ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦੀ ਬਰਸੀ ਅੱਜ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 30 ਜੁਲਾਈ
ਪਿੰਗਲਵਾੜਾ ਵੱਲੋਂ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦੀ 32ਵੀਂ ਬਰਸੀ ਭਲਕੇ 31 ਜੁਲਾਈ ਤੋਂ ਪੰਜ ਅਗਸਤ ਤੱਕ ਮਨਾਈ ਜਾ ਰਹੀ ਹੈ। ਇਸ ਸਬੰਧੀ 31 ਜੁਲਾਈ ਨੂੰ ਪਿੰਗਲਵਾੜੇ ਵਿੱਚ ਰਹਿੰਦੇ ਮਰੀਜ਼ਾਂ ਅਤੇ ਛੋਟੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
ਇਸ ਸਬੰਧੀ ਪਿੰਗਲਵਾੜਾ ਸੰਸਥਾ ਦੀ ਮੁਖੀ ਡਾਕਟਰ ਇੰਦਰਜੀਤ ਕੌਰ ਨੇ ਦੱਸਿਆ ਕਿ ਪਹਿਲੀ ਅਗਸਤ ਨੂੰ ਮਾਨਾਵਾਲਾ ਬਰਾਂਚ ਵਿੱਚ ਖੂਨਦਾਨ ਕੈਂਪ ਲਾਇਆ ਜਾਵੇਗਾ। ਦੋ ਅਗਸਤ ਨੂੰ ਸਿਆਸੀ ਅਤੇ ਸਮਾਜਿਕ ਦਮਨ ਅਤੇ ਇਸ ਦੇ ਵਿਰੁੱਧ ਸੰਘਰਸ਼ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾਵੇਗਾ ,ਜਿਸ ਵਿੱਚ ਡਾਕਟਰ ਸਵਰਾਜ ਬੀਰ, ਡਾਕਟਰ ਨਵਸ਼ਰਨ ਕੌਰ, ਆਲ ਇੰਡੀਆ ਮੁਸਲਿਮ ਵੁਮੈਨ ਪਰਸਨਲ ਬੋਰਡ ਦੀ ਮੁਖੀ ਸਿਆਸਤਾ ਐਂਬਰ , ਹਮੀਰ ਸਿੰਘ, ਗੁਰਚਰਨ ਸਿੰਘ ਨੂਰਪੁਰ, ਕਵਿਤਾ ਸ਼੍ਰੀ ਵਾਸਤਵ ,ਸੁਮੇਲ ਸਿੰਘ ਇਤਿਹਾਸਕਾਰ, ਦਵਿੰਦਰ ਸ਼ਰਮਾ ਤੇ ਹੋਰ ਵਿਦਵਾਨ ਸ਼ਾਮਿਲ ਹੋਣਗੇ ।
ਤਿੰਨ ਅਗਸਤ ਨੂੰ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਹਸਪਤਾਲ ਵਿੱਚ ਭਗਤ ਪੂਰਨ ਸਿੰਘ ਦੀ ਯਾਦ ਨੂੰ ਸਮਰਪਿਤ ਇੱਕ ਇੱਕ ਵਾਰਡ ਖੋਲ੍ਹਿਆ ਜਾਵੇਗਾ। ਚਾਰ ਅਗਸਤ ਨੂੰ ਇਨਾਮ ਵੰਡ ਸਮਾਗਮ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਪੰਜ ਅਗਸਤ ਨੂੰ ਸ਼ਰਧਾਂਜਲੀ ਸਮਾਗਮ ਹੋਵੇਗਾ ਅਤੇ ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ।