ਗ਼ੈਰਯੋਜਨਾਬੰਦੀ ਕਾਰਨ ਭਗਵੰਤ ਮਾਨ ਸਰਕਾਰ ਵਿੱਤੀ ਵੈਂਟੀਲੇਟਰ ’ਤੇ: ਰਾਜਾ ਵੜਿੰਗ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 12 ਸਤੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਣਵਿਉਂਤੇ ਰਾਜ ਪ੍ਰਬੰਧ ਕਾਰਨ ਭਗਵੰਤ ਮਾਨ ਸਰਕਾਰ ਵਿੱਤੀ ਵੈਂਟੀਲੇਟਰ ’ਤੇ ਚੱਲ ਰਹੀ ਹੈ। ਉਨ੍ਹਾਂ ਡੱਬਵਾਲੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਨੂੰ ਤਿੰਨ ਸਾਲਾਂ ਵਿੱਚ 91 ਹਜ਼ਾਰ ਕਰੋੜ ਰੁਪਏ ਦੇ ਨਵੇਂ ਕਰਜ਼ੇ ਹੇਠਾਂ ਦੱਬ ਦਿੱਤਾ ਹੈ।
ਉਹ ਅੱਜ ਇੱਥੇ ਡੱਬਵਾਲੀ ਤੋਂ ਕਾਂਗਰਸ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਅਮਿਤ ਸਿਹਾਗ ਦੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਉਣ ਪੁੱਜੇ ਸਨ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਕਾਂਗਰਸ ਦੇ ਪੱਖ ਵਿੱਚ ਇਕਪਾਸੜ ਮਾਹੌਲ ਹੈ। ਪ੍ਰਦੇਸ਼ ਵਿੱਚ 70 ਤੋਂ ਵੱਧ ਸੀਟਾਂ ਦੇ ਨਾਲ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਕਾਂਗਰਸੀ ਰੋਡ ਸ਼ੋਅ ਵਿੱਚ ਵੀ ਹਾਜ਼ਰੀ ਭਰੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਮੁੱਖ ਪੰਜਾਬ ਦੇ ਮੰਤਰੀ ਭਗਵੰਤ ਮਾਨ ਆਖਦੇ ਹਨ ਕਿ ਪੰਜਾਬ ਕੋਲ ਬਹੁਤ ਫੰਡ ਹਨ ਅਤੇ ਉਹ ਕੇਂਦਰ ਕੋਲ ਜਾਂਦੇ ਹੀ ਨਹੀਂ ਅਤੇ ਲਿਖਣਗੇ ਵੀ ਨਹੀਂ। ਦੂਜੇ ਪਾਸੇ ਸੂਬੇ ਦੀ ਮਾੜੀ ਆਰਥਿਕਤਾ ਦਾ ਹਵਾਲਾ ਦੇ ਕੇ 10 ਹਜ਼ਾਰ ਕਰੋੜ ਦੀ ਵਾਧੂ ਕਰਜ਼ਾ ਹੱਦ ਮੰਗੀ ਗਈ ਹੈ। ਇਸ ਮੌਕੇ ਸੀਨੀਅਰ ਕਾਂਗਰਸ ਆਗੂ ਡਾ. ਕੇਵੀ ਸਿੰਘ, ਸੰਗਰੀਆ ਤੋਂ ਵਿਧਾਇਕ ਅਭਿਮੰਨਿਊ ਪੂਨੀਆਂ, ਸਾਬਕਾ ਮੰਤਰੀ ਮਹਿੰਦਰ ਰਿਣਵਾ, ਸਾਬਕਾ ਵਿਧਾਇਕ ਬਲਕੌਰ ਸਿੰਘ ਮੌਜੂਦ ਸਨ।
ਹਰਿਆਣਾ ਨੂੰ ਪੰਜਾਬ ਨਾ ਬਣਨ ਦੇਣਾ, ਉੱਥੇ ਤਾਂ ਸਿਰਫ ਕਿੱਕਲੀ ਪੈਂਦੀ ਐ: ਵੜਿੰਗ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਮਹੀਨੇ ਡੱਬਵਾਲੀ ਰੈਲੀ ਵਿੱਚ ਹਰਿਆਣਾ ਨੂੰ ਪੰਜਾਬ ਵਰਗਾ ਬਣਾਉਣ ਦੇ ਵਾਅਦੇ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਡਿੰਗ ਨੇ ਕਿਹਾ ਕਿ ਹਰਿਆਣਾ ਨੂੰ ਪੰਜਾਬ ਨਾ ਬਣਨ ਦਿਓ। ਹਰਿਆਣਾ ਹੀ ਰਹਿਣ ਦਿਉ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਤਾਂ ਸਿਰਫ਼ ਕਿੱਕਲੀ ਪੈਂਦੀ ਹੈ।