ਭਗਵੰਤ ਮਾਨ ਵੱਲੋਂ ਅਮਰਿੰਦਰ-ਅੰਸਾਰੀ ਸਾਂਝ ਬਾਰੇ ਨਵੇਂ ਤੱਥ ਨਸ਼ਰ
ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਨੂੰ ਕਈ ਪੱਖਾਂ ਤੋਂ ਬਣਾਇਆ ਨਿਸ਼ਾਨਾ
ਚਰਨਜੀਤ ਭੁੱਲਰ
ਚੰਡੀਗੜ੍ਹ, 4 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਸਿੱਧੇ ਤੌਰ ’ਤੇ ਮੋਰਚਾ ਖੋਲ੍ਹ ਦਿੱਤਾ ਹੈ। ਮੁੱਖ ਮੰਤਰੀ ਨੇ ਅਮਰਿੰਦਰ ਸਿੰਘ ਦੀ ਮੁਖਤਾਰ ਅੰਸਾਰੀ ਨਾਲ ਸਾਂਝ ਬਾਰੇ ਖ਼ੁਲਾਸਾ ਕਰਦਿਆਂ ਚੁਣੌਤੀ ਵੀ ਦਿੱਤੀ ਹੈ ਕਿ ਜੇਕਰ ਅਮਰਿੰਦਰ ਸਿੰਘ ਚਾਹੁੰਦੇ ਹਨ ਤਾਂ ਉਹ ਕੈਪਟਨ ਦੀ ਅੰਸਾਰੀ ਨਾਲ ਗੰਢ-ਤੁਪ ਬਾਰੇ ਆਉਂਦੇ ਦਿਨਾਂ ਵਿਚ ਸਬੂਤ ਵੀ ਨਸ਼ਰ ਕਰ ਦੇਣਗੇ। ਅੱਜ ਮੁੱਖ ਮੰਤਰੀ ਨੇ ਨਵੀਂ ਪਰਤ ਖੋਲ੍ਹਦਿਆਂ ਕਿਹਾ ਕਿ ਅਮਰਿੰਦਰ ਸਿੰਘ ਨੇ ਅੰਸਾਰੀ ਦੇ ਪੁੱਤਰਾਂ ਨੂੰ ਰੂਪਨਗਰ ਵਿਚ ਵਕਫ਼ ਬੋਰਡ ਦੀ ਮਹਿੰਗੀ ਜ਼ਮੀਨ ਅਲਾਟ ਕੀਤੀ ਸੀ। ਬੇਸ਼ੱਕ ਮੁੱਖ ਮੰਤਰੀ ਸ਼ੁਰੂਆਤੀ ਦਿਨਾਂ ਵਿਚ ਸਿਸਵਾਂ ਫਾਰਮ ਹਾਊਸ ਨੂੰ ਲੈ ਕੇ ਅਮਰਿੰਦਰ ਸਿੰਘ ਨੂੰ ਨਿਸ਼ਾਨੇ ’ਤੇ ਲੈਂਦੇ ਰਹੇ ਹਨ ਪਰ ਉਨ੍ਹਾਂ ਸਾਬਕਾ ਮੁੱਖ ਮੰਤਰੀ ਨੂੰ ਸਿੱਧੇ ਤੌਰ ’ਤੇ ਹੱਥ ਪਾਉਣ ਤੋਂ ਗੁਰੇਜ਼ ਕੀਤਾ ਸੀ। ਪਰ ਜਿਉਂ ਹੀ ‘ਆਪ’ ਦਾ ਕੌਮੀ ਪੱਧਰ ’ਤੇ ਭਾਜਪਾ ਨਾਲ ਦਿੱਲੀ ਆਰਡੀਨੈਂਸ ਮੁੱਦੇ ’ਤੇ ਟਕਰਾਅ ਵਧਿਆ ਹੈ, ਉਦੋਂ ਤੋਂ ਹੀ ਪੰਜਾਬ ਸਰਕਾਰ ਦੇ ਤੇਵਰ ਵੀ ਭਾਜਪਾ ਨੇਤਾਵਾਂ ਤੇ ਖ਼ਾਸ ਕਰਕੇ ਅਮਰਿੰਦਰ ਖ਼ਿਲਾਫ਼ ਤਿੱਖੇ ਹੋਏ ਹਨ। ਮੁੱਖ ਮੰਤਰੀ ਨੇ ਕੈਪਟਨ ਨੂੰ ਚੁਣੌਤੀ ਦਿੱਤੀ ਕਿ ਉਹ ਇਹ ਦੱਸਣ ਕਿ ਉਨ੍ਹਾਂ ਦੀ ਸਾਂਝ-ਭਿਆਲੀ ਤੋਂ ਬਿਨਾਂ ਰੂਪਨਗਰ ਵਿੱਚ ਵਕਫ਼ ਬੋਰਡ ਦੀ ਮਹਿੰਗੀ ਜ਼ਮੀਨ ਅੰਸਾਰੀ ਦੇ ਪੁੱਤਰਾਂ ਅੱਬਾਸ ਤੇ ਉਮਰ ਅੰਸਾਰੀ ਨੂੰ ਕਿਵੇਂ ਮਿਲ ਗਈ। ਉਨ੍ਹਾਂ ਕਿਹਾ ਕਿ ਪਹਿਲਾਂ ਅਮਰਿੰਦਰ ਨੇ ਅੰਸਾਰੀ ਦੀ ਰੋਪੜ ਜੇਲ੍ਹ ਵਿਚ ਠਾਹਰ ਨੂੰ ਆਰਾਮਦਾਇਕ ਬਣਾਇਆ ਅਤੇ ਅੰਸਾਰੀ ਦੀ ਮੌਜੂਦਗੀ ਜੇਲ੍ਹ ਵਿਚ ਕਾਇਮ ਰੱਖਣ ਲਈ 55 ਲੱਖ ਰੁਪਏ ਕਾਨੂੰਨੀ ਖ਼ਰਚਾ ਵੀ ਕੀਤਾ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ, ਅੰਸਾਰੀ ਨੂੰ ਨਾ ਜਾਣਦਾ ਹੋਣ ਦੇ ਕਿੰਨੇ ਵੀ ਦਾਅਵੇ ਕਰਨ ਪਰ ਅਮਰਿੰਦਰ ਨੇ ਅੰਸਾਰੀ ਦੇ ਪੁੱਤਰਾਂ ਨੂੰ ਰੋਪੜ ਵਿਚ ਮਹਿੰਗੀ ਜ਼ਮੀਨ ਦਿੱਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਅੰਸਾਰੀ ਬਾਰੇ ਅਗਿਆਨਤਾ ਜ਼ਾਹਿਰ ਕਰਨ ਤੋਂ ਪਹਿਲਾਂ ਅਮਰਿੰਦਰ ਸਿੰਘ ਆਪਣੇ ਪੁੱਤਰ ਰਣਇੰਦਰ ਸਿੰਘ ਨੂੰ ਜ਼ਰੂਰ ਪੁੱਛ ਲੈਣ। ਉਨ੍ਹਾਂ ਕਿਹਾ ਕਿ ਰਣਇੰਦਰ ਸਿੰਘ ਕਈ ਵਾਰੀ ਅੰਸਾਰੀ ਨੂੰ ਮਿਲਿਆ ਸੀ ਪਰ ਕੈਪਟਨ ਇਸ ਮਾਮਲੇ ’ਤੇ ਢਕਵੰਜ ਕਰ ਰਹੇ ਹਨ। ਅੱਜ ਮੁੱਖ ਮੰਤਰੀ ਨੇ ਦੁਹਰਾਇਆ ਕਿ ਕਾਨੂੰਨੀ ਖ਼ਰਚੇ ਦੇ 55 ਲੱਖ ਦੀ ਅਮਰਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਰੰਧਾਵਾ ਤੋਂ ਵਸੂਲੀ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਅਮਰਿੰਦਰ ਸਿੰਘ ਨੂੰ ‘ਅੱਯਾਸ਼ ਰਾਜਾ’ ਆਖਦਿਆਂ ਕਿਹਾ ਕਿ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਮੰਤਰੀ ਕਾਰਜਕਾਲ ਦੇ 9.5 ਵਰ੍ਹਿਆਂ ਦੌਰਾਨ ਜਿੰਨਾ ਸਫ਼ਰ ਕੀਤਾ ਹੈ, ਉਸ ਤੋਂ ਵੱਧ ਉਨ੍ਹਾਂ ਡੇਢ ਸਾਲ ਦੇ ਕਾਰਜਕਾਲ ਦੌਰਾਨ ਹੀ ਕਰ ਲਿਆ ਹੈ। ਮੁੱਖ ਮੰਤਰੀ ਮਾਨ ਨੇ ਉਂਗਲ ਉਠਾਈ ਕਿ ਅਮਰਿੰਦਰ ਦੀ ਸੰਸਦ ਵਿਚ ਹਾਜ਼ਰੀ ਛੇ ਫ਼ੀਸਦੀ ਰਹੀ ਜਦੋਂ ਕਿ ਉਨ੍ਹਾਂ ਦੀ ਹਾਜ਼ਰੀ 90 ਫ਼ੀਸਦੀ ਰਹੀ ਹੈ।
ਭਗਵੰਤ ਮਾਨ ਦੀ ਸਾਂਝੀ ਸਿਵਲ ਕੋਡ ਬਾਰੇ ਵੱਖਰੀ ਸੁਰ
ਮੁੱਖ ਮੰਤਰੀ ਨੇ ਸਾਂਝੇ ਸਿਵਲ ਕੋਡ ’ਤੇ ‘ਆਪ’ ਦੀ ਕੇਂਦਰੀ ਲੀਡਰਸ਼ਿਪ ਤੋਂ ਥੋੜ੍ਹੀ ਵੱਖਰੀ ਸੁਰ ਰੱਖਦਿਆਂ ਕਿਹਾ ਕਿ ਚੋਣਾਂ ਨੇੜੇ ਭਾਜਪਾ ਅਜਿਹੀਆਂ ਚਾਲਾਂ ਦਾ ਸਹਾਰਾ ਲੈਂਦੀ ਹੈ। ਭਾਜਪਾ ਨੂੰ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਇਕਸਾਰ ਸਿਵਲ ਕੋਡ ’ਤੇ ਸਹਿਮਤੀ ਬਣਾਉਣੀ ਚਾਹੀਦੀ ਹੈ। ਸਾਰੀਆਂ ਧਿਰਾਂ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਸੁਆਲ ਕੀਤਾ, ‘ਸਾਡਾ ਮੁਲਕ ਇੱਕ ਗੁਲਦਸਤੇ ਦੀ ਤਰ੍ਹਾਂ ਹੈ, ਕੀ ਤੁਸੀਂ ਫੁੱਲਾਂ ਦੇ ਇੱਕੋ ਰੰਗ ਦਾ ਗੁਲਦਸਤਾ ਪਸੰਦ ਕਰੋਗੇ?’ ਉਨ੍ਹਾਂ ਕਿਹਾ ਕਿ ਦਿੱਲੀ ਵਿਚ ਲਿਆਂਦਾ ਗਿਆ ਆਰਡੀਨੈਂਸ ਦੇਸ਼ ਦੇ ਸੰਵਿਧਾਨ ’ਤੇ ਹਮਲਾ ਹੈ। ਇਹ ਇਕੱਲੇ ਦਿੱਲੀ ਦਾ ਮਸਲਾ ਨਾ ਸਮਝਿਆ ਜਾਵੇ। ਕੇਂਦਰ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇ ਰਹੀ ਹੈ।
ਮੁੱਖ ਮੰਤਰੀ ਨੂੰ ਢੁੱਕਵਾਂ ਜਵਾਬ ਦੇਵਾਂਗੇ: ਰੰਧਾਵਾ
ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਕੇ ਮੁੱਖ ਮੰਤਰੀ ਨੂੰ ਮੁਖ਼ਾਤਬ ਹੁੰਦੇ ਕਿਹਾ ਕਿ ਉਹ ਟਵਿੱਟਰ-ਟਵਿੱਟਰ ਖੇਡਣ ਵਿਚ ਵਿਸ਼ਵਾਸ ਨਹੀਂ ਕਰਦੇ ਬਲਕਿ ਕਾਨੂੰਨੀ ਕਾਰਵਾਈ ਕਰਕੇ ਮੁੱਖ ਮੰਤਰੀ ਨੂੰ ਸਬਕ ਸਿਖਾਉਣਗੇ। ਰੰਧਾਵਾ ਨੇ ਕਿਹਾ ਕਿ ਜੋ ਭਗਵੰਤ ਮਾਨ ਦਾ ਨੋਟਿਸ ਉਨ੍ਹਾਂ ਨੂੰ ਪ੍ਰਾਪਤ ਹੋਇਆ ਹੈ, ਉਹ ਥੁੱਕ ਕੇ ਚੱਟਣ ਬਰਾਬਰ ਹੈ, ਕਿਉਂਕਿ ਨੋਟਿਸ ਵਿਚ 55 ਲੱਖ ਦੀ ਨਹੀਂ ਬਲਕਿ 17.60 ਲੱਖ ਦੀ ਗੱਲ ਕੀਤੀ ਗਈ ਹੈ।