ਮੰਡੀਆਂ ਵਿੱਚ ਜਾ ਕੇ ਹਕੀਕਤ ਦੇਖਣ ਭਗਵੰਤ ਮਾਨ: ਬਾਜਵਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਅਕਤੂਬਰ
ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਪੰਜਾਬ ਨੂੰ ਚੁਣੌਤੀ ਦਿੱਤੀ ਕਿ ਉਹ ਅਸਲੀ ਹਾਲਾਤ ਦਾ ਸਾਹਮਣਾ ਕਰਨ ਲਈ ਖੁਦ ਅਨਾਜ ਮੰਡੀਆਂ ਦਾ ਦੌਰਾ ਕਰਨ ਜਾਂ ਆਪਣਾ ਅਹੁਦਾ ਛੱਡਣ। ਸ੍ਰੀ ਬਾਜਵਾ ਸੰਗਰੂਰ ਅਨਾਜ ਮੰਡੀ ਦਾ ਦੌਰਾ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਬਾਜਵਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਝੋਨੇ ਦੇ ਸੀਜ਼ਨ ਦੌਰਾਨ ਮੌਜੂਦਾ ਸੰਕਟ ਦਾ ਹੱਲ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇੱਕ ਲੀਡਰ ਦੀ ਲੋੜ ਹੈ ਜੋ ਕਿਸਾਨਾਂ ਦੇ ਨਾਲ ਖੜ੍ਹਾ ਹੋਵੇ ਨਾ ਕਿ ਇੱਕ ਅਜਿਹਾ ਜੋ ਕਿ ਗਲਤ ਯੋਜਨਾਵਾਂ ਦੇ ਪਿੱਛੇ ਲੁਕ ਜਾਵੇ। ਬਾਜਵਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਨੇ ਰਾਜ ਦੇ ਕਿਸਾਨਾਂ ਅਤੇ ਮਿੱਲ ਮਾਲਕਾਂ ਨੂੰ ਆਪਣੇ ਹਾਲ ’ਤੇ ਛੱਡ ਦਿੱਤਾ ਹੈ। ਕਿਸਾਨਾਂ ਨੂੰ ਘਾਟੇ ਵਿਚ ਆਪਣੀ ਫਸਲ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਰਕਾਰ ਦੀ ਤਿਆਰੀ ਦੀ ਕਮੀ ਅਤੇ ਸਟੋਰੇਜ ਦੀਆਂ ਸਹੂਲਤਾਂ ਦੀ ਘਾਟ ਨੇ ਕਿਸਾਨਾਂ ਨੂੰ ਆਰਥਿਕ ਸੰਕਟ ਵਿੱਚ ਧੱਕ ਦਿੱਤਾ ਹੈ। ਬਾਜਵਾ ਨੇ ਕਿਸਾਨਾਂ ਅਤੇ ਚੌਲ ਮਿੱਲ ਮਾਲਕਾਂ ਲਈ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੁਰਿੰਦਰਪਾਲ ਸਿੰਘ ਸਿਬੀਆ, ਰਾਜਿੰਦਰ ਸਿੰਘ ਰਾਜਾ ਬੀਰ ਕਲਾਂ, ਹਰਿੰਦਰਪਾਲ ਸਿੰਘ ਹੈਰੀ ਮਾਨ, ਮਦਨ ਲਾਲ ਜਲਾਲਪੁਰ ਆਦਿ ਮੌਜੂਦ ਸਨ।
ਧੂਰੀ (ਹਰਦੀਪ ਸੋਢੀ/ਪਵਨ ਕੁਮਾਰ ਵਰਮਾ): ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਧੂਰੀ ਅਨਾਜ ਮੰਡੀ ਦਾ ਦੌਰਾ ਕੀਤਾ। ਇਸ ਦੌਰਾਨ ਪ੍ਰਤਾਪ ਬਾਜਵਾ ਨੇ ਝੋਨੇ ਦੀ ਖਰੀਦ ਨਾ ਹੋਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਪੂਰੇ ਪੰਜਾਬ ਦੀਆਂ ਮੰਡੀਆਂ ਦਾ ਦੌਰਾ ਕਰ ਕੇ ਕਿਸਾਨਾਂ ਦਾ ਦੁੱਖ ਸੁਣਿਆ ਜਾ ਰਿਹਾ ਹੈ। ਅਨਾਜ ਮੰਡੀ ਦੇ ਦੌਰੇ ਮੌਕੇ ਕਿਸਾਨਾਂ, ਆੜ੍ਹਤੀਆਂ ਤੇ ਸ਼ੈੱਲਰ ਮਾਲਕਾਂ ਨੇ ਆਪਣੀਆਂ ਮੰਗਾਂ ਸਬੰਧੀ ਪ੍ਰਤਾਪ ਸਿੰਘ ਬਾਜਵਾ ਨੂੰ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ, ਸਾਬਕਾ ਕੌਂਸਲਰ ਗੁਰਬਖਸ਼ ਸਿੰਘ ਗੁੱਡੂ, ਹੰਸ ਰਾਜ ਗੁਪਤਾ, ਸਾਬਕਾ ਸਰਪੰਚ ਹਰਦੀਪ ਸਿੰਘ ਦੋਲਤਪੁਰ, ਅੰਮ੍ਰਿਤ ਬਰਾੜ ਕਾਂਝਲਾ, ਗੁਰਪਿਆਰ ਸਿੰਘ ਧੂਰਾ, ਲਖਮੀਰ ਸਿੰਘ ਬਮਾਲ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।
ਗੰਨਾ ਕਾਸ਼ਤਕਾਰ ਕਿਸਾਨਾਂ ਦਾ ਵਫ਼ਦ ਬਾਜਵਾ ਨੂੰ ਮਿਲਿਆ
ਧੂਰੀ (ਬੀਰਬਲ ਰਿਸ਼ੀ): ਗੰਨਾ ਕਾਸ਼ਤਕਾਰ ਕਿਸਾਨਾਂ ਨੇ ਅੱਜ ਧੂਰੀ ਦੀ ਦਾਣਾ ਮੰਡੀ ਵਿੱਚ ਸੀਨੀਅਰ ਕਾਂਗਰਸੀ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ ਅੰਦਰ ਬੰਦ ਹੋਈ ਗੰਨਾ ਮਿੱਲ ਦਾ ਅਹਿਮ ਮੁੱਦਾ ਵਿਧਾਨ ਸਭਾ ਸੈਸ਼ਨ ’ਚ ਚੁੱਕਣ ਦੀ ਅਪੀਲ ਕੀਤੀ। ਵਫ਼ਦ ਵਿੱਚ ਸ਼ਾਮਲ ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਬੁਗਰਾ ਅਤੇ ਕਿਸਾਨ ਆਗੂ ਤੇ ਗੰਨਾ ਕਾਸ਼ਤਕਾਰ ਕੁਲਦੀਪ ਸਿੰਘ ਆਦਿ ਨੇ ਬਾਜਵਾ ਨੂੰ ਦੱਸਿਆ ਕਿ ਭਾਵੇਂ ਮੁੱਖ ਮੰਤਰੀ ਪੰਜਾਬ ਨੇ ਆਪਣੀ ਸਰਕਾਰ ਆਉਣ ਸਮੇਂ ਹਲਕੇ ਦੇ ਲੋਕਾਂ ਨਾਲ ਹਲਕੇ ਵਿੱਚ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਫੈਕਟਰੀਆਂ ਲਿਆਉਣ ਦੇ ਦਾਅਵੇ ਤੇ ਵਾਅਦੇ ਕੀਤੇ ਸਨ ਪਰ ਫੈਕਟਰੀਆਂ ਲਿਆਉਣਾ ਤਾਂ ਦੂਰ ਦੀ ਗੱਲ ਪਹਿਲਾਂ ਚੱਲ ਰਹੀ ਗੰਨਾ ਮਿੱਲ ਵੀ ਬੰਦ ਹੋ ਕੇ ਰਹਿ ਗਈ। ਆਗੂਆਂ ਨੇ ਦਾਅਵਾ ਕੀਤਾ ਬਾਜਵਾ ਨੇ ਵਫ਼ਦ ਨੂੰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਉਣ ਦਾ ਭਰੋਸਾ ਦਿੱਤਾ।