ਗੈਂਗਸਟਰਾਂ ਨੂੰ ਕਾਬੂ ਕਰਨ ’ਚ ਭਗਵੰਤ ਮਾਨ ਸਰਕਾਰ ਨਾਕਾਮ: ਸ਼ੇਖਾਵਤ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 8 ਜੂਨ
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਭਗਵੰਤ ਮਾਨ ਸਰਕਾਰ ਨੂੰ ਗੈਰ ਜ਼ਿੰਮੇਵਾਰਾਨਾ ਠਹਿਰਾਉਂਦਿਆਂ ਕਿਹਾ ਹੈ ਕਿ ਸਰਕਾਰ ਦੀ ਕਾਰਜਸ਼ੈਲੀ ਸਦਕਾ ਅੱਜ ਪੰਜਾਬ ਵਿਚ ਗੈਂਗਸਟਰਾਂ ਅਤੇ ਡਰੱਗ ਮਾਫ਼ੀਆ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦਾ ਅਸਰ ਪੁਲੀਸ ਦੇ ਮਨੋਬਲ ‘ਤੇ ਵੀ ਪਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਸੂਬਾ ਸਰਕਾਰ ਦੀ ਮੰਗ ‘ਤੇ ਅਰਧ ਸਰਕਾਰੀ ਬਲਾਂ ਦੀਆਂ ਹੋਰ ਟੁਕੜੀਆਂ ਵੀ ਭੇਜ ਦਿੱਤੀਆਂ ਪਰ ਇਸ ਦੇ ਬਾਵਜੂਦ ਇੱਥੇ ਦੇ ਹਾਲਾਤ ‘ਚ ਸੁਧਾਰ ਨਹੀਂ ਹੋਇਆ। ਕੇਂਦਰ ਦੀ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਣ ਲਈ ਇੱਥੇ ਪਹੁੰਚੇ ਕੇਂਦਰੀ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੋਂ ਭਾਜਪਾ ਸੱਤਾ ਵਿਚ ਆਈ ਹੈ, ਭਾਰਤ ਦਾ ਨਾਂ ਪੂਰੇ ਵਿਸ਼ਵ ਵਿਚ ਚਮਕਿਆ ਹੈ। ਸ਼ੇਖਾਵਤ ਨੇ ਕਿਹਾ ਕਿ ਕਾਂਗਰਸ ਰਾਜ ਵੇਲੇ ਦੇਸ਼ ਨੇ ਅਸਫ਼ਲਤਾਵਾਂ ਦੇ ਕੀਰਤੀਮਾਨ ਸਥਾਪਿਤ ਕੀਤੇ ਪਰ 2014 ਤੋਂ ਬਾਅਦ ਭਾਰਤ ਨੇ ਹਰ ਖੇਤਰ ਵਿਚ ਤਰੱਕੀ ਕੀਤੀ। ਸਰਕਾਰ ਨੇ ਗਰੀਬਾਂ, ਕਿਸਾਨਾਂ, ਬੇਰੁਜ਼ਗਾਰਾਂ, ਔਰਤਾਂ, ਨੌਜਵਾਨਾਂ ਸਾਰਿਆਂ ਲਈ ਸਕੀਮਾਂ ਬਣਾਈਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਬੀਮਾ ਤਹਿਤ ਕਰੋੜਾਂ ਰੁਪਏ ਮਿਲ ਰਹੇ ਹਨ। ਸਿੰਚਾਈ ਦੀਆਂ ਸਹੂਲਤਾਂ ਮਿਲਣ ਨਾਲ ਫ਼ਸਲ ਦੀ ਪੈਦਾਵਾਰ ਵਧੀ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਕਰੋੜਾਂ ਲਾਭਪਾਤਰੀਆਂ ਨੂੰ ਮੁਫ਼ਤ ਅਨਾਜ ਮਿਲ ਰਿਹਾ ਹੈ। ਪਾਣੀ, ਸੀਵਰੇਜ, ਸੜਕਾਂ ਆਦਿ ਦੀਆਂ ਸਹੂਲਤਾਂ ਮਿਲ ਰਹੀਆਂ ਹਨ। ਤਕਨੀਕੀ ਖੇਤਰ ‘ਚ ਵੀ ਭਾਰਤ ਆਤਮ ਨਿਰਭਰ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਰਤ ਵਿਕਾਸ ਦੀਆਂ ਪੁਲਾਂਘਾ ਪੁੱਟ ਰਿਹਾ ਹੈ, ਪੂਰੇ ਵਿਸ਼ਵ ਵਿਚ ਇਸ ਨੂੰ ਸਨਮਾਨ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ।