਦੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਦੇ ਗ੍ਰਹਿ ’ਚ ਰੱਖੀ ਵਰਕਰ ਮਿਲਣੀ ਦੌਰਾਨ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਸਰਕਾਰਾਂ ਦੌਰਾਨ ਹਮੇਸ਼ਾ ਅਨੁਸੂਚਿਤ ਜਾਤਾਂ ਤੇ ਪੱਛੜੀਆਂ ਸ਼੍ਰੇਣੀਆਂ ਦਾ ਆਰਥਿਕ ਤੇ ਸਮਾਜਿਕ ਪੱਧਰ ਉੱਚਾ ਚੁੱਕਣ ਲਈ ਸਹੂਲਤਾਂ ਦਿੱਤੀਆਂ ਸਨ ਪਰ ਪਹਿਲਾਂ ਕਾਂਗਰਸ ਤੇ ਹੁਣ ‘ਆਪ’ ਨੇ ਕਈ ਸਹੂਲਤਾਂ ਨੂੰ ਬੰਦ ਕਰ ਦਿੱਤਾ। ਇਸ ਮੌਕੇ ’ਤੇ ਜ਼ਿਲ੍ਹਾ ਪ੍ਰਧਾਨ ਘੁੰਮਣ ਨੇ ਵੀ ਸੰਬੋਧਨ ਕੀਤਾ। ਸਾਬਕਾ ਕੈਬਨਿਟ ਮੰਤਰੀ ਅਤੇ ਐੱਸਸੀ ਵਿੰਗ ਦੇ ਪੰਜਾਬ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਨੇ ਆਖਿਆ ਕਿ ਕਾਂਗਰਸ ਤੇ ‘ਆਪ’ ਸਰਕਾਰ ਨੇ ਗਰੀਬਾਂ ਨੂੰ ਮਿਲਦੀਆਂ ਬਹੁਤ ਸਾਰੀਆਂ ਯੋਜਨਾਵਾਂ ਬੰਦ ਕਰ ਦਿੱਤੀਆਂ।

Advertisement
Author Image

joginder kumar

View all posts

Advertisement
Advertisement
×