ਭਗਵੰਤ ਮਾਨ ਵੱਲੋਂ ਮਨੀਸ਼ ਸਿਸੋਦੀਆ ਨਾਲ ਮੁਲਾਕਾਤ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਅਗਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜਲਦੀ ਹੀ ਜੇਲ੍ਹ ਤੋਂ ਬਾਹਰ ਆਉਣਗੇ ਤੇ ਉਹ ਮਾਨਸਿਕ ਤੌਰ ’ਤੇ ਮਜ਼ਬੂਤ ਹੋਣਗੇ ਕਿਉਂਕਿ ਫੈਡਰਲ ਏਜੰਸੀਆਂ ਕੋਲ ਉਨ੍ਹਾਂ ਜਾਂ ਪਾਰਟੀ ਦੇ ਕਿਸੇ ਹੋਰ ਆਗੂ ਖ਼ਿਲਾਫ਼ ਕੋਈ ਸਬੂਤ ਨਹੀਂ ਹੈ। ਭਗਵੰਤ ਮਾਨ ਨੇ ਅੱਜ ਦਿੱਲੀ ਵਿੱਚ ‘ਆਪ’ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਸਿਸੋਦੀਆ ਨੂੰ ਤਾਨਾਸ਼ਾਹੀ ਦੀਆਂ ਜ਼ੰਜੀਰਾਂ ਤੋੜ ਕੇ ਇਨਸਾਫ਼ ਮਿਲਿਆ ਹੈ। ਭਗਵੰਤ ਮਾਨ ਨੇ ‘ਆਪ’ ਨੂੰ ਦੇਸ਼ ਦਾ ਭਵਿੱਖ ਦੱਸਿਆ। ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲੜਨ ਬਾਰੇ ਉਨ੍ਹਾਂ ਕਿਹਾ ਕਿ ‘ਆਪ’ ਕੌਮੀ ਪਾਰਟੀ ਹੈ, ਇਸ ਲਈ ਸਾਰੀਆਂ ਚੋਣਾਂ ਲੜੇਗੀ|
ਭਗਵੰਤ ਮਾਨ ਨੇ ਸਿਸੋਦੀਆ ਨਾਲ ਮੁਲਾਕਾਤ ਮਗਰੋਂ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ (ਭਾਜਪਾ) ਨੇ ‘ਆਪ’ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਉਨ੍ਹਾਂ ਕਿਹਾ, ‘‘ਆਪ’ ਇਕਜੁੱਟ ਰਹੀ ਹੈ ਅਤੇ ਪਾਰਟੀ ਵਿੱਚ ਕੋਈ ਬਗਾਵਤ ਨਹੀਂ ਹੈ... ਅਸੀਂ ਵੱਖਰੀ ਮਿੱਟੀ ਦੇ ਬਣੇ ਹਾਂ ਤੇ ਅਸੀਂ ਗੈਰ-ਸਿਆਸੀ ਪਿਛੋਕੜ ਤੋਂ ਆਏ ਹਾਂ। ਸਾਡੇ ਵਿੱਚ ਇੱਕ-ਦੂਜੇ ਨੂੰ ਥੱਲੇ ਖਿੱਚਣ ਦਾ ਸੱਭਿਆਚਾਰ ਨਹੀਂ ਹੈ। ਮਨੀਸ਼ ਸਿਸੋਦੀਆ ਦੀ ਰਿਹਾਈ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਅਰਵਿੰਦ ਕੇਜਰੀਵਾਲ ਵੀ ਮਾਨਸਿਕ ਤੌਰ ’ਤੇ ਮਜ਼ਬੂਤ ਹੋਣਗੇ ਅਤੇ ‘ਆਪ’ ਦੇਸ਼ ਦਾ ਭਵਿੱਖ ਹੈ।’ ਈਡੀ ਅਤੇ ਕੇਂਦਰੀ ਜਾਂਚ ਬਿਊਰੋ ਦੁਆਰਾ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਕੇਜਰੀਵਾਲ 21 ਮਾਰਚ ਤੋਂ ਹਿਰਾਸਤ ਵਿੱਚ ਹਨ। ਭਗਵੰਤ ਮਾਨ ਨੇ ਕਿਹਾ, ‘ਅੱਜ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਹੈ, ਮੈਂ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਵੀ ਮਿਲਿਆ। ਮੈਂ ਮੰਨਦਾ ਹਾਂ ਕਿ ਜਿਸ ਤਰ੍ਹਾਂ ਸੰਜੇ ਸਿੰਘ ਅਤੇ ਮਨੀਸ਼ ਸਿਸੋਦੀਆ ਤਾਨਾਸ਼ਾਹੀ ਦੀਆਂ ਜ਼ੰਜੀਰਾਂ ਤੋੜਦਿਆਂ ਬਾਹਰ ਆਏ ਹਨ, ਅਰਵਿੰਦ ਕੇਜਰੀਵਾਲ ਵੀ ਜੇਲ੍ਹ ਤੋਂ ਬਾਹਰ ਆਉਣਗੇ।” ਭਗਵੰਤ ਮਾਨ ਨੇ ਉਮੀਦ ਕੀਤੀ ਕਿ ਸ੍ਰੀ ਸਿਸੋਦੀਆ ਸਿਹਤਮੰਦ ਰਹਿੰਦਿਆਂ ਮੁੜ ਸਿੱਖਿਆ ਖੇਤਰ ਦੀ ਬਿਹਤਰੀ ਲਈ ਕੰਮ ’ਤੇ ਪਰਤਣਗੇ। ਸਿਸੋਦੀਆ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਮਗਰੋਂ ਭਗਵੰਤ ਮਾਨ ਦੀ ਇਹ ਪਹਿਲੀ ਮਿਲਣੀ ਸੀ।
ਸਿਸੋਦੀਆ ਵੱਲੋਂ ਪੰਜਾਬ ਸਰਕਾਰ ਦੀ ਸ਼ਲਾਘਾ
ਮਨੀਸ਼ ਸਿਸੋਦੀਆ ਨੇ ਪੰਜਾਬ ਵਿੱਚ ‘ਆਪ’ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ, “ਮੈਨੂੰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਕਿਵੇਂ ਦਿੱਲੀ ਤੋਂ ਬਾਅਦ ਹੁਣ ਪੰਜਾਬ ਵੀ ਅਰਵਿੰਦ ਕੇਜਰੀਵਾਲ ਦੀ ਸਿੱਖਿਆ ਕ੍ਰਾਂਤੀ ਵਿੱਚ ਮਜ਼ਬੂਤ ਭਾਈਵਾਲ ਬਣ ਰਿਹਾ ਹੈ। ਸੂਬੇ ’ਚ ਹੋ ਰਹੇ ਵਿਕਾਸ ਨੂੰ ਦੇਖ ਕੇ ਮਾਣ ਮਹਿਸੂਸ ਹੁੰਦਾ ਹੈ ਕਿ ਪੰਜਾਬ ਦੀ ਵਾਗਡੋਰ ਮਾਨ ਸਾਹਿਬ ਦੇ ਹੱਥਾਂ ’ਚ ਹੈ।’’