ਭਗਵੰਤ ਮਾਨ ਪੰਜਾਬ ਦੀ ਸਥਿਤੀ ਵੱਲ ਧਿਆਨ ਦੇਣ: ਨੱਢਾ
ਨਵੀਂ ਦਿੱਲੀ, 20 ਸਤੰਬਰ
ਭਾਜਪਾ ਮੁਖੀ ਜੇਪੀ ਨੱਢਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਦੇ ਨਿੱਜੀ ਹਸਪਤਾਲਾਂ ਦੇ ਬਕਾਏ ਚੁਕਾਉਣ ਲਈ ਕਿਹਾ ਤਾਂ ਜੋ ਆਯੁਸ਼ਮਾਨ ਭਾਰਤ ਯੋਜਨਾ ਦੇ ਲਾਭਪਾਤਰੀਆਂ ਨੂੰ ਉੱਥੇ ਮੁਫ਼ਤ ਸਹੂਲਤਾਂ ਮਿਲ ਸਕਣ। ਉਨ੍ਹਾਂ ਮੁੱਖ ਮੰਤਰੀ ਨੂੰ ਪੰਜਾਬ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਲਈ ਵੀ ਕਿਹਾ। ਸੂਬੇ ਦੇ ਨਿੱਜੀ ਹਸਪਤਾਲਾਂ ਨੇ ਸੂਬਾ ਸਰਕਾਰ ਵੱਲ ਵਧਦੇ ਬਕਾਇਆਂ ਕਾਰਨ ਆਯੁਸ਼ਮਾਨ ਭਾਰਤ ਕਾਰਡ ਧਾਰਕਾਂ ਨੂੰ ਨਕਦੀ ਰਹਿਤ ਇਲਾਜ ਦੇਣਾ ਬੰਦ ਕਰ ਦਿੱਤਾ ਹੈ।
ਕੇਂਦਰੀ ਸਿਹਤ ਮੰਤਰੀ ਨੱਢਾ ਨੇ ਭਗਵੰਤ ਮਾਨ ’ਤੇ ਤਨਜ਼ ਕਰਦਿਆਂ ਕਿਹਾ ਕਿ ਚੰਗਾ ਹੋਵੇ ਜੇ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੀ ਦਿੱਲੀ ਇਕਾਈ ਨੂੰ ਖੁਸ਼ ਕਰਨ ਦੀ ਥਾਂ ਆਪਣੇ ਸੂਬੇ ਦੇ ਮਸਲਿਆਂ ਵੱਲ ਧਿਆਨ ਦੇਣ। ਉਨ੍ਹਾਂ ਐਕਸ ’ਤੇ ਕਿਹਾ, ‘ਮੈਂ ਭਗਵੰਤ ਮਾਨ ਨੂੰ ਅਪੀਲ ਕਰਦਾ ਹਾਂ ਕਿ ਉਹ ਹਸਪਤਾਲਾਂ ਦੇ ਬਕਾਏ ਜਲਦੀ ਤੋਂ ਜਲਦੀ ਚੁਕਾਉਣ ਕਿਉਂਕਿ ਅਜਿਹੇ ਕਈ ਪਰਿਵਾਰ ਹਨ ਖਾਸ ਕਰਕੇ ਸਾਡੇ ਮਿਹਨਤੀ ਕਿਸਾਨ, ਜੋ ਆਯੁਸ਼ਮਾਨ ਭਾਰਤ ਪ੍ਰੋਗਰਾਮ ਤਹਿਤ ਲਾਭ ਲੈ ਰਹੇ ਹਨ।’ ਉਨ੍ਹਾਂ ਅੱਗੇ ਕਿਹਾ, ‘ਦਿੱਲੀ ’ਚ ਪਾਰਟੀ ਦੀ ਇਕਾਈ ਨੂੰ ਖੁਸ਼ ਕਰਨ ਦੀ ਥਾਂ ਚੰਗਾ ਹੋਵੇ ਜੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ’ਚ ਵਿਗੜਦੀ ਸਥਿਤੀ ਵੱਲ ਧਿਆਨ ਦੇਣ।’ ਉਨ੍ਹਾਂ ਸਵਾਲ ਕੀਤਾ ਕਿ ਭਗਵੰਤ ਮਾਨ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਬਕਾਏ ਕਿਉਂ ਨਹੀਂ ਦਿੱਤੇ? ਚੋਣਾਂ ਤੋਂ ਪਹਿਲਾਂ ਉਨ੍ਹਾਂ ਵਧੇਰੇ ਕਲੀਨਿਕਾਂ ਤੇ ਸਿਹਤ ਕੇਂਦਰਾਂ ਦਾ ਵਾਅਦਾ ਕੀਤਾ ਸੀ ਪਰ ਅੱਜ ਉਨ੍ਹਾਂ ਦੀ ਸਰਕਾਰ ਗਰੀਬਾਂ ਲਈ ਕੰਮ ਨਹੀਂ ਕਰ ਰਹੀ। ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਅਕਤੂਬਰ ’ਚ ਆਨਲਾਈਨ ਵੈਕਸੀਨ ਪ੍ਰਬੰਧਨ ਪੋਰਟਲ ਯੂ-ਵਿਨ ਲਾਂਚ ਕਰਨਗੇ। -ਪੀਟੀਆਈ