ਸੰਗਰੂਰ ਦੇ ਕਿਸਾਨ ਦੀ ਖ਼ੁਦਕੁਸ਼ੀ ਲਈ ਭਗਵੰਤ ਮਾਨ ਜ਼ਿੰਮੇਵਾਰ: ਗਰੇਵਾਲ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਨਵੰਬਰ
ਪੰਜਾਬ ਭਾਜਪਾ ਨੇ ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੇ ਢਿੱਲੇ ਖਰੀਦ ਪ੍ਰਬੰਧਾਂ ਲਈ ਸੂਬੇ ਦੀ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਭਾਜਪਾ ਦੇ ਸੀਨੀਅਰ ਆਗੂ ਤੇ ਕੌਮੀ ਕਾਰਜਕਾਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ 44,000 ਕਰੋੜ ਰੁਪਏ ਭੇਜੇ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਮੰਡੀਆਂ ’ਚੋਂ ਝੋਨਾ ਖਰੀਦਣ ’ਚ ਨਾਕਾਮ ਰਹੀ ਹੈ। ਇਸ ਤੋਂ ਦੁਖੀ ਹੋ ਕੇ ਸੰਗਰੂਰ ਜ਼ਿਲ੍ਹੇ ਦੇ ਕਿਸਾਨ ਜਸਵਿੰਦਰ ਸਿੰਘ ਨੇ ਖੁਦਕੁਸ਼ੀ ਕੀਤੀ ਹੈ। ਗਰੇਵਾਲ ਨੇ ਕਿਹਾ ਕਿ ਪਿੰਡ ਨਦਾਮਪੁਰ ਦਾ ਕਿਸਾਨ ਜਸਵਿੰਦਰ ਸਿੰਘ ਪਿਛਲੇ ਡੇਢ ਹਫ਼ਤੇ ਤੋਂ ਝੋਨਾ ਵੇਚਣ ਲਈ ਮੰਡੀਆਂ ਵਿੱਚ ਰੁਲ ਰਿਹਾ ਸੀ। ਉਨ੍ਹਾਂ ਇਸ ਖੁਦਕੁਸ਼ੀ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ। ਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਬਰਬਾਦੀ ਲਈ ਆਮ ਆਦਮੀ ਪਾਰਟੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਪਹਿਲੀ ਅਕਤੂਬਰ ਨੂੰ ਸ਼ੁਰੂ ਹੋਣ ਵਾਲੀ ਝੋਨੇ ਦੀ ਖਰੀਦ ਲਈ ਪੰਜਾਬ ਸਰਕਾਰ ਨੂੰ ਜੂਨ-ਜੁਲਾਈ ਤੋਂ ਹੀ ਤਿਆਰੀ ਕਰਨੀ ਚਾਹੀਦੀ ਹੈ। ਇਸ ਤਿਆਰੀ ਵਿੱਚ ਗੁਦਾਮਾਂ ਦੀ ਵਿਵਸਥਾ, ਬਾਰਦਾਨਾ ਅਤੇ ਤਰਪਾਲ ਦੀ ਖਰੀਦ, ਮਜ਼ਦੂਰਾਂ ਅਤੇ ਟਰਾਂਸਪੋਰਟਰਾਂ ਨਾਲ ਠੇਕੇ ਅਤੇ ਰਾਈਸ ਸ਼ੈੱਲਰਾਂ ਨਾਲ ਝੋਨੇ ਦੀ ਸ਼ੈੱਲਿੰਗ ਲਈ ਸਮਝੌਤੇ ਸ਼ਾਮਲ ਹੁੰਦੇ ਹਨ ਪਰ ‘ਆਪ’ ਸਰਕਾਰ ਨੇ ਇਹ ਤਿਆਰੀ ਨਹੀਂ ਕੀਤੀ, ਜਿਸ ਕਾਰਨ ਕਿਸਾਨ ਖੱਜਲ-ਖੁਆਰ ਹੋ ਰਹੇ ਹਨ।