For the best experience, open
https://m.punjabitribuneonline.com
on your mobile browser.
Advertisement

ਭਗਵੰਤ ਮਾਨ ਨੇ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਦਾ ਲਿਆ ਜਾਇਜ਼ਾ

08:09 AM Jul 24, 2023 IST
ਭਗਵੰਤ ਮਾਨ ਨੇ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਦਾ ਲਿਆ ਜਾਇਜ਼ਾ
ਮੁੱਖ ਮੰਤਰੀ ਭਗਵੰਤ ਮਾਨ ਭਾਖੜਾ ਡੈਮ ਦਾ ਿਨਰੀਖਣ ਕਰਦੇ ਹੋਏ।
Advertisement

ਆਤਿਸ਼ ਗੁਪਤਾ/ਰਾਕੇਸ਼ ਸੈਣੀ
ਚੰਡੀਗੜ੍ਹ/ਨੰਗਲ, 23 ਜੁਲਾਈ
ਪੰਜਾਬ ’ਚ ਪਿਛਲੇ ਕੁਝ ਦਨਿਾਂ ਤੋਂ ਭਾਖੜਾ ਸਣੇ ਹੋਰ ਡੈਮਾਂ ਅਤੇ ਦਰਿਆਵਾਂ ’ਚ ਪਾਣੀ ਦੇ ਲਗਾਤਾਰ ਵਧ ਰਹੇ ਪੱਧਰ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਖੜਾ ਡੈਮ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਬੀਬੀਐੱਮਬੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਭਾਖੜਾ ਡੈਮ ਵਿੱਚ ਪਾਣੀ ਦੀ ਸਮਰੱਥਾ ਅਤੇ ਮੌਜੂਦਾ ਹਾਲਾਤ ਬਾਰੇ ਵਿਚਾਰ ਚਰਚਾ ਕੀਤੀ। ਸ੍ਰੀ ਮਾਨ ਨੇ ਕਿਹਾ ਕਿ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 27 ਫੁੱਟ ਹੇਠਾਂ 1653 ਫੁੱਟ ’ਤੇ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਾਣੀ ਦੇ ਪੱਧਰ ’ਤੇ 24 ਘੰਟੇ ਨਜ਼ਰ ਰੱਖ ਰਹੀ ਹੈ ਅਤੇ ਲੋਕਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਖੜਾ ਡੈਮ ਤੋਂ ਇਕ ਵੀ ਤੁਪਕਾ ਵਾਧੂ ਪਾਣੀ ਦਾ ਨਹੀਂ ਛੱਡਿਆ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦਨਿਾਂ ’ਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ’ਚ ਮੀਂਹ ਨਹੀਂ ਪੈਣਗੇ ਤਾਂ ਪਾਣੀ ਦਾ ਪੱਧਰ ਹੋਰ ਘਟੇਗਾ। ਮੁੱਖ ਮੰਤਰੀ ਨੇ ਕਿਹਾ ਕਿ 9, 10 ਅਤੇ 11 ਜੁਲਾਈ ਨੂੰ ਸੂਬੇ ’ਚ ਇਕ ਮਹੀਨੇ ਜਿੰਨਾ ਮੀਂਹ ਪਿਆ ਸੀ। ਇਸੇ ਕਰਕੇ ਸੂਬੇ ਵਿੱਚ ਕਈ ਥਾਵਾਂ ’ਤੇ ਹੜ੍ਹ ਆ ਗਏ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹੜ੍ਹਾਂ ਕਰਕੇ ਇਕ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਅਸਲ ਰਿਪੋਰਟ ਪਾਣੀ ਉਤਰਨ ਤੋਂ ਬਾਅਦ ਹੀ ਤਿਆਰ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੇਗੀ। ‘ਡਿਪਟੀ ਕਮਿਸ਼ਨਰਾਂ ਨੂੰ ਮੀਂਹ ਅਤੇ ਹੜ੍ਹਾਂ ਕਰਕੇ ਪ੍ਰਭਾਵਿਤ ਖੇਤਰਾਂ ਦੀ ਗਿਰਦਾਵਰੀ ਦੇ ਆਦੇਸ਼ ਦਿੱਤੇ ਗਏ ਹਨ, ਤਾਂ ਜੋ ਫਸਲਾਂ, ਘਰਾਂ, ਪਸ਼ੂਆਂ ਤੇ ਹੋਰ ਨੁਕਸਾਨ ਦਾ ਪਹਿਲ ਦੇ ਆਧਾਰ ’ਤੇ ਪਤਾ ਲਾਇਆ ਜਾ ਸਕੇ।’ ਉਨ੍ਹਾਂ ਕਿਹਾ ਕਿ ਕਈ ਖੇਤਾਂ ਵਿੱਚ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਕਿਸਾਨਾਂ ਨੂੰ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਪਨੀਰੀ ਮੁਹੱਈਆ ਕਰਵਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖ ’ਚ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਪਹਿਲਾਂ ਹੀ ਇੱਕ ਖਾਕਾ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਨਹਿਰਾਂ ਦੀ ਚੈਨਲਾਈਜ਼ੇਸ਼ਨ ਯਕੀਨੀ ਬਣਾਈ ਜਾਵੇਗੀ ਅਤੇ ਪਾਣੀ ਦੀ ਸੁਚੱਜੀ ਵਰਤੋਂ ਲਈ ਨਵੀਂ ਨਹਿਰ ਦੀ ਉਸਾਰੀ ਦਾ ਪ੍ਰਸਤਾਵ ਵੀ ਤਿਆਰ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪਾਣੀ ਦੇ ਕੁਦਰਤੀ ਵਹਾਅ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਨੱਕੋ-ਨੱਕ ਭਰੀਆਂ ਨਹਿਰਾਂ ਦੀ ਸਫ਼ਾਈ ਨੂੰ ਵੀ ਸੂਬਾ ਸਰਕਾਰ ਵੱਲੋਂ ਤਰਜੀਹ ਦਿੱਤੀ ਜਾਵੇਗੀ। ਭਾਖੜਾ ਡੈਮ ਦੇ ਦੌਰੇ ਉਪਰੰਤ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਨਹਿਰਾਂ ਦੀ ਸਫ਼ਾਈ ਤੋਂ ਲੈ ਕੇ ਹਰ ਖੇਤਰ ’ਚ ਕੰਮ ਕੀਤਾ ਹੈ। ‘ਪਿਛਲੇ ਸਮੇਂ ’ਚ ਸਿੰਜਾਈ ਤੇ ਡਰੇਨੇਜ ਵਿਭਾਗ ਭ੍ਰਿਸ਼ਟ ਨੇਤਾਵਾਂ ਤੇ ਉਨ੍ਹਾਂ ਦੀਆਂ ਕਠਪੁਤਲੀਆਂ ਲਈ ‘ਕਮਾਊ ਪੁੱਤ’ ਬਣ ਕੇ ਰਹਿ ਗਿਆ ਸੀ। ਇਨ੍ਹਾਂ ਨੇਤਾਵਾਂ ਨੇ ਡਰੇਨੇਜ ਤੇਅ ਸਿੰਜਾਈ ਵਿਭਾਗ ਦਾ ਪੈਸਾ ਆਪਣੇ ਸਵਾਰਥਾਂ ਲਈ ਹੜੱਪ ਲਿਆ ਸੀ।’ ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਪ੍ਰਮੁੱਖ ਸਕੱਤਰ ਸਿੰਜਾਈ ਕ੍ਰਿਸ਼ਨ ਕੁਮਾਰ, ਰੋਪੜ ਦੀ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ, ਚੀਫ਼ ਇੰਜਨੀਅਰ ਸੀ ਪੀ ਸਿੰਘ, ਬੀਬੀਐੱਮਬੀ ਦੇ ਸਕੱਤਰ ਪੀ ਸਿੰਗਲਾ ਮੌਜੂਦ ਸਨ।

Advertisement

ਨੰਗਲ ਅਤੇ ਕੰਢੀ ਖੇਤਰ ਨੂੰ ਸੈਰ-ਸਪਾਟੇ ਲਈ ਵਿਕਸਿਤ ਕੀਤਾ ਜਾਵੇਗਾ: ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਦੇ ਨੰਗਲ ਅਤੇ ਕੰਢੀ ਖੇਤਰ ਦੇ ਆਲੇ-ਦੁਆਲੇ ਦੇ ਖੇਤਰਾਂ ਨੂੰ ਸੈਰ-ਸਪਾਟੇ ਲਈ ਵਿਕਸਿਤ ਕਰਨ ਦੇ ਯਤਨ ਕਰ ਰਹੀ ਹੈ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਵਿਕਾਸ ਦੀ ਰਫ਼ਤਾਰ ’ਚ ਇਨ੍ਹਾਂ ਖੇਤਰਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ ਸੀ ਪਰ ਹੁਣ ਸਰਕਾਰ ਉਥੇ ਸੈਰ-ਸਪਾਟੇ ਵਜੋਂ ਵਿਕਸਿਤ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ।

Advertisement
Tags :
Author Image

Advertisement
Advertisement
×