ਲੋਕ ਸਭਾ ਚੋਣਾਂ ’ਚ ‘ਆਪ’ ਦੀ ਹਾਰ ਲਈ ਅਸਤੀਫਾ ਦੇਣ ਭਗਵੰਤ ਮਾਨ: ਹਰਸਿਮਰਤ
ਮਨੋਜ ਸ਼ਰਮਾ
ਬਠਿੰਡਾ, 7 ਜੂਨ
ਸ਼੍ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਦਿਹਾਤੀ ਅਤੇ ਬਠਿੰਡਾ ਸ਼ਹਿਰੀ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਸ ਚੋਣ ਨੂੰ ਆਪਣੀ ਚੋਣ ਮੰਨ ਕੇ ਲੜਿਆ ਜਿਸ ਲਈ ਉਹ ਧੰਨਵਾਦੀ ਹਨ। ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਉਹ ਉਹਨਾਂ ਦੀ ਸੇਵਾ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ। ਬਠਿੰਡਾ ਦੇ ਐਮਪੀ ਹਰਸਿਮਰਤ ਕੌਰ ਬਾਦਲ ਨੇ ਉਹਨਾਂ ’ਤੇ ਮੁੜ ਵਿਸ਼ਵਾਸ ਪ੍ਰਗਟ ਕਰਨ ਵਾਸਤੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿੱਤ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਅਕਾਲੀ ਦਲ ਨੂੰ ਤਬਾਹ ਕਰਨਾ ਚਾਹੁੰਦੀਆਂ ਹਨ ਕਿਉਂਕਿ ਉਹ ਪੰਜਾਬ ਤੋਂ ਇਸਦੇ ਦਰਿਆਈ ਪਾਣੀ ਤੇ ਰਾਜਧਾਨੀ ਸ਼ਹਿਰ ਖੋਹਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਲਈ ਐੱਮਐਸਪੀ ਨੂੰ ਕਾਨੂੰਨੀ ਗਰੰਟੀ ਦਾ ਰੂਪ ਦੁਆਉਣ ਵਾਸਤੇ ਕਿਸਾਨਾਂ ਲਈ ਸੰਘਰਸ਼ ਕਰਦੇ ਰਹਿਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਸਦੀ ਚੋਣਾਂ ਵਿਚ ‘ਆਪ’ ਦੀ ਵੱਡੀ ਹਾਰ ਕਾਰਨ ਸੂਬਾ ਚਲਾਉਣ ਦਾ ਅਧਿਕਾਰ ਗੁਆ ਲਿਆ ਹੈ, ਇਸ ਲਈ ਉਨ੍ਹਾਂ ਨੂੰ ਤੁਰੰਤ ਅਸਤੀਫਾ ਦਣਾ ਚਾਹੀਦਾ ਹੈ।
ਲੰਬੀ (ਇਕਬਾਲ ਸਿੰਘ ਸ਼ਾਂਤ): ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਪੰਚਾਇਤ ਸਮਿਤੀ ਲੰਬੀ ਦੇ ਸਾਬਕਾ ਚੇਅਰਮੈਨ ਗੁਰੂਬਖਸ਼ੀਸ਼ ਸਿੰਘ ਦੇ ਮਾਤਾ ਜਸਵੀਰ ਕੌਰ ਮਿੱਡੂਖੇੜਾ ਦੇ ਨਮਿਤ ਸ਼ਰਧਾਂਜਲੀ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਵੱਡੀ ਗਿਣਤੀ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਸੁਖਬੀਰ ਨੇ ਮਰਹੂਮ ਮਾਤਾ ਜਸਵੀਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ ਕਿ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਗੁਰਬਖਸ਼ੀਸ਼ ਸਿੰਘ ਮਿੱਡੂਖੇੜਾ ਪਰਿਵਾਰ ਵੀ ਬਾਦਲ ਪਰਿਵਾਰ ਦਾ ਹਿੱਸਾ ਹੈ। ਇਹ ਪੱਕਾ ਅਕਾਲੀ ਦਲ ਪਰਿਵਾਰ ਹੈ। ਮਿੱਡੂਖੇੜਾ ਪਰਿਵਾਰ ਦੀ ਸਿਆਸੀ ਅਤੇ ਵਪਾਰਕ ਤਰੱਕੀ ਵਿੱਚ ਮਾਤਾ ਜਸਵੀਰ ਕੌਰ ਨੇ ਬਾਖਬੂੀ ਵੱਡਾ ਰੋਲ ਰਿਹਾ। ਉਨ੍ਹਾਂ ਕਿਹਾ ਕਿ ਮਾਤਾ ਜੀ ਨਿੱਤਨੇਮੀ ਦੇ ਇਲਾਵਾ ਦ੍ਰਿੜ ਇਰਾਦੇ ਵਾਲੇ ਸਨ। ਉਨ੍ਹਾਂ ਆਖਿਆ ਕਿ ਮਿੱਡੂਖੇੜਾ ਭਰਾਵਾਂ ਨੇ ਪਹਿਲਾਂ ਕਈ ਦਹਾਕੇ ਤੱਕ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨਾਲ ਤਨਦੇਹੀ ਨਾਲ ਕੰਮ ਕੀਤਾ। ਇਸ ਮੌਕੇ ਸਾਬਕਾ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਅਕਾਲੀ ਦਲ ਪੀਏਸੀ ਦੇ ਮੈਂਬਰ ਜਥੇਦਾਰ ਅਵਤਾਰ ਸਿੰਘ ਬਨਵਾਲਾ, ਸੀਨੀਅਰ ਅਕਾਲੀ ਆਗੂ ਪਵਨਪ੍ਰੀਤ ਸਿੰਘ ‘ਬੌਬੀ ਬਾਦਲ’, ਸੀਨੀਅਰ ਅਕਾਲੀ ਆਗੂ ਗੋਲਡੀ ਬਰਾੜ ਅਬੁੱਲਖੁਰਾਣਾ ਤੇ ਪਰਮਿੰਦਰ ਸਿੰਘ ਕੋਲਿਆਂਵਾਲੀ, ਸਾਬਕਾ ਚੇਅਰਮੈਨ ਕੁਲਵਿੰਦਰ ਸਿੰਘ ‘ਕਾਕਾ ਭਾਈਕੇਰਾ’, ਸਾਬਕਾ ਚੇਅਰਮੈਨ ਪੱਪੀ ਤਰਮਾਲਾ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲੱਪੀ ਈਨਾਖੇੜਾ, ਨਵਜਿੰਦਰ ਕਰਮਗੜ੍ਹ, ਸ਼੍ਰੋਮਣੀ ਅਕਾਲੀ ਦਲ (ਮਹਿਲਾ) ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ, ਡਿੰਪੀ ਢਿੱਲੋਂ, ਓਐਸਡੀ ਗੁਰਚਰਨ ਸਿੰਘ, ਓਐਸਡੀ ਬਲਕਰਨ ਸਿੰਘ, ਸੰਤ ਟੇਕ ਸਿੰਘ ਧਨੌਲਾ, ਬਾਬਾ ਰੇਸ਼ਮ ਸਿੰਘ ਚੱਕਪੱਖੀ, ਸ਼੍ਰੋਮਣੀ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤਇੰਦਰ ਸਿੰਘ ਪ੍ਰੇਮ ਅਰੋੜਾ ਮਾਨਸਾ, ਐਡਵੋਕੇਟ ਗੁਰਮੀਤ ਸਿੰਘ ਮਾਨ ਗਿੱਦੜਬਾਹਾ, ਸੰਨੀ ਗਿੱਲ ਮੋਗਾ, ਮੀਨੂ ਫੱਤਾਕੇਰਾ, ਸਾਬਕਾ ਡਾਇਰੈਕਟਰ ਭੁਪਿੰਦਰ ਸਿੰਘ ਮਿੱਡੂਖੇੜਾ ਤੇ ਹੋਰ ਹਾਜ਼ਰ ਸਨ।