ਭਗਵੰਤ ਮਾਨ ਵੱਲੋਂ ਜਰਨੈਲ ਸਿੰਘ ਦੇ ਹੱਕ ’ਚ ਰੋਡ ਸ਼ੋਅ
ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜਨਵਰੀ
ਤਿਲਕ ਨਗਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਦੇ ਚੋਣ ਪ੍ਰਚਾਰ ਨੂੰ ਹੁਲਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਉਸ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਸ਼ਾਮਲ ਹੋਏ।
ਭਗਵੰਤ ਮਾਨ ਨੇ ਤਿਲਕ ਨਗਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ 2020 ਦੀਆਂ ਵਿਧਾਨ ਸਭਾ ਚੋਣਾਂ ਤੋਂ ਵੀ ਵੱਧ ਵੋਟਾਂ ਨਾਲ ਜਰਨੈਲ ਸਿੰਘ ਨੂੰ ਜਿਤਾ ਕੇ ਆਪਣਾ ਰਿਕਾਰਡ ਆਪ ਹੀ ਤੋੜਨ ਤਾਂ ਜੋ ਜਿੱਤ ਦੀ ਲੀਡ ਹਰ ਵਾਰ ਹੀ ਵਧਦੀ ਜਾਵੇ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਮਗਰੋਂ ਉਹ ਤਿਲਕ ਨਗਰ ਦੇ ਵੋਟਰਾਂ ਦਾ ਧੰਨਵਾਦ ਕਰਨ ਆਉਣਗੇ ਪਰ ਲਗਦਾ ਹੈ ਵੋਟਾਂ ਮੰਗਣ ਲਈ ਨਹੀਂ ਆਉਣਾ ਪਊ ਕਿਉਂਕਿ ਤਿਲਕ ਨਗਰ ਵਾਲੇ ਜਰਨੈਲ ਸਿੰਘ ਪਿਆਰ ਹੀ ਐਨਾ ਕਰਦੇ ਹਨ। ਜਰਨੈਲ ਸਿੰਘ ਨੇ ਕਿਹਾ ਆਮ ਆਦਮੀ ਪਾਰਟੀ ਹੀ ਜਿਗਰਾ ਕਰਕੇ ਆਖ ਸਕਦੀ ਹੈ ਕਿ ਸਕੂਲਾਂ, ਬਿਜਲੀ ਪਾਣੀ, ਔਰਤਾਂ ਨੂੰ ਸਹੂਲਤਾਂ ਦੇ ਨਾਂ ਉਪਰ ਵੋਟ ਪਾਉਣ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਭਾਜਪਾ ਅਤੇ ਕਾਂਗਰਸ ’ਤੇ ਨਿਸ਼ਾਨੇ ਸੇਧੇ। ਉਨ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਹਾਜ਼ਰ ਸਨ, ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਦਿੱਲੀ ਦੇ ਲੋਕਾਂ ਦੀਆਂ ਰਿਸ਼ਤੇਦਾਰੀਆਂ ਹਨ ਅਤੇ ਲੋਕ ਆਉਂਦੇ-ਜਾਂਦੇ ਹਨ। ਇਸ ਦੌਰਾਨ ਉਨ੍ਹਾਂ ਨਵੀਂ ਦਿੱਲੀ ਦੇ ਭਾਜਪਾ ਉਮੀਦਵਾਰ ਵੱਲੋਂ ਪੰਜਾਬੀਆਂ ਬਾਰੇ ਕੀਤੀ ਟਿੱਪਣੀ ਦੀ ਆਲੋਚਨਾ ਕੀਤੀ।