ਸ਼ਮਸ਼ਾਨਘਾਟ ਤੋਂ ਸੱਖਣਾ ਪਿੰਡ ਭਗਵਾਨਪੁਰ
ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 25 ਅਗਸਤ
ਕੌਮੀ ਮਾਰਗ ’ਤੇ ਵਸੇ ਪਿੰਡ ਭਗਵਾਨਪੁਰ ਦੀ ਤਾਜਪੁਰ ਤੋਂ ਵੱਖਰੀ ਪੰਚਾਇਤ ਬਣਾਇਆਂ ਨੂੰ ਭਾਵੇਂ ਤਿੰਨ ਦਹਾਕੇ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਪਰ ਸਮੇਂ ਦੀਆਂ ਸਰਕਾਰਾਂ ਤੇ ਪੰਚਾਇਤਾਂ ਪਿੰਡ ਵਿੱਚ ਸ਼ਮਸ਼ਾਨ ਘਾਟ ਨਹੀਂ ਬਣਵਾ ਸਕੀਆਂ। ਇਸ ਲਈ ਮੌਤ ਹੋਣ ਜਾਣ ’ਤੇ ਮ੍ਰਿਤਕ ਦੇਹ ਨੂੰ ਸਸਕਾਰ ਲਈ ਨੇੜਲੇ ਪਿੰਡ ਤਾਜਪੁਰ ਜਾਂ ਫਿਰ ਹੁਸੈਨਪੁਰ ਲਿਜਾਣ ਲਈ ਪਿੰਡ ਵਾਸੀਆਂ ਨੂੰ ਮਜਬੂਰ ਹੋਣਾ ਪੈਂਦਾ ਹੈ।
ਜਾਣਕਾਰੀ ਅਨੁਸਾਰ ਤਾਜਪੁਰ ਤੇ ਭਗਵਾਨਪੁਰ ਦੀ ਸਾਂਝੀ ਪੰਚਾਇਤ ਸੀ। ਤਿੰਨ ਦਹਾਕੇ ਪਹਿਲਾਂ ਪਿੰਡ ਭਗਵਾਨਪੁਰ ਦੀ ਆਬਾਦੀ ਅਤੇ ਵੋਟਾਂ ਵੱਧ ਹੋਣ ਕਾਰਨ ਸਮੇਂ ਦੀ ਸਰਕਾਰ ਨੇ ਪਿੰਡ ਭਗਵਾਨਪੁਰ ਦੀ ਪੰਚਾਇਤ ਵੱਖਰੀ ਬਣਵਾ ਦਿੱਤੀ ਸੀ। ਭਗਵਾਨਪੁਰ ਦੇ ਪਹਿਲੇ ਸਰਪੰਚ ਬਣੇ ਕ੍ਰਿਸ਼ਨ ਲਾਲ ਨੇ ਪਿੰਡ ਵਿੱਚ ਸਰਕਾਰੀ ਗਰਾਂਟਾਂ ਨਾਲ ਵਿਕਾਸ ਕੰਮ ਸ਼ੁਰੂ ਕਰਵਾਏ ਸਨ।
ਭਗਵਾਨਪੁਰ ਵਿੱਚ ਅੱਜ ਵੀ ਤਾਜਪੁਰ ਦੇ ਨਾਲ ਸਾਂਝਾ ਸਰਕਾਰੀ ਸਕੂਲ ਹੈ। ਜਲੰਧਰ-ਨਕੋਦਰ ਮੁੱਖ ਸੜਕ ਜੋ ਹੁਣ ਕੌਮੀ ਮਾਰਗ ਬਣ ਚੁੱਕੀ ਹੈ ’ਤੇ ਪਿੰਡ ਹੋਣ ਕਾਰਨ ਸੜਕ ਦੇ ਚੜ੍ਹਦੇ ਅਤੇ ਲਹਿੰਦੇ ਕਿਨਾਰਿਆਂ ’ਤੇ ਵਾਹੀਯੋਗ ਜ਼ਮੀਨ ’ਤੇ ਵਪਾਰਿਕ ਅਦਾਰਿਆਂ ਨੇ ਆਪਣੇ ਕਾਰੋਬਾਰ ਸ਼ੁਰੂ ਕੀਤੇ ਹੋਏ ਹਨ ਅਤੇ ਕੁਝ ਏਰੀਏ ਵਿੱਚ ਰਿਹਾਇਸ਼ੀ ਕਲੋਨੀਆਂ ਕੱਟੀਆਂ ਹੋਈਆਂ ਹਨ। ਇਨ੍ਹਾਂ ਦੇ ਵਿਕਾਸ ਦਾ ਭਾਰ ਪਿੰਡ ਦੀ ਪੰਚਾਇਤ ’ਤੇ ਹੀ ਪੈਂਦਾ ਹੈ।
ਮਾਲ ਮਹਿਕਮੇ ਅਨੁਸਾਰ ਪਿੰਡ ਭਗਵਾਨਪੁਰ ਦਾ ਕੁੱਲ ਰਕਬਾ ਤਿੰਨ ਸੌ ਏਕੜ ਤੋਂ ਜ਼ਿਆਦਾ ਹੈ ਅਤੇ ਇਸ ਦੀ ਜ਼ਿਆਦਾਤਰ ਖੇਤੀਬਾੜੀ ਜ਼ਮੀਨ ਵਪਾਰਿਕ ਕੰਮਾਂ ਦੀ ਭੇਟ ਚੜ੍ਹ ਚੁੱਕੀ ਹੈ। ਪਿੰਡ ਦੇ ਸਰਪੰਚ ਵਰਿੰਦਰ ਬੱਬੂ ਨੇ ਸ਼ਮਸ਼ਾਨਘਾਟ ਨਾ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਾਲ ਵਿਕਾਸ ਅਤੇ ਪੰਚਾਇਤ ਅਫਸਰ ਜਲੰਧਰ ਪੂਰਬੀ ਦਫਤਰ ਨੂੰ ਪਿੰਡ ਵਿੱਚ ਸ਼ਮਸ਼ਾਨ ਘਾਟ ਬਣਵਾਉਣ ਲਈ ਲਿਖਤੀ ਤੌਰ ’ਤੇ ਦਿੱਤਾ ਜਾ ਚੁੱਕਿਆ ਹੈ।
ਉਨ੍ਹਾਂ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪਿੰਡ ਭਗਵਾਨਪੁਰ ਵਿੱਚ ਸ਼ਮਸ਼ਾਨਘਾਟ ਬਣਾਉਣ ਲਈ ਢੁੱਕਵੀਂ ਕਾਰਵਾਈ ਜਲਦ ਕੀਤੀ ਜਾਵੇ।
ਇਸ ਸਬੰਧੀ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਉਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਜਲੰਧਰ ਪੂਰਬੀ ਕੋਲੋਂ ਪਿੰਡ ਵਿੱਚ ਸ਼ਮਸ਼ਾਨਘਾਟ ਬਣਾਉਣ ਲਈ ਲੋੜੀਂਦੀ ਕਾਰਵਾਈ ਕਰਨ ਲਈ ਜਾਣਕਾਰੀ ਲੈ ਕੇ ਤੁਰੰਤ ਕਾਰਵਾਈ ਕਰਨਗੇ।