ਭਗਵੰਤ ਮਾਨ ਨੇ ਪਰਿਵਾਰ ਸਣੇ ਦਿੱਲੀ ਡੇਰੇ ਲਾਏ
ਚਰਨਜੀਤ ਭੁੱਲਰ
ਚੰਡੀਗੜ੍ਹ, 30 ਜਨਵਰੀ
ਮੁੱਖ ਮੰਤਰੀ ਭਗਵੰਤ ਮਾਨ ਸਮੁੱਚੇ ਪਰਿਵਾਰ ਸਣੇ ਦਿੱਲੀ ਚੋਣਾਂ ਵਿੱਚ ਜੁਟੇ ਹੋਏ ਹਨ। ਉਨ੍ਹਾਂ ਵੱਲੋਂ ਰੋਜ਼ਾਨਾ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਮਾਂ ਹਰਪਾਲ ਕੌਰ ਵੀ ਚੋਣ ਪ੍ਰਚਾਰ ’ਚ ਜੁਟੀਆਂ ਹੋਈਆਂ ਹਨ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਵੱਲੋਂ ਪੂਰੇ 16 ਦਿਨ ਦਿੱਲੀ ਚੋਣਾਂ ਵਿੱਚ ਪ੍ਰਚਾਰ ਕਰਨ ਦਾ ਪ੍ਰੋਗਰਾਮ ਬਣਿਆ ਹੈ। ਮੁੱਖ ਮੰਤਰੀ 26 ਜਨਵਰੀ ਦੇ ਪ੍ਰੋਗਰਾਮਾਂ ਕਰਕੇ ਦੋ ਦਿਨਾਂ ਲਈ ਪੰਜਾਬ ਆਏ ਸਨ। ਪਤਾ ਲੱਗਿਆ ਹੈ ਕਿ ਦਿੱਲੀ ਚੋਣਾਂ ਵਿੱਚ ਬਹੁਤੇ ਹਲਕਿਆਂ ਵਿੱਚ ਭਗਵੰਤ ਮਾਨ ਦੀ ਕਾਫ਼ੀ ਮੰਗ ਹੈ ਅਤੇ ਮੁੱਖ ਮੰਤਰੀ ਦੇ ਕੁੱਲ 50 ਵਿਧਾਨ ਸਭਾ ਹਲਕਿਆਂ ਵਿੱਚ ਰੋਡ ਸ਼ੋਅ ਕੀਤੇ ਜਾਣ ਦਾ ਪ੍ਰੋਗਰਾਮ ਹੈ। ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਮਾਤਾ ਹਰਪਾਲ ਕੌਰ ਵੱਲੋਂ ਹਲਕਾ ਵਾਰ ਚੋਣ ਪ੍ਰੋਗਰਾਮ ਕੀਤੇ ਜਾ ਰਹੇ ਹਨ। ਭਗਵੰਤ ਮਾਨ ਦੀ ਪੰਜਾਬੀ ਵਸੋਂ ਵਾਲੇ ਹਲਕਿਆਂ ਵਿੱਚ ਕਾਫ਼ੀ ਮੰਗ ਵਧੀ ਹੈ। ਉਹ ਆਪਣੇ ਭਾਸ਼ਣਾਂ ਵਿੱਚ ਭਾਜਪਾ ’ਤੇ ਤਿੱਖੇ ਵਾਰ ਕਰ ਰਹੇ ਹਨ। ਪੰਜਾਬ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੁੱਖ ਮੰਤਰੀ ਦੀ ਸੂਬੇ ਵਿੱਚੋਂ ਗ਼ੈਰਹਾਜ਼ਰੀ ’ਤੇ ਸੁਆਲ ਚੁੱਕ ਜਾ ਰਹੇ ਹਨ। ਬਾਜਵਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਲਈ ਦਿੱਲੀ ਚੋਣਾਂ ਅਹਿਮ ਹਨ ਅਤੇ ਉਨ੍ਹਾਂ ਲਈ ਪੰਜਾਬ ਤਰਜੀਹੀ ਨਹੀਂ ਰਿਹਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਚੋਣਾਂ ਕਰਕੇ ਪੰਜਾਬ ਦੇ ਸਕੱਤਰੇਤ ਵਿਚ ਵੀ ਚੁੱਪ ਪਸਰੀ ਹੋਈ ਹੈ। ਲੰਮੇ ਸਮੇਂ ਮਗਰੋਂ ਦਿੱਲੀ ਚੋਣਾਂ ਦੇ ਨਤੀਜੇ ਮਗਰੋਂ ਪੰਜਾਬ ਕੈਬਨਿਟ ਦੀ ਮੀਟਿੰਗ 10 ਫਰਵਰੀ ਨੂੰ ਹੋਵੇਗੀ।
ਵਜ਼ੀਰਾਂ ਨੂੰ ਅੰਦਰੋਂ-ਅੰਦਰੀਂ ਖਾ ਰਿਹਾ ਹੈ ਡਰ
ਪੰਜਾਬ ਦੇ ਵਜ਼ੀਰ ਅਤੇ ਵਿਧਾਇਕ ਵੀ ਦਿੱਲੀ ਚੋਣਾਂ ਵਿੱਚ ਜੁਟੇ ਹੋਏ ਹਨ ਜਿਨ੍ਹਾਂ ਵਿੱਚੋਂ ਬਹੁਤਿਆਂ ਦੀ ਜੇਬ ’ਤੇ ਇਹ ਚੋਣਾਂ ਭਾਰੀ ਪੈ ਰਹੀਆਂ ਹਨ। ਬਹੁਤੇ ਵਜ਼ੀਰਾਂ ਨੂੰ ਦਿੱਲੀ ਦੇ ਗੇੜਿਆਂ ਨੇ ਥਕਾ ਦਿੱਤਾ ਹੈ। ਉਨ੍ਹਾਂ ਦੀ ਇੱਕ ਲੱਤ ਪੰਜਾਬ ਤੇ ਦੂਜੀ ਦਿੱਲੀ ਵਿੱਚ ਰਹਿੰਦੀ ਹੈ। ਵਜ਼ੀਰਾਂ ਨੂੰ ਅੰਦਰੋਂ ਅੰਦਰੀ ਡਰ ਹੈ ਕਿ ਜੇ ਉਹ ਦਿੱਲੀ ਚੋਣਾਂ ਦੇ ਪ੍ਰਚਾਰ ਵਿੱਚੋਂ ਆਸੇ ਪਾਸੇ ਹੋ ਗਏ ਤਾਂ ਭਵਿੱਖ ’ਚ ਉਨ੍ਹਾਂ ਦੀ ਝੰਡੀ ਵਾਲੀ ਕਾਰ ’ਤੇ ਵੀ ਸੁਆਲੀਆਂ ਨਿਸ਼ਾਨ ਲੱਗ ਜਾਣਾ ਹੈ।